19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸਹੀ ਪੋਸਚਰ ਜ਼ਰੂਰੀ ਹੈ ਤੁਹਾਡੀ ਸਰੀਰਕ ਸਿਹਤ ਲਈ

ਅਜੀਤ ਡੈਸਕ 24-10-2025

ਸਹੀ ਪੋਸਚਰ ਨਾ ਸਿਰਫ਼ ਤੁਹਾਡੀ ਸ਼ਖ਼ਸੀਅਤ ਨੂੰ ਆਕਰਸ਼ਕ ਬਣਾਉਂਦਾ ਹੈ, ਸਗੋਂ ਤੁਹਾਡੇ ਸਰੀਰ ਦੇ ਅੰਗਾਂ ਦੇ ਸਿਹਤਮੰਦ ਰਹਿਣ ਲਈ ਜ਼ਰੂਰੀ ਹੈ। ਤੁਹਾਡਾ ਸਰੀਰ ਫਿੱਟ ਰਹੇ ਤੇ ਸਿਹਤ ਸਹੀ ਢੰਗ ਨਾਲ ਆਪਣਾ ਕੰਮ ਕਰੇ, ਇਸ ਲਈ ਜ਼ਰੂਰੀ ਹੈ ਸਹੀ ਪੋਸਚਰ ਅਤੇ ਇਸ ਲਈ ਤੁਹਾਨੂੰ ਆਪਣੀਆਂ ਕੁਝ ਗ਼ਲਤ ਆਦਤਾਂ ਜੋ ਤੁਹਾਡੇ ਉੱਠਣ-ਬੈਠਣ ਨਾਲ ਸੰਬੰਧਿਤ ਹਨ, ਵਿਚ ਸੁਧਾਰ ਲਿਆਉਣਾ ਜ਼ਰੂਰੀ ਹੈ।
ਸਹੀ ਪੋਸਚਰ ਤੁਹਾਡੇ ਲੱਕ 'ਤੇ ਪੈਣ ਵਾਲੇ ਭਾਰ ਨੂੰ ਘੱਟ ਕਰਦਾ ਹੈ ਅਤੇ ਤੁਹਾਡੀਆਂ ਮਾਸਪੇਸ਼ੀਆਂ, ਹੱਡੀਆਂ ਤੇ ਹੋਰ ਸਹਾਇਕ ਅੰਗ ਆਪਣੀ ਸਹੀ ਥਾਂ 'ਤੇ ਰਹਿੰਦੇ ਹਨ। ਇਹ ਵੀ ਦੇਖਣ ਵਿਚ ਆਇਆ ਹੈ ਕਿ ਜੋ ਵਿਅਕਤੀ ਦਫ਼ਤਰ ਵਿਚ ਕੰਮ ਕਰਦੇ ਹਨ ਜਾਂ ਫੀਲਡ ਨੌਕਰੀ ਵਿਚ ਹਨ, ਉਨ੍ਹਾਂ ਨੂੰ ਲੱਕ ਨਾਲ ਸੰਬੰਧਿਤ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਫ਼ਤਰ ਦੀ ਕੁਰਸੀ 'ਤੇ ਕੰਮ ਕਰਦੇ ਸਮੇਂ ਜੋ ਵਿਅਕਤੀ ਆਪਣਾ ਸਿਰ ਤੇ ਗਰਦਨ ਅੱਗੇ ਵੱਲ ਝੁਕਾਅ ਕੇ ਰੱਖਦਾ ਹੈ। ਇਸ ਕਾਰਨ ਗਰਦ ਤੇ ਲੱਕ ਦੇ ਉੱਪਰੀ ਹਿੱਸੇ ਵਿਚ ਦਰਦ ਹੋ ਜਾਂਦਾ ਹੈ।
ਇਸ ਤੋਂ ਇਲਾਵਾ ਗ਼ਲਤ ਪੋਸਚਰ ਕਾਰਨ ਨਿਗ੍ਹਾ ਕਮਜ਼ੋਰ ਪੈਂਦੀ ਹੈ, ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ, ਤਣਾਅ ਰਹਿਣਾ, ਵਜ਼ਨ ਵਧਣਾ, ਸ਼ਖ਼ਸੀਅਤ ਦਾ ਆਕਰਸ਼ਣਹੀਣ ਹੋਣਾ, ਪੈਰਾਂ ਸੰਬੰਧੀ ਤਕਲੀਫ਼ਾਂ ਹੋਣ ਦੀ ਸੰਭਾਵਨਾ ਵੀ ਬਹੁਤ ਜ਼ਿਆਦਾ ਹੋ ਜਾਂਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਤਕਲੀਫ਼ਾਂ ਤੋਂ ਸੁਰੱਖਿਅਤ ਕਿਸ ਤਰ੍ਹਾਂ ਰਹੀਏ ਅਤੇ ਸਹੀ ਪੋਸਚਰ ਕਿਵੇਂ ਸਾਡੇ ਸਰੀਰ ਦੀ ਮਦਦ ਕਰਦਾ ਹੈ।
* ਸਰੀਰ ਦਾ ਸਹੀ ਪੋਸਚਰ ਤੁਹਾਡੇ ਆਤਮ-ਵਿਸ਼ਵਾਸ, ਚੰਗੀ ਸਰੀਰਕ ਤੇ ਮਾਨਸਿਕ ਸਿਹਤ ਦੀ ਝਲਕ ਪੇਸ਼ ਕਰਦਾ ਹੈ। ਇਸ ਨਾਲ ਤੁਹਾਡਾ ਜੀਵਨ ਪ੍ਰਭਾਵਿਤ ਹੁੰਦਾ ਹੈ ਅਤੇ ਤੁਹਾਡੀ ਸ਼ਖ਼ਸੀਅਤ ਤੋਂ ਲੋਕ ਪ੍ਰਭਾਵਿਤ ਹੁੰਦੇ ਹਨ।
* ਤੁਹਾਡੇ ਫੇਫੜਿਆਂ ਦੀ ਤਾਕਤ ਵਿਚ ਸੁਧਾਰ ਆਉਂਦਾ ਹੈ, ਕਿਉਂਕਿ ਉਨ੍ਹਾਂ ਨੂੰ ਫੈਲਣ ਲਈ ਸਹੀ ਥਾਂ ਮਿਲਦਾ ਹੈ ਅਤੇ ਜ਼ਿਆਦਾ ਆਕਸੀਜਨ ਗ੍ਰਹਿਣ ਕਰਨ ਨਾਲ ਤੁਹਾਡੇ ਸਰੀਰ ਨੂੰ ਆਕਸੀਜਨ ਵਾਲੇ ਖੂਨ ਦੀ ਪੂਰਤੀ ਜ਼ਿਆਦਾ ਹੁੰਦੀ ਹੈ। ਸਾਡਾ ਸਰੀਰ ਜ਼ਿਆਦਾ ਚੁਸਤੀ ਨਾਲ ਕੰਮ ਕਰਦਾ ਹੈ।
* ਜੇਕਰ ਤੁਹਾਡਾ ਪੋਸਚਰ ਸਹੀ ਹੈ ਤਾਂ ਤੁਹਾਡਾ ਵਜ਼ਨ ਕੁਝ ਜ਼ਿਆਦਾ ਹੋਣ 'ਤੇ ਵੀ ਤੁਸੀਂ ਪਤਲੇ ਦਿਖਾਈ ਦਿੰਦੇ ਹੋ। ਚੰਗਾ ਪੋਸਚਰ ਤੁਹਾਡੀ ਸ਼ਖ਼ਸੀਅਤ ਵਿਚ ਨਿਖਾਰ ਲਿਆਂਦਾ ਹੈ।
* ਗ਼ਲਤ ਪੋਸਚਰ ਤੁਹਾਡੀਆਂ ਮਾਸਪੇਸ਼ੀਆਂ ਵਿਚ ਤਣਾਅ ਪੈਦਾ ਕਰਦਾ ਹੈ ਅਤੇ ਤੁਹਾਨੂੰ ਮਾਸਪੇਸ਼ੀਆਂ ਸੰਬੰਧੀ ਤਕਲੀਫ਼ਾਂ ਦਿੰਦਾ ਹੈ।
