ਮੁਆਫ਼ੀ ਚਾਹਤਾ ਹੂੰ ਬੋਲਨੇ ਕੀ,
ਮੁਝੇ ਅਹਿਸਾਸ ਹੈ ਮੈਂ ਬਦ-ਜ਼ਬਾਂ ਹੂੰ।
(ਮਸ਼ਹਰ ਆਫਰੀਦੀ)
ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਅਸੂਲਾਂ, ਨਿਯਮਾਂ ਜਾਂ ਮਤਿਆਂ ਦੀ ਪਾਬੰਦ ਹੈ। ਕਿਸੇ ਵਿਅਕਤੀ ਨੂੰ ਗੁਰਦੁਆਰਾ ਸਾਹਿਬ ਦੇ ਨਿਰਧਾਰਤ ਜੰਗਲੇ ਦੇ ਅੰਦਰ ਜਾਣ ਦੇਣ ਦੀ ਇਜਾਜ਼ਤ ਦੇਣਾ ਗ਼ਲਤ ਹੋ ਸਕਦਾ ਹੈ ਅਤੇ ਕਿਸੇ ਵੀ.ਆਈ.ਪੀ. ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਸਨਮਾਨਿਤ ਕਰਨ ਜਾਂ ਸਿਰੋਪਾ ਦੇਣ 'ਤੇ ਪਾਬੰਦੀ ਵੀ ਲਾਈ ਗਈ ਹੋਵੇਗੀ ਪਰ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਹੁਕਮ ਤੇ ਅਸੂਲ ਸਭ ਲਈ ਇਕੋ ਜਿਹੇ ਹੋਣੇ ਚਾਹੀਦੇ ਹਨ।
ਪਰ ਜਿਸ ਤਰ੍ਹਾਂ ਦਾ ਬਿਰਤਾਂਤ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਸਿਰੋਪਾ ਦੇਣ 'ਤੇ ਸਿਰਜਿਆ ਜਾ ਰਿਹਾ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਵਾਉਣ ਵਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਪੋਤਾ ਹੈ ਜਾਂ ਹਮਲਾ ਕਰਵਾਉਣ ਵਾਲੀ ਕਾਂਗਰਸ ਦਾ ਨੇਤਾ ਹੈ, ਇਸ ਲਈ ਉਸ ਨੂੰ ਸਿਰੋਪਾ ਨਹੀਂ ਦੇਣਾ ਚਾਹੀਦਾ, ਇਹ ਗੱਲ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਨਾ ਹੀ ਇਹ ਸਿੱਖ ਧਰਮ ਦੇ ਧਾਰਮਿਕ ਨੁਕਤਾ-ਨਿਗਾਹ ਤੋਂ ਠੀਕ ਜਾਪਦਾ ਹੈ, ਨਾ ਹੀ ਇਹ ਇਤਿਹਾਸਕ ਤੱਥਾਂ ਮੁਤਾਬਿਕ ਸਹੀ ਹੈ, ਨਾ ਹੀ ਅਜੋਕੀ ਰਾਜਨੀਤਕ ਸਥਿਤੀ ਦੇ ਸੰਦਰਭ ਵਿਚ ਸਿੱਖ ਸਰੋਕਾਰਾਂ ਦੀ ਕਸਵੱਟੀ 'ਤੇ ਹੀ ਪੂਰਾ ਉਤਰਦਾ ਹੈ। ਸਗੋਂ ਇਹ ਬਿਰਤਾਂਤ ਜਾਂ ਨੈਰੇਟਿਵ ਇਕ ਪਾਸੇ ਸਿੱਖ ਆਸ਼ੇ ਦੇ ਅਨੁਕੂਲ ਨਹੀਂ, ਦੂਜੇ ਪਾਸੇ ਇਹ ਸਿੱਖ ਇਤਿਹਾਸ ਵਿਚੋਂ ਮਿਲੇ ਸਬਕਾਂ ਦੇ ਹਾਣ ਦਾ ਵੀ ਨਹੀਂ ਹੈ। ਤੀਸਰੀ ਗੱਲ ਇਹ ਕਿ ਇਹ ਸਮੇਂ ਦੀ ਸਿਆਸਤ ਦੇ ਅਨੁਕੂਲ ਵੀ ਨਹੀਂ, ਸਗੋਂ ਇਹ ਸਿੱਖੀ ਸ਼ਾਨ ਤੇ ਮਹੱਤਤਾ ਬਣਾਈ ਰੱਖਣ ਦੀ ਰਣਨੀਤੀ ਨੂੰ ਵੀ ਬੁਰੀ ਤਰ੍ਹਾਂ ਕਮਜ਼ੋਰ ਤੇ ਸਾਹਸਤਹੀਣ ਕਰਨ ਦਾ ਕਾਰਨ ਹੀ ਬਣੇਗਾ।
ਪਹਿਲੀ ਗੱਲ ਤਾਂ ਇਹ ਹੈ ਕਿ ਗੁਰਬਾਣੀ ਦਾ ਆਸ਼ਾ ਹੈ ਕਿ ਮਾਲਕ, ਪ੍ਰਭੂ ਪਰਮਾਤਮਾ ਸ਼ਰਨ ਆਏ ਨੂੰ ਗਲ ਨਾਲ ਲਾ ਲੈਂਦਾ ਹੈ।
ਜੋ ਸਰਣਿ ਆਵੈ ਤਿਸੁ ਕੰਠਿ ਲਾਵੈ॥
ਇਹੁ ਬਿਰਦੁ ਸੁਆਮੀ ਸੰਦਾ॥ (ਅੰਗ : 544)
ਗੁਰਬਾਣੀ ਵਿਚ ਦੁਸ਼ਮਣੀ ਰਹਿਤ ਤੇ ਸਭ ਨਾਲ ਦੋਸਤੀ ਦੇ ਸੰਵਾਦ ਦੀ ਗੱਲ ਵੀ ਵਾਰ-ਵਾਰ ਕੀਤੀ ਗਈ ਹੈ।
ਨਾ ਕੋ ਮੇਰਾ ਦੁਸਮਨੁ ਰਹਿਆ
ਨਾ ਹਮ ਕਿਸ ਕੇ ਬੈਰਾਈ॥
(ਧਨਾਸਰੀ ਮ: 5, ਅੰਗ : 671)
ਅਤੇ ਇਸੇ ਹੀ ਅੰਗ 'ਤੇ ਦਰਜ ਹੈ ਕਿ:
ਸਭ ਕੋ ਮੀਤ ਹਮ ਆਪਨ ਕੀਨਾ
ਹਮ ਸਭਨਾ ਕੇ ਸਾਜਨ॥
ਜਿਥੋਂ ਤੱਕ ਰਾਹੁਲ ਗਾਂਧੀ ਦਾ ਸਵਾਲ ਹੈ ਕਿ ਉਹ ਕਈ ਵਾਰ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਆਏ ਹਨ, ਸਿਰ ਝੁਕਾਇਆ ਹੈ, ਸੇਵਾ ਵੀ ਕੀਤੀ ਹੈ। ਜੋ ਇਹ ਅਹਿਸਾਸ ਕਰਵਾਉਂਦਾ ਹੈ ਕਿ ਉਨ੍ਹਾਂ ਦੇ ਅੰਤਹ-ਕਰਨ ਵਿਚ ਸਿੱਖਾਂ ਪ੍ਰਤੀ ਵੈਰ ਨਹੀਂ, ਸਗੋਂ ਕਿਤੇ ਨਾ ਕਿਤੇ ਅਫਸੋਸ ਦਾ ਭਾਵ ਹੈ। ਵੈਸੇ ਉਹ ਕਈ ਵਾਰ ਸਿੱਖਾਂ ਦੇ ਹੱਕ ਵਿਚ ਵੀ ਬੋਲੇ ਹਨ ਤੇ ਉਨ੍ਹਾਂ ਨੇ ਕੁਝ ਥਾਵਾਂ 'ਤੇ ਸਿੱਖ ਦੁਖਾਂਤ ਬਾਰੇ ਮੁਆਫ਼ੀ ਵੀ ਮੰਗੀ ਹੈ, ਭਾਵੇਂ ਇਹ ਮੁਆਫ਼ੀ ਵਿਧੀਵੱਤ ਨਹੀਂ, ਪਰ ਇਹ ਵੀ ਠੀਕ ਹੈ ਕਿ ਉਨ੍ਹਾਂ ਨੇ ਸਿੱਖ ਕਤਲੇ-ਆਮ ਦੇ ਦੋਸ਼ੀ ਕਾਂਗਰਸੀ ਨੇਤਾਵਾਂ ਨੂੰ ਕਾਂਗਰਸ ਤੋਂ ਬਾਹਰ ਦਾ ਰਸਤਾ ਨਹੀਂ ਦਿਖਾਇਆ, ਜਿਸ ਨਾਲ ਉਨ੍ਹਾਂ 'ਤੇ ਸਵਾਲ ਖੜ੍ਹੇ ਹੁੰਦੇ ਹਨ।
ਆਪ੍ਰੇਸ਼ਨ 1984 ਤੇ ਸਿੱਖ ਕਤਲੇਆਮ ਵੇਲੇ ਰਾਹੁਲ 14 ਸਾਲ ਅਤੇ ਪ੍ਰਿਅੰਕਾ 12 ਸਾਲ ਦੇ ਸਨ, ਤਾਂ ਉਨ੍ਹਾਂ ਦਾ ਸਾਕਾ ਨੀਲਾ ਤਾਰਾ ਜਾਂ ਸਿੱਖ ਕਤਲੇਆਮ ਵਿਚ ਕੀ ਰੋਲ ਹੋ ਸਕਦਾ ਹੈ? ਰਾਹੁਲ ਗਾਂਧੀ ਇਕ ਵਾਰ ਤੋਂ ਵੱਧ ਵਾਰ ਇਸ ਲਈ ਦੁੱਖ ਜਤਾ ਚੁੱਕਾ ਹੈ ਤੇ ਮੁਆਫ਼ੀ ਵੀ ਮੰਗ ਚੁੱਕਾ ਹੈ। ਬੇਸ਼ੱਕ ਇਹ ਮੁਆਫ਼ੀ ਬਾਕਾਇਦਾ ਰੂਪ ਵਿਚ ਮੰਗਣ ਦੀ ਲੋੜ ਅਜੇ ਵੀ ਬਾਕੀ ਹੈ। ਪਰ ਮੁਆਫ਼ ਕਰ ਦੇਣਾ ਵੱਡਾਪਨ ਹੈ, ਛੋਟਾਪਨ ਨਹੀਂ।
ਪੁਰਾਨੇ ਵਕਤੋਂ ਕੇ ਕੁਛ ਲੋਗ ਅਬ ਭੀ ਕਹਤੇ ਹੈਂ,
ਬੜਾ ਵਹੀ ਹੈ ਜੋ ਦੁਸ਼ਮਣ ਕੋ ਭੀ ਮੁਆਫ਼ ਕਰੇ।
(ਅਖ਼ਤਰ ਸ਼ਾਹਜਹਾਂਪੁਰੀ)
ਸਿੱਖ ਰਾਜਸੀ ਗ਼ਲਤੀ ਕਰ ਰਹੇ ਹਨ
ਜੇਕਰ ਸਿੱਖ ਨੇਤਾ ਅੱਜ ਦੇ ਕੌਮਾਂਤਰੀ ਅਤੇ ਦੇਸ਼ ਅੰਦਰਲੇ ਹਾਲਤ ਦੀ ਸਮਝ ਰੱਖਦੇ ਹੁੰਦੇ ਤਾਂ ਉਹ 1984 ਨੂੰ ਭੁਲਾਏ ਬਿਨਾਂ ਵੀ ਵਕਤ ਦੀ ਨਜ਼ਾਕਤ ਮੁਤਾਬਿਕ ਫੈਸਲੇ ਲੈਣ ਦੇ ਸਮਰੱਥ ਹੁੰਦੇ।
ਇਸ ਵੇਲੇ ਰਾਹੁਲ ਗਾਂਧੀ ਕੌਮੀ ਪੱਧਰ ਦੇ ਅਜਿਹੇ ਨੇਤਾ ਹਨ ਜੋ ਦੇਸ਼ ਵਿਚ ਫਿਰਕੂ ਧਰੁਵੀਕਰਨ ਤੇ ਸੰਘਵਾਦ (ਫੈਡਰਲਿਜ਼ਮ) ਵਿਰੋਧੀ ਸ਼ਕਤੀਆਂ ਖਿਲਾਫ਼ ਲੋਕਤੰਤਰ ਤੇ ਧਰਮ-ਨਿਰਪੱਖਤਾ ਨੂੰ ਬਚਾਉਣ ਲਈ ਨੰਗੇ-ਧੜ ਲੜ ਰਹੇ ਹਨ। ਇਸ ਵੇਲੇ ਜੇਕਰ ਅਕਾਲੀ ਅਤੇ ਸਿੱਖ ਲੀਡਰਸ਼ਿਪ ਨੇ ਪਹਿਲਾਂ ਕੀਤੀਆਂ ਗ਼ਲਤੀਆਂ ਤੋਂ ਸਬਕ ਸਿੱਖਿਆ ਹੁੰਦਾ ਤਾਂ ਉਹ ਸਿਰਫ਼ ਤੇ ਸਿਰਫ਼ ਭਾਜਪਾ ਅੱਗੇ ਆਤਮ-ਸਮਰਪਣ ਕਰਨ ਦੀ ਰਣਨੀਤੀ ਵਿਚ ਹੀ ਮੁਕਤੀ ਨਾ ਭਾਲਦੇ। ਰਣਨੀਤੀ ਮੰਗ ਕਰਦੀ ਹੈ ਕਿ ਸਿੱਖ ਤਵਾਜ਼ਨ ਆਪਣੇ ਹੱਥਾਂ ਵਿਚ ਲੈਣ ਅਤੇ ਦੋਵਾਂ ਧਿਰਾਂ ਨੂੰ ਮਜਬੂਰ ਕਰਨ ਕਿ ਉਹ ਉਨ੍ਹਾਂ ਦੀ ਮਹੱਤਤਾ ਨੂੰ ਕਬੂਲ ਕਰਨ। ਇਸ ਵੇਲੇ ਸਭ ਕੁਝ ਭੁੱਲ ਕੇ ਪਹਿਲਾਂ ਤਾਂ ਸਾਰੇ ਅਕਾਲੀ ਦਲਾਂ ਵਿਚ ਏਕਤਾ ਜਾਂ ਫਿਰ ਕਿਸੇ ਇਕ ਅਕਾਲੀ ਦਲ ਨੂੰ ਪ੍ਰਸੰਗਿਕ ਬਣਾਉਣ ਦੀ ਲੋੜ ਹੈ ਤੇ ਦੂਸਰਾ ਸਿੱਖ ਲੀਡਰਸ਼ਿਪ ਆਪਣੀਆਂ ਘੱਟੋ-ਘੱਟ ਮੰਗਾਂ ਦਾ ਇਕ ਚਾਰਟਰ ਤਿਆਰ ਕਰੇ ਤੇ ਉਹ ਦੇਸ਼ ਦੇ ਦੋਵੇਂ ਵੱਡੇ ਰਾਜਸੀ ਧੜਿਆਂ ਐਨ.ਡੀ.ਏ. ਤੇ ਇੰਡੀਆ ਗਰੁੱਪ ਅੱਗੇ ਰੱਖੇ ਅਤੇ ਉਨ੍ਹਾਂ ਤੋਂ ਪੁੱਛਿਆ ਜਾਏ ਕਿ ਕਿਹੜਾ ਉਨ੍ਹਾਂ ਮੰਗਾਂ ਨਾਲ ਸਹਿਮਤ ਹੈ, ਜੋ ਉਨ੍ਹਾਂ ਦੀਆਂ ਮੰਗਾਂ ਨਾਲ ਸਹਿਮਤ ਹੋਵੇ, ਉਸ ਦਾ ਹੀ ਸਾਥ ਦਿੱਤਾ ਜਾਏ। ਪਿਛਲੀਆਂ ਗੱਲਾਂ ਨੂੰ ਆਧਾਰ ਬਣਾ ਕੇ ਕਿਸੇ ਨੂੰ ਵੀ ਪਰਾਇਆ ਨਹੀਂ ਮੰਨਣਾ ਚਾਹੀਦਾ।
ਪ੍ਰਵਾਸੀਆਂ ਨੂੰ ਪੰਜਾਬ ਵਿਚੋਂ ਕੱਢਣ ਦੀ ਗੱਲ
ਲਕੀਰੇਂ ਖੀਂਚ ਰਹੇ ਹੈਂ ਸਭੀ ਜ਼ਮੀਨੋਂ ਪਰ,
ਜਮੀਂ ਕਿਸੀ ਕੀ ਨਹੀਂ, ਆਸਮਾਂ ਕਿਸੀ ਕਾ ਨਹੀਂ।
(ਮੁਈਦ ਰਸ਼ੀਦੀ)
