ਅੱਜ ਦਾ ਮਨੁੱਖ ਜ਼ਿਆਦਾ ਕੰਮ, ਜ਼ਿਆਦਾ ਗੁੱਸਾ, ਜ਼ਿਆਦਾ ਲਾਲਚ, ਜ਼ਿਆਦਾ ਬੇਸਬਰੀ ਕਾਰਨ ਏਨਾ ਅਸ਼ਾਂਤ ਹੋ ਚੁੱਕਾ ਹੈ ਕਿ ਉਹ ਸੁਭਾਵਿਕ ਨੀਂਦ ਲੈਣ ਨੂੰ ਵੀ ਤਰਸਦਾ ਹੈ। ਵੱਡੇ ਸ਼ਹਿਰਾਂ ਦੇ ਲੋਕਾਂ ਵਿਚ 'ਉਨੀਂਦਰਾ' ਇਕ ਆਮ ਬਿਮਾਰੀ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। 'ਉਨੀਂਦਰਾ' ਉਹ ਬਿਮਾਰੀ ਹੈ ਜਦੋਂ ਵਿਅਕਤੀ ਕੋਸ਼ਿਸ਼ ਕਰਨ 'ਤੇ ਵੀ ਰਾਤ ਨੂੰ ਕਾਫ਼ੀ ਦੇਰ ਤੱਕ ਨਾ ਸੌਂ ਸਕੇ।
ਵਾਰ-ਵਾਰ ਨੀਂਦ ਖੁੱਲ੍ਹਣਾ ਜਾਂ ਸੌਂਦੇ ਸਮੇਂ ਦਿਮਾਗ਼ ਦਾ ਸ਼ਾਂਤ ਨਾ ਰਹਿਣਾ ਵੀ ਉਨੀਂਦਰੇ ਦੀ ਨਿਸ਼ਾਨੀ ਹੈ। ਕਦੀ-ਕਦੀ ਮਨ ਦਾ ਕਿਸੇ ਚਿੰਤਾ ਨਾਲ ਅਸ਼ਾਂਤ ਹੋਣਾ ਜਾਂ ਤਣਾਅ ਦਾ ਹੋ ਜਾਣਾ ਇਨਸਾਨ ਵਿਚ ਮਾਨਸਿਕ ਨੁਕਸ ਦੀ ਸਥਿਤੀ ਕਾਰਨ ਹੁੰਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਨੀਂਦ ਪੂਰੀ ਨਹੀਂ ਹੁੰਦੀ ਹੈ। ਨੀਂਦ ਪੂਰੀ ਨਾ ਹੋਣ 'ਤੇ ਇਨਸਾਨ ਪਾਗਲ ਤੱਕ ਹੋ ਸਕਦਾ ਹੈ।
ਨੀਂਦ ਨਾ ਆਉਣ ਨਾਲ ਮਨੁੱਖ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ, ਜਿਸ ਨਾਲ ਕੰਮ ਕਰਨ ਦੀ ਤਾਕਤ ਘੱਟ ਹੋ ਜਾਂਦੀ ਹੈ ਅਤੇ ਦਿਮਾਗ਼ ਦੇ ਟਿਸ਼ੂ ਕਮਜ਼ੋਰ ਪੈ ਜਾਂਦੇ ਹਨ।