* ਤੁਹਾਡਾ ਸਹੀ ਪੋਸਚਰ ਤੁਹਾਡੇ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਸੁਰੱਖਿਆ ਦਿੰਦਾ ਹੈ ਅਤੇ ਸਹੀ ਪੋਸਚਰ ਕਾਰਨ ਸਾਡੇ ਅੰਦਰੂਨੀ ਅੰਗ, ਅੰਤੜੀਆਂ ਆਦਿ ਸੁਚਾਰੂ ਰੂਪ ਨਾਲ ਕੰਮ ਕਰਨ ਦੇ ਸਮਰੱਥ ਹੁੰਦੇ ਹਨ।
ਹੁਣ ਜਾਣਦੇ ਹਾਂ ਸਹੀ ਪੋਸਚਰ ਰੱਖਣ ਦੇ ਕੁਝ ਸੌਖੇ ਨੁਕਤੇ। ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਆਪਣੇ ਗ਼ਲਤ ਪੋਸਚਰ ਵਿਚ ਕੋਈ ਸੁਧਾਰ ਨਹੀਂ ਲਿਆ ਸਕਦੇ। ਤੁਸੀਂ ਥੋੜ੍ਹੀ ਕੋਸ਼ਿਸ਼ ਤੇ ਸਹੀ ਜਾਣਕਾਰੀ ਨਾਲ ਆਪਣੇ ਪੋਸਚਰ ਵਿਚ ਸੁਧਾਰ ਲਿਆ ਸਕਦੇ ਹੋ। ਆਓ ਜਾਣਦੇ ਹਾਂ :-
* ਲਗਾਤਾਰ ਬੈਠੇ ਰਹਿਣਾ ਤੁਹਾਡੇ ਪੋਸਚਰ ਨੂੰ ਵਿਗਾੜਨ ਵਿਚ ਮਦਦ ਕਰਦਾ ਹੈ। ਇਸ ਲਈ ਲਗਾਤਾਰ ਬਹੁਤ ਦੇਰ ਤੱਕ ਬੈਠੇ ਨਾ ਰਹੋ। ਕੰਮ ਕਰਦੇ ਸਮੇਂ ਆਪਣੀ ਸਰੀਰਕ ਸਥਿਤੀ ਬਦਲਦੇ ਰਹੋ ਭਾਵ ਵਿਚ ਵਿਚਾਲੇ ਖੜ੍ਹੇ ਹੋ ਕੇ ਇਧਰ-ਉਧਰ ਘੁੰਮ ਲਓ। ਘਰ 'ਚ ਹੋ ਤਾਂ ਥੋੜ੍ਹੀ ਦੇਰ ਲੰਮੇ ਪੈ ਜਾਓ।
* ਜੇਕਰ ਤੁਹਾਡੀਆਂ ਮਾਸਪੇਸ਼ੀਆਂ ਲਚੀਲੀਆਂ ਹਨ ਤਾਂ ਤੁਹਾਡਾ ਪੋਸਚਰ ਸਹੀ ਰਹਿੰਦਾ ਹੈ। ਮਾਸਪੇਸ਼ੀਆਂ ਨੂੰ ਆਰਾਮ ਦੇਣ ਲਈ ਸਰੀਰ ਦੀ ਮਸਾਜ ਕਰੋ, ਜਿਸ ਨਾਲ ਮਾਸਪੇਸ਼ੀਆਂ ਵਿਚ ਖੂਨ ਸੰਚਾਰ ਵਧੇਗਾ ਅਤੇ ਮਾਸਪੇਸ਼ੀਆਂ ਵਿਚ ਲਚੀਲਾਪਨ ਆਵੇਗਾ, ਮਾਸਪੇਸ਼ੀਆਂ ਤਣਾਅ-ਮੁਕਤ ਰਹਿਣਗੀਆਂ ਅਤੇ ਤੁਸੀਂ ਚੰਗਾ ਮਹਿਸੂਸ ਕਰੋਗੇ।
