ਪੰਜਾਬ ਵਿਚ ਪਿਛਲੇ ਸਿਰਫ਼ ਦੋ ਦਿਨਾਂ ਵਿਚ ਦੋ ਵੱਡੇ ਸ਼ਹਿਰਾਂ 'ਚ ਦੋ ਵੱਡੇ ਸਾਈਬਰ ਧੋਖਾਧੜੀ ਗਰੋਹਾਂ ਦਾ ਪਰਦਾਫਾਸ਼ ਹੋਣ ਨਾਲ ਇਕ ਪਾਸੇ ਜਿੱਥੇ ਇਸ ਵਿਸ਼ਾਲ ਨੈੱਟਵਰਕ 'ਤੇ ਸ਼ਿਕੰਜਾ ਕੱਸੇ ਜਾਣ ਦੀ ਸੰਭਾਵਨਾ ਵਧੀ ਹੈ, ਉੱਥੇ ਇਹ ਵੀ ਪਤਾ ਲਗਦਾ ਹੈ ਕਿ ਪੰਜਾਬ 'ਚ ਸਾਈਬਰ ਠੱਗਾਂ ਦਾ ਕਿੰਨਾ ਵੱਡਾ ਜਾਲ ਫੈਲਿਆ ਹੋਇਆ ਹੈ। ਪਹਿਲੀ ਘਟਨਾ ਵਿਚ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਸ਼ਹਿਰ ਦੇ ਇਕ ਹੋਟਲ 'ਚ ਪੂਰੀ ਸਰਗਰਮੀ ਨਾਲ ਚਲਾਏ ਜਾ ਰਹੇ ਇਸ ਗਰੋਹ ਦੇ 39 ਮੈਂਬਰਾਂ ਨੂੰ 39 ਲੈਪਟਾਪ ਤੇ ਹੋਰ ਸੰਬੰਧਿਤ ਸਾਮਾਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ 39 ਮੈਂਬਰਾਂ 'ਚ 6 ਕੁੜੀਆਂ ਵੀ ਸ਼ਾਮਿਲ ਹਨ। ਛਾਪੇਮਾਰੀ ਦੌਰਾਨ ਇਸ ਗ਼ੈਰਕਾਨੂੰਨੀ ਕਾਲ ਸੈਂਟਰ 'ਚ ਸਾਰੇ ਕੰਪਿਊਟਰਾਂ 'ਤੇ ਜਾਲਸਾਜ਼ੀ ਦਾ ਕੰਮ ਕੀਤਾ ਜਾ ਰਿਹਾ ਸੀ, ਜਿਨ੍ਹਾਂ ਨੂੰ ਅਧਿਕਾਰੀਆਂ ਨੇ ਆਪਣੇ ਕਬਜ਼ੇ 'ਚ ਲੈ ਲਿਆ। ਇਸ ਕਾਲ ਸੈਂਟਰ ਤੋਂ ਜ਼ਿਆਦਾਤਰ ਅਮਰੀਕਾ, ਬ੍ਰਿਟੇਨ ਤੇ ਕੈਨੇਡਾ ਵਰਗੇ ਦੇਸ਼ਾਂ ਦੇ ਲੋਕਾਂ ਨੂੰ ਠੱਗੀ ਦਾ ਨਿਸ਼ਾਨਾ ਬਣਾਇਆ ਜਾਂਦਾ ਸੀ। ਦੂਜੀ ਘਟਨਾ ਅੰਮ੍ਰਿਤਸਰ ਦੀ ਹੈ, ਜਿੱਥੇ ਲੋਕਾਂ ਨੂੰ ਇਕ ਗ਼ੈਰਕਾਨੂੰਨੀ ਕਾਲ ਸੈਂਟਰ ਰਾਹੀਂ 'ਬਲੈਕਮੇਲ' ਕੀਤਾ ਜਾ ਰਿਹਾ ਸੀ। ਇੱਥੇ ਇਕ ਸਮੇਂ 'ਚ 80 ਤੋਂ ਵੱਧ ਲੜਕੀਆਂ ਕੰਮ ਕਰ ਰਹੀਆਂ ਸਨ। ਹਰਿਆਣਾ ਦੇ ਲਾਡਵਾ ਵਿਚ ਵੀ ਅਜਿਹੇ ਗ਼ੈਰਕਾਨੂੰਨੀ ਕਾਲ ਸੈਂਟਰ 'ਤੇ ਛਾਪੇਮਾਰੀ ਦੀ ਖ਼ਬਰ ਹੈ। ਇਨ੍ਹਾਂ ਕਾਲ ਸੈਂਟਰਾਂ ਦਾ ਮੁੱਖ ਕੰਮ ਸਾਫਟਵੇਅਰ ਦੇ ਜ਼ਰੀਏ ਅਮੀਰ ਵਿਅਕਤੀਆਂ ਅਤੇ ਕੰਪਨੀਆਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਪਤਾ ਕਰਕੇ ਉਨ੍ਹਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣਾ ਹੁੰਦਾ ਹੈ। ਇਹ ਗਰੋਹ ਲੰਬੇ ਸਮੇਂ ਤੋਂ ਦੇਸ਼-ਵਿਦੇਸ਼ਾਂ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਲੁੱਟ ਰਹੇ ਸਨ ਪਰ ਸਾਈਬਰ ਜਾਗਰੂਕਤਾ ਵਿਭਾਗ ਦੇ ਅਧਿਕਾਰੀਆਂ ਦੀ ਚੌਕਸੀ ਕਾਰਨ ਇਹ ਵਿਅਕਤੀ ਕਾਨੂੰਨ ਦੇ ਜਾਲ 'ਚ ਫਸੇ ਹਨ।
ਦੇਸ਼ 'ਚ ਸਾਈਬਰ ਅਪਰਾਧੀਆਂ ਦਾ ਇਕ ਵਿਸ਼ਾਲ ਨੈੱਟਵਰਕ ਲੰਬੇ ਸਮੇਂ ਤੋਂ ਸਰਗਰਮ ਹੈ। ਦੇਸ਼ ਤੇ ਵਿਦੇਸ਼ਾਂ 'ਚ ਇਨ੍ਹਾਂ ਅਪਰਾਧੀਆਂ ਦੇ ਵੱਖ-ਵੱਖ ਗਰੋਹ ਕੰਮ ਕਰਦੇ ਹਨ। ਇਹ ਸਿਖਲਾਈ ਪ੍ਰਾਪਤ ਅਪਰਾਧੀ ਬੈਂਕਿੰਗ ਜ਼ਰੀਏ 'ਬਲੈਕਮੇਲਿੰਗ' ਜਾਂ ਸਾਈਬਰ ਗ੍ਰਿਫ਼ਤਾਰੀ (ਡਿਜੀਟਲ ਅਰੈਸਟ) ਰਾਹੀਂ ਲੋਕਾਂ ਨੂੰ ਲੁੱਟਦੇ ਤੇ ਪ੍ਰੇਸ਼ਾਨ ਕਰਦੇ ਹਨ। ਪੰਜਾਬ 'ਚ ਵੀ ਲੰਬੇ ਸਮੇਂ ਤੋਂ ਇਨ੍ਹਾਂ ਗਰੋਹਾਂ ਦੀਆਂ ਗਤੀਵਿਧੀਆਂ ਦਾ ਪਤਾ ਲਗਦਾ ਰਿਹਾ ਹੈ। ਹਾਲ ਹੀ 'ਚ ਮੁਹਾਲੀ ਦੇ ਇਕ ਬਜ਼ੁਰਗ ਨਾਗਰਿਕ ਨੂੰ ਸਾਈਬਰ ਧੋਖਾਧੜੀ ਰਾਹੀਂ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ 1.5 ਕਰੋੜ ਰੁਪਏ ਠੱਗ ਲਏ ਜਾਣ ਦੀ ਘਟਨਾ ਦਾ ਪਤਾ ਲੱਗਾ ਹੈ। ਇਸੇ ਤਰ੍ਹਾਂ ਕਪੂਰਥਲਾ ਦੇ ਸਾਈਬਰ ਠੱਗਾਂ ਦੁਆਰਾ ਇਕ ਹੀ ਬੈਂਕ 'ਚ 300 ਤੋਂ ਵੱਧ ਫ਼ਰਜ਼ੀ ਖਾਤੇ ਖੋਲ੍ਹ ਕੇ ਕਰੋੜਾਂ ਰੁਪਏ ਦੇ ਜਾਅਲੀ ਲੈਣ-ਦੇਣ ਕਰਨ ਦੀ ਖ਼ਬਰ ਵੀ ਕੁਝ ਦਿਨ ਪਹਿਲਾਂ ਦੀ ਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਬੇਸ਼ੱਕ ਇਸ ਨੈੱਟਵਰਕ ਦੇ ਛੋਟੇ-ਮੋਟੇ ਗਰੋਹ ਭਾਰਤ ਤੇ ਪੰਜਾਬ ਦੇ ਕਈ ਸ਼ਹਿਰਾਂ 'ਚ ਸਰਗਰਮ ਹੋ ਸਕਦੇ ਹਨ ਪਰ ਇਨ੍ਹਾਂ ਦਾ ਮੁੱਖ ਕੇਂਦਰ ਵਿਦੇਸ਼ਾਂ ਵਿਚ ਹੁੰਦਾ ਹੈ। ਪਿਛਲੇ ਦਿਨੀਂ ਕੰਬੋੋਡੀਆ 'ਚ ਸਰਗਰਮ ਸਾਈਬਰ ਠੱਗਾਂ ਦੇ ਇਕ ਅਜਿਹੇ ਹੀ ਵੱਡੇ ਗਰੋਹ ਦਾ ਪਤਾ ਲੱਗਾ ਸੀ। ਫਗਵਾੜਾ 'ਚ ਜਿਸ ਗਰੋਹ ਦਾ ਪਰਦਾਫਾਸ਼ ਹੋਇਆ ਹੈ, ਉਸ ਦੇ ਤਾਰ ਵੀ ਵਿਦੇਸ਼ੀ ਧਰਤੀ ਨਾਲ ਜੁੜੇ ਹਨ।
ਸਾਈਬਰ ਸੈੱਲ ਨੇ ਹੁਣ ਤੱਕ ਜੋ ਜਾਣਕਾਰੀ ਉਪਲਬੱਧ ਕਰਵਾਈ ਹੈ, ਉਸ ਅਨੁਸਾਰ ਇਹ ਗਰੋਹ ਅੰਤਰਰਾਜੀ ਪੱਧਰ 'ਤੇ ਕੰਮ ਕਰ ਰਹੇ ਸਨ, ਜਿਨ੍ਹਾਂ ਦਾ ਨੈੱਟਵਰਕ ਦੇਸ਼ ਦੇ ਲਗਭਗ ਸਭ ਸੂਬਿਆਂ ਦੀਆਂ ਰਾਜਧਾਨੀਆਂ ਤੇ ਵੱਡੇ ਸ਼ਹਿਰਾਂ 'ਚ ਸਰਗਰਮ ਹੈ। ਫਗਵਾੜਾ 'ਚ ਗ੍ਰਿਫ਼ਤਾਰ ਕੀਤੇ ਗਏ 39 ਵਿਅਕਤੀ ਦੇਸ਼ ਭਰ ਦੇ 13 ਵੱਖ-ਵੱਖ ਸੂਬਿਆਂ ਨਾਲ ਸੰਬੰਧਿਤ ਹਨ। ਸਾਈਬਰ ਸੈੱਲ ਪੁਲਿਸ ਨੇ ਇਹ ਵੀ ਸ਼ੱਕ ਪ੍ਰਗਟ ਕੀਤਾ ਹੈ ਕਿ ਏਨੇ ਵੱਡੇ ਪੱਧਰ 'ਤੇ ਸਰਗਰਮ ਇਹ ਨੈੱਟਵਰਕ ਆਮ ਨਹੀਂ ਹੋ ਸਕਦਾ। ਇਸ ਨੂੰ ਬਿਨਾਂ ਸ਼ੱਕ ਉੱਚ ਪਹੁੰਚ ਵਾਲੇ ਲੋਕਾਂ ਅਤੇ ਕੁਝ ਵੱਡੇ ਰਾਜਨੀਤਕ ਸਮੂਹਾਂ ਦੀ ਸਰਪ੍ਰਸਤੀ ਪ੍ਰਾਪਤ ਹੋ ਸਕਦੀ ਹੈ। ਇਹ ਨੈੱਟਵਰਕ ਕਿੰਨੇ ਵੱਡੇ ਪੱਧਰ 'ਤੇ ਕੰਮ ਕਰ ਰਿਹਾ ਸੀ, ਇਸ ਦਾ ਪਤਾ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਇਸ ਦੇ ਮੁਖੀ ਨੇ ਆਪਣੇ ਕਾਲ ਸੈਂਟਰ ਲਈ ਇਕ ਵੱਡੇ ਹੋਟਲ ਦੇ ਵੱਡੇ ਹਾਲ ਨੂੰ ਕਿਰਾਏ 'ਤੇ ਲਿਆ ਹੋਇਆ ਸੀ ਅਤੇ ਉਸ ਦੇ ਅੰਦਰ ਵੱਖੋ-ਵੱਖਰੇ ਕੈਬਿਨ ਬਣਾ ਕੇ ਆਪਣਾ ਦਫ਼ਤਰ ਚਲਾਇਆ ਜਾ ਰਿਹਾ ਸੀ।