ਨੀਂਦ ਕਿੰਨੀ ਸਹੀ ਹੈ, ਇਹ ਉਮਰ 'ਤੇ ਨਿਰਭਰ ਕਰਦਾ ਹੈ। ਛੋਟੇ ਬੱਚਿਆਂ ਲਈ ਇਕ ਦਿਨ ਵਿਚ 18 ਘੰਟੇ ਸੌਣਾ ਸਹੀ ਹੈ। ਚਾਰ ਸਾਲ ਤੱਕ ਦੇ ਬੱਚਿਆਂ ਨੂੰ 10 ਤੋਂ 12 ਘੰਟੇ ਦੀ ਨੀਂਦ ਸਹੀ ਹੈ। ਸਕੂਲ ਜਾਣ ਤੋਂ ਬਾਅਦ ਬੱੇਚ ਦੀ ਨੀਂਦ ਹੌਲੀ-ਹੌਲੀ ਘੱਟ ਹੁੰਦੀ ਚਲੀ ਜਾਂਦੀ ਹੈ। ਫਿਰ ਵੀ 7 ਤੋਂ 8 ਘੰਟੇ ਤੱਕ ਦੀ ਨੀਂਦ ਸਕੂਲੀ ਬੱਚਿਆਂ ਲਈ ਜ਼ਰੂਰੀ ਹੁੰਦੀ ਹੈ। 6 ਘੰਟੇ ਦੀ ਨੀਂਦ ਮਨੁੱਖ ਦੇ ਦਿਮਾਗ਼ ਨੂੰ ਸੰਤੁਲਿਤ ਅਤੇ ਸਿਹਤਮੰਦ ਬਣਾਈ ਰੱਖਣ ਲਈ ਜ਼ਰੂਰੀ ਹੁੰਦੀ ਹੈ।
ਸਰੀਰਕ ਰੋਗ ਹੋਣ 'ਤੇ ਸਮੇਂ ਸਿਰ ਰੋਗ ਦਾ ਇਲਾਜ ਕਰਵਾ ਲੈਣਾ ਚਾਹੀਦਾ ਹੈ। ਸਿਹਤ ਮਾਹਿਰਾਂ ਅਨੁਸਾਰ ਜਦੋਂ ਅਸੀਂ ਗੂੜ੍ਹੀ ਨੀਂਦ ਵਿਚ ਸੌਂਦੇ ਹਾਂ ਤਾਂ ਸਾਡੇ ਸਰੀਰ ਦੇ ਟੁੱਟੇ-ਭੱਜੇ ਤੰਤੂਆਂ ਦੀ ਮੁੜ ਮੁਰੰਮਤ ਹੁੰਦੀ ਹੈ । ਉਸ ਸਮੇਂ ਸਾਡਾ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਰਫ਼ਤਾਰ ਵੀ ਘੱਟ ਹੁੰਦੀ ਹੈ।
ਚੰਗੀ ਨੀਂਦ ਲਈ ਦਵਾਈਆਂ ਦਾ ਸਹਾਰਾ ਨਾ ਲਓ। ਦਵਾਈਆਂ ਸਰੀਰ 'ਤੇ ਉਲਟ ਪ੍ਰਭਾਵ ਪਾਉਂਦੀਆਂ ਹਨ। ਚੰਗੀ ਨੀਂਦ ਲਈ ਕੁਝ ਗੱਲਾਂ ਧਿਆਨ ਵਿਚ ਰੱਖੋ:-
* ਸੌਣ ਦਾ ਕਮਰਾ ਸਾਫ਼ ਅਤੇ ਸ਼ਾਂਤ ਹੋਣਾ ਚਾਹੀਦਾ ਹੈ। ਕਮਰੇ 'ਚ ਰੌਸ਼ਨੀ ਬਹੁਤ ਘੱਟ ਹੋਣੀ ਚਾਹੀਦੀ ਹੈ। ਕਮਰਾ ਹਵਾਦਾਰ ਹੋਣਾ ਚਾਹੀਦਾ ਹੈ।
* ਬਿਸਤਰ ਨਾ ਤਾਂ ਜ਼ਿਆਦਾ ਸਖ਼ਤ ਹੋਣਾ ਚਾਹੀਦਾ ਹੈ, ਨਾ ਜ਼ਿਆਦਾ ਨਰਮ।
