21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਲੁਧਿਆਣਾ ਉਪ ਚੋਣ ਦੀ ਅਹਿਮੀਅਤ

ਅਜੀਤ ਡੈਸਕ 21-06-2025

ਪਿਛਲੇ ਕਈ ਹਫ਼ਤਿਆਂ ਤੋਂ ਪੰਜਾਬ ਦੇ ਸਿਆਸੀ ਤੇ ਪੱਤਰਕਾਰੀ ਹਲਕਿਆਂ ਵਿਚ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੀ ਕਾਫ਼ੀ ਚਰਚਾ ਹੁੰਦੀ ਰਹੀ ਹੈ। ਇਹ ਚੋਣ ਆਮ ਆਦਮੀ ਪਾਰਟੀ ਦੇ ਆਗੂ ਤੇ ਇਸ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਬੱਸੀ (ਗੋਗੀ) ਦੇ ਦਿਹਾਂਤ ਕਾਰਨ ਹੋਈ ਹੈ। ਇਸ ਚੋਣ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਵਲੋਂ ਸੰਜੀਵ ਅਰੋੜਾ, ਕਾਂਗਰਸ ਵਲੋਂ ਭਾਰਤ ਭੂਸ਼ਣ ਆਸ਼ੂ, ਭਾਜਪਾ ਵਲੋਂ ਜੀਵਨ ਗੁਪਤਾ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਪਰਉਪਕਾਰ ਸਿੰਘ ਘੁੰਮਣ ਚੋਣ ਮੈਦਾਨ ਵਿਚ ਹਨ। ਇਨ੍ਹਾਂ ਤੋਂ ਇਲਾਵਾ 10 ਹੋਰ ਉਮੀਦਵਾਰ ਵੀ ਚੋਣ ਲੜ ਰਹੇ ਹਨ।
ਪਿਛਲੇ ਕਈ ਹਫ਼ਤਿਆਂ ਤੋਂ ਚਾਰੇ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਚੋਣ ਮੈਦਾਨ ਭਖਾ ਰੱਖਿਆ ਸੀ। ਆਮ ਆਦਮੀ ਪਾਰਟੀ ਨੇ ਤਾਂ ਚੋਣਾਂ ਦਾ ਐਲਾਨ ਹੋਣ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ ਤੇ ਉਸ ਸਮੇਂ ਤੋਂ ਹੀ ਉਹ ਉੱਥੇ ਚੋਣ ਸਰਗਰਮੀਆਂ ਵਿਚ ਰੁੱਝੇ ਹੋਏ ਸਨ। ਉਨ੍ਹਾਂ ਦੀ ਚੋਣ ਮੁਹਿੰਮ ਵਿਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਦਿੱਲੀ ਦੇ ਸਾਬਕ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਵਲੋਂ ਸਰਗਰਮੀ ਨਾਲ ਸ਼ਿਰਕਤ ਕੀਤੀ ਗਈ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਨੇ ਵੀ ਇਹ ਚੋਣ ਜੀ-ਜਾਨ ਨਾਲ ਲੜੀ ਹੈ। ਭਾਵੇਂ ਕਿ ਕਈ ਅਵਸਰਾਂ 'ਤੇ ਇਸ ਦੇ ਸੀਨੀਅਰ ਲੀਡਰਾਂ ਵਿਚ ਮੱਤਭੇਦ ਵੀ ਉਭਰਦੇ ਨਜ਼ਰ ਆਏ ਹਨ। ਭਾਜਪਾ ਬਾਰੇ ਪਹਿਲਾਂ ਪ੍ਰਭਾਵ ਇਹ ਬਣਿਆ ਸੀ ਕਿ ਉਹ ਆਪਣੀ ਮੁਹਿੰਮ ਜ਼ੋਰ-ਸ਼ੋਰ ਨਾਲ ਨਹੀਂ ਚਲਾ ਰਹੀ ਪਰ ਬਾਅਦ ਵਿਚ ਭਾਜਪਾ ਦੇ ਪੰਜਾਬ ਦੇ ਸੀਨੀਅਰ ਲੀਡਰਾਂ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵਲੋਂ ਲੁਧਿਆਣਾ 'ਚ ਆ ਕੇ ਪ੍ਰਚਾਰ ਕਰਨ ਨਾਲ ਭਾਜਪਾ ਦੀ ਚੋਣ ਮੁਹਿੰਮ ਵੀ ਕਾਫ਼ੀ ਤਿੱਖੀ ਹੋਈ ਨਜ਼ਰ ਆਈ। ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਇਸ ਸਮੇਂ ਧੜੇਬੰਦੀ ਦਾ ਸ਼ਿਕਾਰ ਹੈ ਅਤੇ 2022 ਦੀਆਂ ਚੋਣਾਂ ਤੋਂ ਬਾਅਦ ਅਜੇ ਤੱਕ ਵੀ ਲੋਕਾਂ ਦਾ ਵੱਡੀ ਪੱਧਰ 'ਤੇ ਵਿਸ਼ਵਾਸ ਜਿੱਤਣ ਵਿਚ ਸਫ਼ਲ ਨਹੀਂ ਹੋਇਆ ਹੈ, ਨੇ ਵੀ ਇਸ ਚੋਣ ਨੂੰ ਕਾਫ਼ੀ ਸ਼ਿੱਦਤ ਨਾਲ ਲੜਿਆ ਹੈ। ਉਸ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਸ਼ਹਿਰ ਦੇ ਲੋਕਾਂ ਵਿਚ ਕਾਫ਼ੀ ਮਕਬੂਲ ਦੱਸੇ ਜਾਂਦੇ ਹਨ ਅਤੇ ਉਨ੍ਹਾਂ ਨੇ ਨਿਰੰਤਰ ਪ੍ਰਚਾਰ ਕਰ ਕੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਹੈ ਕਿ ਅਕਾਲੀ ਦਲ ਵੀ ਪੂਰੀ ਗੰਭੀਰਤਾ ਨਾਲ ਚੋਣ ਲੜ ਰਿਹਾ ਹੈ।
ਪਰ ਇਸ ਸਭ ਦੇ ਬਾਵਜੂਦ 19 ਜੂਨ ਨੂੰ ਜੋ ਵੋਟਾਂ ਪਈਆਂ ਹਨ ਉਸ ਵਿਚ ਸ਼ਹਿਰ ਦੇ ਲੋਕਾਂ ਦੀ ਬਹੁਤੀ ਦਿਲਚਸਪੀ ਨਜ਼ਰ ਨਹੀਂ ਆਈ। ਪੰਜਾਬ ਸਮੇਤ ਪੂਰੇ ਦੇਸ਼ ਵਿਚ ਚਾਰ ਰਾਜਾਂ ਦੀਆਂ 5 ਵਿਧਾਨ ਸਭਾ ਸੀਟਾਂ ਤੋਂ ਇਸੇ ਦਿਨ ਉਪ ਚੋਣਾਂ ਹੋਈਆਂ ਹਨ। ਪੰਜਾਬ ਵਿਚ ਲੁਧਿਆਣਾ ਪੱਛਮੀ ਵਿਚ ਸਿਰਫ਼ 51.33 ਫ਼ੀਸਦੀ ਵੋਟਾਂ ਪਈਆਂ ਹਨ, ਜਦੋਂ ਕਿ ਪੱਛਮੀ ਬੰਗਾਲ, ਗੁਜਰਾਤ ਤੇ ਕੇਰਲ ਵਿਚ ਕਾਫੀ ਵੋਟਾਂ ਭੁਗਤੀਆਂ ਹਨ। ਪੱਛਮੀ ਬੰਗਾਲ ਦੀ ਕਾਲੀਗੰਜ ਸੀਟ 'ਤੇ 69.89 ਫ਼ੀਸਦੀ, ਕੇਰਲ ਦੀ ਨਿਲੰਬਰ ਸੀਟ 'ਤੇ 73.26 ਫ਼ੀਸਦੀ ਅਤੇ ਗੁਜਰਾਤ ਦੀ ਵਿਸਵਾਦਰ ਸੀਟ 'ਤੇ 54.61 ਫ਼ੀਸਦੀ ਅਤੇ ਕਡੀ ਸੀਟ 'ਤੇ 54.49 ਫ਼ੀਸਦੀ ਵੋਟਾਂ ਪਈਆਂ ਹਨ। ਪੰਜਾਬ ਵਿਚ ਵੋਟਾਂ ਘੱਟ ਪੈਣ ਦੇ ਕੀ ਕਾਰਨ ਰਹੇ ਹਨ ਜਾਂ ਪੰਜਾਬ ਦੇ ਲੋਕ ਚੋਣਾਂ ਤੋਂ ਬਦਜ਼ਾਨ ਕਿਉਂ ਹੋ ਰਹੇ ਹਨ? ਇਸ ਸੰਬੰਧੀ ਸਾਰੀਆਂ ਪਾਰਟੀਆਂ ਨੂੰ ਸੋਚਣ ਦੀ ਲੋੜ ਹੈ। ਜਦੋਂ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਲੁਧਿਆਣਾ ਪੱਛਮੀ ਦੇ ਇਸੇ ਹਲਕੇ ਵਿਚ 64.29 ਫ਼ੀਸਦੀ ਪੋਲਿੰਗ ਹੋਈ ਸੀ। ਇਸ ਗੱਲ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਜਾ ਸਕਦੀ ਹੈ ਕਿ ਵੋਟਾਂ ਪੁਰ-ਅਮਨ ਢੰਗ ਨਾਲ ਪਈਆਂ ਹਨ ਤੇ ਇਨ੍ਹਾਂ ਦੌਰਾਨ ਕੋਈ ਬਹੁਤੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਭਾਵੇਂ ਕਿ ਵਿਰੋਧੀ ਪਾਰਟੀਆਂ ਵਲੋਂ ਚੋਣ ਮੁਹਿੰਮ ਦੌਰਾਨ ਸੱਤਾਧਾਰੀ ਪਾਰਟੀ 'ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੇ ਦੋਸ਼ ਜ਼ਰੂਰ ਲਗਾਏ ਜਾਂਦੇ ਰਹੇ ਸਨ।
ਜਿਸ ਤਰ੍ਹਾਂ ਕਿ ਅਸੀਂ ਉੱਪਰ ਕਿਹਾ ਹੈ ਕਿ ਭਾਵੇਂ ਕਿਸੇ ਪ੍ਰਾਂਤ ਦੀ ਸਿਆਸਤ ਵਿਚ ਇਕ ਉਪ ਚੋਣ ਦਾ ਜ਼ਿਆਦਾ ਮਹੱਤਵ ਨਹੀਂ ਹੁੰਦਾ, ਪਰ ਕਿਉਂਕਿ ਇਹ ਚੋਣਾਂ ਸਾਰੀਆਂ ਸੰਬੰਧਿਤ ਸਿਆਸੀ ਪਾਰਟੀਆਂ ਵਲੋਂ ਡੇਢ ਸਾਲ ਬਾਅਦ 2027 ਵਿਚ ਰਾਜ ਦੀ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਆਮ ਚੋਣਾਂ ਨੂੰ ਮੁੱਖ ਰੱਖ ਕੇ ਲੜੀਆਂ ਗਈਆਂ ਹਨ। ਇਸੇ ਲਈ ਇਨ੍ਹਾਂ ਪਾਰਟੀਆਂ ਵਲੋਂ ਵਧੇਰੇ ਜ਼ੋਰ ਲਗਾਇਆ ਗਿਆ ਹੈ। ਆਮ ਆਦਮੀ ਪਾਰਟੀ ਇਹ ਚੋਣ ਜਿੱਤ ਕੇ ਇਹ ਸਾਬਿਤ ਕਰਨਾ ਚਾਹੁੰਦੀ ਹੈ ਕਿ ਸਾਢੇ ਤਿੰਨ ਸਾਲ ਦੇ ਰਾਜ ਤੋਂ ਬਾਅਦ ਵੀ ਲੋਕਾਂ ਵਿਚ ਉਸ ਦਾ ਆਧਾਰ ਬਣਿਆ ਹੋਇਆ ਹੈ ਅਤੇ ਉਹ 2027 ਵਿਚ ਵੀ ਮੁੜ ਸਰਕਾਰ ਬਣਾ ਸਕਦੀ ਹੈ। ਕਾਂਗਰਸ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਨਹੀਂ ਦੇ ਸਕੀ, ਅਮਨ ਕਾਨੂੰਨ ਦੀ ਸਥਿਤੀ ਬੇਹੱਦ ਖ਼ਰਾਬ ਹੈ ਅਤੇ ਲੋਕਾਂ ਨਾਲ ਕੀਤੇ ਗਏ ਬਹੁਤੇ ਵਾਅਦੇ ਵੀ ਪੂਰੇ ਨਹੀਂ ਹੋਏ, ਇਸ ਕਰਕੇ 2027 ਦੀਆਂ ਚੋਣਾਂ ਵਿਚ ਲੋਕ ਸੁਭਾਵਿਕ ਤੌਰ 'ਤੇ ਕਾਂਗਰਸ ਪਾਰਟੀ ਨੂੰ ਸਮਰਥਨ ਦੇਣਗੇ। ਭਾਜਪਾ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ 2027 ਦੀਆਂ ਚੋਣਾਂ ਲਈ ਸਿਰਫ਼ ਕਾਂਗਰਸ ਤੇ ਆਮ ਆਦਮੀ ਪਾਰਟੀ ਦਰਮਿਆਨ ਹੀ ਮੁਕਾਬਲਾ ਨਹੀਂ ਹੈ, ਉਹ ਵੀ ਰਾਜ ਦੀਆਂ ਸਾਰੀਆਂ 117 ਸੀਟਾਂ ਲੜ ਕੇ ਸਰਕਾਰ ਬਣਾਉਣ ਦੀ ਦਾਅਵੇਦਾਰ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਇਸ ਸੀਟ ਤੋਂ ਉਸ ਨੂੰ 45,000 ਦੇ ਲਗਭਗ ਵੋਟਾਂ ਮਿਲੀਆਂ ਸਨ, ਉਹ ਕਿਸੇ ਵੀ ਸੂਰਤ ਵਿਚ ਆਪਣੇ ਇਸ ਵੋਟ ਆਧਾਰ ਤੋਂ ਵੱਧ ਵੋਟਾਂ ਲੈਣਾ ਚਾਹੁੰਦੀ ਹੈ। ਉਂਝ ਵੀ ਉਸ ਦਾ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਰਾਜ ਵਿਚ ਵੋਟ ਆਧਾਰ ਵਧ ਕੇ 18 ਫ਼ੀਸਦੀ ਹੋ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਇਹ ਦਰਸਾਉਣਾ ਚਾਹੁੰਦਾ ਹੈ ਕਿ ਭਾਵੇਂ ਪਿਛਲੇ ਸਮੇਂ ਵਿਚ ਇਸ ਅੰਦਰ ਕਾਫ਼ੀ ਟੁੱਟ-ਭੱਜ ਹੋਈ ਹੈ ਪਰ ਇਸ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਆਪਣੇ ਸਮਰਥਕਾਂ ਦੀ ਸਹਾਇਤਾ ਨਾਲ ਮੁੜ ਤੋਂ ਪ੍ਰਧਾਨ ਬਣਨ ਵਿਚ ਸਫ਼ਲ ਹੋਏ ਹਨ ਤੇ ਅਕਾਲੀ ਦਲ ਮੁੜ ਉਭਰਨ ਲਈ ਯਤਨਸ਼ੀਲ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਹੀ ਰਾਜ ਵਿਚ ਮੁੱਖ ਅਕਾਲੀ ਦਲ ਹੈ ਅਤੇ ਆਉਣ ਵਾਲੇ ਸਮੇਂ ਵਿਚ ਰਾਜ ਦੀ ਰਾਜਨੀਤੀ ਵਿਚ ਉਹ ਹੀ ਫ਼ੈਸਲਾਕੁੰਨ ਰੋਲ ਨਿਭਾਏਗਾ। ਉਹ ਵਧੇਰੇ ਵੋਟਾਂ ਹਾਸਿਲ ਕਰਕੇ ਭਾਜਪਾ ਨੂੰ ਵੀ ਇਹ ਸੰਕੇਤ ਦੇਣਾ ਚਾਹੁੰਦਾ ਹੈ ਕਿ ਰਾਜ ਦੇ ਸਿਆਸੀ ਹਲਕਿਆਂ ਵਿਚ ਉਹ ਗ਼ੈਰ-ਪ੍ਰਸੰਗਿਕ ਨਹੀਂ ਹੈ।
ਸਿਆਸੀ ਪਾਰਟੀਆਂ ਦੇ ਇਨ੍ਹਾਂ ਸਾਰੇ ਦਾਅਵਿਆਂ ਦੇ ਬਾਵਜੂਦ ਇਹ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੁਕਾਬਲਾ ਇਨ੍ਹਾਂ ਚੋਣਾਂ ਵਿਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਹੀ ਸੀ, ਪਰ ਇਹ ਦੇਖਣਾ ਬਣਦਾ ਹੈ ਕਿ 23 ਜੂਨ ਨੂੰ ਜਦੋਂ ਇਸ ਜ਼ਿਮਨੀ ਚੋਣ ਦੇ ਨਤੀਜੇ ਸਾਹਮਣੇ ਆਉਣਗੇ, ਤਾਂ ਕਿਹੜੀ ਪਾਰਟੀ ਬਾਜ਼ੀ ਮਾਰਨ ਵਿਚ ਸਫ਼ਲ ਹੁੰਦੀ ਹੈ। ਬਿਨਾਂ ਸ਼ੱਕ ਇਸ ਪ੍ਰਸੰਗ ਵਿਚ ਇਹ ਉਪ ਚੋਣ ਕਾਫ਼ੀ ਮਹੱਤਵਪੂਰਨ ਕਹੀ ਜਾ ਸਕਦੀ ਹੈ।

ਪਿਛਲੀ ਖ਼ਬਰ ਪਾਰਦਰਸ਼ੀ ਨਹੀਂ ਹਨ ਸਰਕਾਰ ਦੀਆਂ ਟੈਕਸ ਵਸੂਲੀ ਸੰਬੰਧੀ ਨੀਤੀਆਂ ਅਗਲੀ ਖ਼ਬਰ ਨੀਤੀਆਂ ਅਤੇ ਯੋਜਨਾਵਾਂ ਉਦੋਂ ਠੁੱਸ ਹੋ ਜਾਂਦੀਆਂ ਹਨ, ਜਦੋਂ ਉਨ੍ਹਾਂ 'ਤੇ ਅਮਲ ਕਰਵਾਉਣ ਵਾਲਿਆਂ ਦਾ ਆਪਣਾ ਵਿਵਹਾਰ ਨੀਤੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।