* ਜਦੋਂ ਵੀ ਤੁਸੀਂ ਲੱਕ ਦੇ ਭਾਰ ਸੌਂ ਰਹੇ ਹੋਵੋ ਤਾਂ ਆਪਣੇ ਸਿਰ ਤੇ ਮੋਢਿਆਂ ਦੇ ਹੇਠਾਂ ਸਿਰਹਾਣਾ ਰੱਖ ਕੇ ਆਪਣੀ ਰੀੜ੍ਹ ਦੀ ਹੱਡੀ ਨੂੰ ਸਹਾਰਾ ਦਿਓ ਤੇ ਇਕ ਤੌਲੀਆ ਗੋਲ ਕਰ ਕੇ ਗਰਦਨ ਹੇਠਾਂ ਰੱਖੋ ਅਤੇ ਗੋਡਿਆਂ ਦੇ ਹੇਠਾਂ ਵੀ ਇਕ ਸਿਰਹਣਾ ਰੱਖੋ। ਜੇਕਰ ਤੁਸੀਂ ਇਕ ਪਾਸੇ ਸੌਂ ਰਹੇ ਹੋ ਤਾਂ ਵੀ ਸਿਰ ਦੇ ਹੇਠਾਂ ਸਿਰਹਾਣਾ ਰੱਖੋ ਅਤੇ ਧਿਆਨ ਰਹੇ ਕਿ ਤੁਹਾਡੀ ਗਰਦਨ ਨੂੰ ਸਹਾਰਾ ਮਿਲੇ ਅਤੇ ਤੁਹਾਡੇ ਸਿਰ ਤੇ ਰੀੜ੍ਹ ਦੀ ਹੱਡੀ ਨੂੰ ਸੰਤੁਲਨ ਰਹੇ। ਕਦੀ ਵੀ ਪੇਟ ਦੇ ਭਾਰ ਨਾ ਸੌਂਵੋ। ਇਸ ਨਾਲ ਪੇਟ ਤੇ ਲੱਕ ਦੋਵਾਂ ਦੀਆਂ ਮਾਸਪੇਸ਼ੀਆਂ ਪ੍ਰਭਾਵਿਤ ਹੁੰਦੀਆਂ ਹਨ।
* ਕੋਈ ਵੀ ਚੀਜ਼ ਹੇਠੋਂ ਚੁੱਕਦੇ ਸਮੇਂ ਆਪਣੇ ਲੱਕ ਨੂੰ ਕਸ਼ਟ ਨਾ ਦਿਓ। ਆਪਣੇ ਗੋਡਿਆਂ ਦੇ ਭਾਰ ਬੈਠੋ ਅਤੇ ਆਪਣੀਆਂ ਲੱਤਾਂ ਅਤੇ ਪੇਟ ਦੀਆਂ ਮਾਸਪੇਸ਼ੀਆਂ ਦੀ ਸਹਾਇਤਾ ਨਾਲ ਚੀਜ਼ ਚੁੱਕੋ।
* ਬੈਠਦੇ ਸਮੇਂ ਆਪਣੀ ਸੀਟ 'ਤੇ ਸਿਰਹਾਣਾ ਰੱਖੋ, ਤਾਂ ਕਿ ਤੁਹਾਡੇ ਲੱਕ ਦੇ ਹੇਠਲੇ ਹਿੱਸੇ ਨੂੰ ਸਹਾਰਾ ਮਿਲੇ। ਜੇਕਰ ਤੁਹਾਡੇ ਪੈਰ ਫਰਸ਼ ਤੱਕ ਨਹੀਂ ਪਹੁੰਚਦੇ ਤਾਂ ਪੈਰਾਂ ਦੇ ਹੇਠਾਂ ਸਟੂਲ ਰੱਖ ਕੇ ਪੈਰਾਂ ਨੂੰ ਸਹਾਰਾ ਦਿਓ। ਬੈਠਦੇ ਸਮੇਂ ਤੁਹਾਡਾ ਲੱਕ ਸਿੱਧਾ ਹੋਵੇ, ਅੱਗੇ ਵੱਲ ਝੁਕਿਆ ਨਾ ਹੋਵੇ। ਜੋ ਕਿਤਾਬ ਤੁਸੀਂ ਪੜ੍ਹ ਰਹੇ ਹੋ ਜਾਂ ਕੰਪਿਊਟਰ ਦੀ ਸਕਰੀਨ ਤੁਹਾਡੀਆਂ ਅੱਖਾਂ ਦੀ ਸਹੀ ਉਚਾਈ ਤੇ ਦੂਰੀ 'ਤੇ ਹੋਣੀ ਚਾਹੀਦੀ ਹੈ।