* ਸੌਣ ਤੋਂ ਘੱਟੋ ਘੱਟ ਦੋ-ਤਿੰਨ ਘੰਟੇ ਪਹਿਲਾਂ ਹਲਕਾ ਅਤੇ ਪੌਸ਼ਟਿਕ ਭੋਜਨ ਕਰੋ। ਰਾਤ ਨੂੰ ਤਲੀਆਂ ਤੇ ਮਿਰਚ-ਮਸਾਲਿਆਂ ਵਾਲੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰੋ।
* ਰਾਤ ਨੂੰ ਸੌਣ ਤੋਂ ਪਹਿਲਾਂ ਢਿੱਲੇ ਅਤੇ ਸਾਫ਼ ਕੱਪੜੇ ਪਾਓ ਤੇ ਮੂੰਹ, ਹੱਥ ਅਤੇ ਪੈਰ ਧੋ ਕੇ ਮੰਜੇ 'ਤੇ ਜਾਓ।
* ਸਰੀਰ ਨੂੰ ਸੌਂਦੇ ਸਮੇਂ ਢਿੱਲਾ ਛੱਡ ਦਿਓ। ਚਿੰਤਾਮੁਕਤ ਹੋ ਕੇ ਸੌਣ ਦੀ ਕੋਸ਼ਿਸ਼ ਕਰੋ।
* ਸੌਣ ਤੋਂ ਪਹਿਲਾਂ ਪਰਮਾਤਮਾ ਦਾ ਧੰਨਵਾਦ ਕਰੋ, ਜਿਸ ਨੇ ਰਾਤ ਆਰਾਮ ਲਈ ਬਣਾਈ ਹੈ। ਆਤਮ-ਚਿੰਤਨ ਕਰੋ ਅਤੇ ਅਗਲੀ ਸਵੇਰ ਕੀ ਕਰਨਾ ਹੈ, ਯੋਜਨਾ ਬਣਾਓ।
* ਸੌਣ ਤੋਂ ਪਹਿਲਾਂ ਚਾਹ, ਕਾਫ਼ੀ ਜਾਂ ਕਿਸੇ ਨਸ਼ੀਲੀ ਚੀਜ਼ ਦੀ ਵਰਤੋਂ ਨਾ ਕਰੋ।
* ਖਾਲੀ ਪੇਟ ਸੌਣ ਨਾਲ ਵੀ ਨੀਂਦ ਨਹੀਂ ਆਉਂਦੀ, ਇਸ ਲਈ ਭੋਜਨ ਜ਼ਰੂਰ ਕਰੋ। ਜ਼ਿਆਦਾ ਤੇ ਭਾਰੀ ਭੋਜਨ ਨੀਂਦ ਭਜਾਉਂਦਾ ਹੈ, ਇਸ ਤੋਂ ਬਚੋ।
* ਦਿਨ ਵਿਚ ਆਰਾਮ ਕਰੋ, ਸੌਂਵੋ ਨਹੀਂ।
* ਚੰਗਾ ਸੰਗੀਤ ਤੇ ਰੌਚਕ ਪੁਸਤਕਾਂ ਵੀ ਨੀਂਦ ਨੂੰ ਭਜਾਉਂਦੀਆਂ ਹਨ। ਸੌਣ ਤੋਂ ਇਕ ਘੰਟਾ ਪਹਿਲਾਂ ਸੰਗੀਤ ਤੁਸੀਂ ਬੰਦ ਕਰ ਦਿਓ।
* ਸੌਣ ਤੋਂ ਪਹਿਲਾਂ ਕੰਪਿਊਟਰ ਗੇਮ, ਟੀ.ਵੀ. ਅਤੇ ਕੰਪਿੂਟਰ 'ਤੇ ਕੰਮ ਨਾ ਕਰੋ ਜੋ ਨੀਂਦ ਭਜਾਉਣ ਵਿਚ ਸਹਾਇਕ ਹੈ। ਇਨ੍ਹਾਂ ਤੋਂ ਦੂਰੀ ਬਣਾਈ ਰੱਖੋ।
-੦-