ਸਾਡਾ ਮੰਨਣਾ ਹੈ ਕਿ ਕੁਝ ਵੀ ਹੋਵੇ ਘੱਟੋ-ਘੱਟ ਇਸ ਗਰੋਹ ਦਾ ਪਰਦਾਫਾਸ਼ ਤਾਂ ਹੋਇਆ। ਹੁਣ ਕੇਂਦਰ ਸਰਕਾਰ ਤੇ ਖ਼ਾਸ ਕਰਕੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਇਨ੍ਹਾਂ ਗਰੋਹਾਂ ਵਿਰੁੱਧ ਸਖ਼ਤੀ ਨਾਲ ਅਜਿਹਾ ਸ਼ਿਕੰਜਾ ਕਸੇ, ਜਿਸ ਦੀਆਂ ਗੰਢਾਂ ਦੰਦਾਂ ਨਾਲ ਵੀ ਨਾ ਖੋਲ੍ਹੀਆਂ ਜਾ ਸਕਣ। ਭਾਵੇਂ ਇਸ ਗਰੋਹ ਦੇ ਸ਼ਿਕਾਰ ਬਹੁਤੇ ਪੀੜਤ ਵਿਦੇਸ਼ਾਂ ਤੋਂ ਹਨ, ਪਰ ਅਪਰਾਧ ਤਾਂ ਅਪਰਾਧ ਹੀ ਹੁੰਦਾ ਹੈ। ਇਸ ਨੂੰ ਪੈਦਾ ਹੁੰਦੇ ਸਾਰ ਹੀ ਦਬਾਅ ਲੈਣਾ ਚਾਹੀਦਾ ਹੈ। ਹੁਣ ਤੱਕ ਸੂਬੇ ਦੇ ਹਜ਼ਾਰਾਂ ਲੋਕ ਅਜਿਹੇ ਅਪਰਾਧੀਆਂ ਨੂੰ ਕਰੋੜਾਂ ਰੁਪਏ ਦੇ ਚੁੱਕੇ ਹਨ, ਜਿਨ੍ਹਾਂ ਦੀ ਵਾਪਸੀ ਦੀ ਕੋਈ ਉਮੀਦ ਨਹੀਂ ਹੈ। ਹਾਲਾਂਕਿ ਸਾਡਾ ਮੰਨਣਾ ਹੈ ਕਿ ਪ੍ਰਸ਼ਾਸਨਿਕ ਚੌਕਸੀ ਤੋਂ ਇਲਾਵਾ ਅਜਿਹੇ ਅਪਰਾਧਾਂ ਤੋਂ ਬਚਣ ਦਾ ਇਕੋ-ਇਕ ਵੱਡਾ ਤੇ ਸਰਲ ਉਪਾਅ ਆਪਣੀ ਜਾਗਰੂਕਤਾ ਵਧਾਉਣਾ ਅਤੇ ਲਾਲਚਵਸ ਇਨ੍ਹਾਂ ਦੇ ਜਾਲ ਵਿਚ ਫਸਣ ਤੋਂ ਬਚਣਾ ਹੀ ਹੈ। ਸਰਕਾਰਾਂ ਅਤੇ ਰਿਜ਼ਰਵ ਬੈਂਕ ਵਲੋਂ ਵਾਰ-ਵਾਰ ਅਜਿਹੇ ਠੱਗਾਂ ਤੋਂ ਬਚਾਅ ਲਈ ਸਾਵਧਾਨ ਕੀਤਾ ਜਾਂਦਾ ਹੈ। ਬੇਸ਼ੱਕ ਅਜਿਹੇ ਅਪਰਾਧਾਂ ਵਿਰੁੱਧ ਸਰਕਾਰਾਂ ਸਮੇਂ-ਸਮੇਂ 'ਤੇ ਕਾਰਵਾਈ ਕਰਦੀਆਂ ਰਹਿੰਦੀਆਂ ਹਨ ਪਰ ਨਾਗਰਿਕਾਂ ਨੂੰ ਖ਼ੁਦ ਵੀ ਅਜਿਹੇ ਸਾਈਬਰ ਠੱਗਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
ਸਾਈਬਰ ਠੱਗਾਂ ਦਾ ਫੈਲਦਾ ਜਾਲ
ਅਜੀਤ ਡੈਸਕ
22-09-2025