* ਫੋਨ 'ਤੇ ਗੱਲ ਕਰਦੇ ਸਮੇਂ ਸਪੀਕਰ ਫੋਨ ਹਮੇਸ਼ਾ ਹੱਥ ਵਿਚ ਫੜਨਾ ਚਾਹੀਦਾ ਨਾ ਕਿ ਤੁਹਾਡੇ ਸਿਰ ਅਤੇ ਮੋਢਿਆਂ ਵਿਚਾਲੇ ਅਟਕਿਆ ਹੋਵੇ।
* ਕੋਈ ਐਕਸਰਸਾਈਜ਼ ਕਰਦੇ ਸਮੇਂ ਆਪਣੇ ਸਰੀਰ ਦੇ ਦੋਵੇਂ ਪਾਸੇ ਦੀ ਵਰਤੋਂ ਕਰੋ। ਇਹ ਨਹੀਂ ਕਿ ਇਕ ਹਿੱਸੇ 'ਤੇ ਜ਼ਿਆਦਾ ਜ਼ੋਰ ਹੋਵੇ ਅਤੇ ਦੂਜੇ ਪਾਸੇ ਦੀ ਵਰਤੋਂ ਹੋ ਹੀ ਨਾ ਹੋ ਰਹੀ ਹੋਵੇ। ਸੰਤੁਲਨ ਬਣਾ ਕੇ ਰੱਖੋ।
* ਚਲਦੇ ਸਮੇਂ ਤੁਹਾਡਾ ਸਿਰ ਉੱਚਾ, ਮੋਢੇ ਤਣੇ ਹੋਏ ਹੋਣੇ ਚਾਹੀਦੇ ਹਨ।
* ਡ੍ਰਾਈਵਿੰਗ ਕਰਦੇ ਸਮੇਂ ਸੀਟ 'ਤੇ ਤਣ ਕੇ ਬੈਠੋ। ਆਪਣੀ ਸੀਟ ਨੂੰ ਇਸ ਤਰ੍ਹਾਂ ਅਡਸਟ ਕਰੋ ਕਿ ਨਾ ਤਾਂ ਤੁਹਾਡੇ ਸਰੀਰ ਨੂੰ ਖਿਚਾਅ ਪਵੇ ਅਤੇ ਨਾ ਹੀ ਅੱਗੇ ਵਾਲੇ ਪਾਸੇ ਝੁਕਣਾ ਪਵੇ
* ਚੰਗਾ ਦਿਸਣ ਤੇ ਸਹੀ ਪੋਸਚਰ ਲਈ ਆਰਾਮ ਬਹੁਤੇ ਜ਼ਰੂਰੀ ਹੈ ਅਤੇ ਚੰਗੀ ਡਾਈਟ ਵੀ। ਇਸ ਲਈ ਚੰਗੀ ਨੀਂਦ ਲਓ, ਤਾਂ ਕਿ ਤੁਹਾਡਾ ਥਕੇ ਹੋਏ ਸਰੀਰ ਨੂੰ ਅਰਾਮ ਮਿਲੇ। ਪੋਸ਼ਟਿਕ ਭੋਜਨ ਤੁਹਾਡੇ ਸਰੀਰਕ ਤੇ ਮਾਨਸਿਕ ਸਿਹਤ ਦੋਵਾਂ ਲਈ ਜ਼ਰੂਰੀ ਹੁੰਦਾ ਹੈ ਅਤੇ ਸਹੀ ਪੋਸਚਰ ਲਈ ਮਨ ਅਤੇ ਸਰੀਰ ਦਾ ਸਿਹਤਮੰਦ ਹੋਣਾ ਜ਼ਰੂਰੀ ਹੁੰਦਾ ਹੈ।
-੦-

ਪਿਛਲੀ ਖ਼ਬਰ ਸਿਹਤ ਦਾ ਖਜ਼ਾਨਾ ਹੈ ਚੰਗੀ ਨੀਂਦ ਅਗਲੀ ਖ਼ਬਰ ਪੇਟ ਦੀਆਂ ਬਿਮਾਰੀਆਂ ਵੱਖੀ ਵਿਚ ਦਰਦ ਕਿਉਂ ਤੇ ਇਲਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।