ਸੱਚ ਤਾਂ ਇਹ ਹੈ ਕਿ ਪਿੰਡ, ਸ਼ਹਿਰ, ਸੂਬੇ ਤੇ ਦੇਸ਼ ਸਾਰੀਆਂ ਵੰਡੀਆਂ ਇਨਸਾਨਾਂ ਨੇ ਹੀ ਪਾਈਆਂ ਹੋਈਆਂ ਹਨ। ਉਂਝ ਇਹ ਸਿਰਫ਼ ਮਨੁੱਖੀ ਫ਼ਿਤਰਤ ਹੀ ਨਹੀਂ, ਤਕੜੇ ਜਾਨਵਰ ਵੀ ਆਪੋ-ਆਪਣੇ ਇਲਾਕਿਆਂ ਦੀਆਂ ਹੱਦਾਂ ਮਿੱਥ ਲੈਂਦੇ ਹਨ। ਪਰ ਕੁਦਰਤ ਨੇ ਸਿਰਫ਼ ਇਕ ਧਰਤੀ, ਇਕ ਆਕਾਸ਼, ਇਕ ਸੂਰਜ, ਇਕ ਤਰ੍ਹਾਂ ਦੀ ਹਵਾ ਸਭ ਲਈ ਦਿੱਤੀ ਹੈ। ਇਹ ਠੀਕ ਹੈ ਕਿ ਹੁਸ਼ਿਆਰਪੁਰ ਦੀ ਘਟਨਾ ਸ਼ਰਮਨਾਕ ਤੇ ਗ਼ਮਗ਼ੀਨ ਕਰਨ ਵਾਲੀ ਹੀ ਨਹੀਂ ਸਗੋਂ ਗੁੱਸਾ ਦਿਵਾਉਣ ਵਾਲੀ ਵੀ ਹੈ। ਪਰ ਕਿਸੇ ਇਕ ਦੀ ਸਜ਼ਾ ਪੂਰੇ ਪ੍ਰਵਾਸੀ ਸਮਾਜ ਨੂੰ ਦੇਣੀ ਤੇ ਉਨ੍ਹਾਂ ਨੂੰ ਸੂਬੇ ਵਿਚੋਂ ਭਜਾ ਦੇਣ ਦੀ ਗੱਲ ਕਰਨੀ ਜਾਇਜ਼ ਨਹੀਂ। ਜ਼ਰਾ ਸੋਚੋ ਕਿ ਆਪਣਾ ਸਿੱਖ ਤੇ ਪੰਜਾਬੀ ਭਾਈਚਾਰਾ ਵੀ ਤਾਂ ਦੇਸ਼ ਦੇ ਬਾਕੀ ਸੂਬਿਆਂ ਤੇ ਦੇਸ਼ਾਂ ਵਿਚ ਪ੍ਰਵਾਸੀਆਂ ਦੀ ਤਰ੍ਹਾਂ ਹੀ ਹੈ।
ਉਂਝ ਵੀ ਇਸ ਵੇਲੇ ਪੰਜਾਬ ਵਿਚ ਹੀ ਨਹੀਂ ਦੁਨੀਆ ਭਰ ਵਿਚ ਪ੍ਰਵਾਸੀਆਂ ਪ੍ਰਤੀ ਨਫ਼ਰਤ ਦਾ ਰਾਸ਼ਟਰੀਵਾਦ ਉਭਾਰ 'ਤੇ ਹੈ। ਪਰ ਹਾਂ ਸਰਕਾਰ ਤੇ ਦੇਸ਼ ਨੂੰ ਸਭ ਲਈ ਇਕੋ ਜਿਹੇ ਹੱਕ ਦੇਣੇ ਜ਼ਰੂਰੀ ਹਨ। ਪੰਜਾਬ ਵਿਚ ਆ ਕੇ ਵਸਣ ਵਾਲੇ ਪ੍ਰਵਾਸੀਆਂ ਦੀ ਸ਼ਨਾਖ਼ਤ 'ਤੇ ਉਨ੍ਹਾਂ ਦੇ ਚੰਗੇ ਆਚਰਣ ਦੀ ਪੜਤਾਲ ਲਈ ਕੋਈ ਨਿਯਮ ਕਾਨੂੰਨ ਬਣਾਉਣਾ ਬਹੁਤ ਜ਼ਰੂਰੀ ਹੈ। ਪੰਜਾਬ ਸਰਕਾਰ ਨੂੰ ਅਜਿਹੇ ਇੰਤਜ਼ਾਮ ਜ਼ਰੂਰ ਕਰਨੇ ਚਾਹੀਦੇ ਹਨ ਕਿ ਸਾਜਿਸ਼ ਕਾਰਨ ਜਾਂ ਬੇਹਿਸਾਬ ਪ੍ਰਵਾਸ ਨਾਲ ਪੰਜਾਬ ਦੀ ਡੈਮੋਗ੍ਰਾਫੀ (ਆਬਾਦੀ ਦਾ ਸੰਤੁਲਨ) ਨਾ ਬਦਲਿਆ ਜਾ ਸਕੇ।
ਚੰਡੀਗੜ੍ਹ ਦੀ ਡੈਮੋਗ੍ਰਾਫ਼ੀ (ਵਸੋਂ ਦਾ ਸੰਤੁਲਨ) ਕਿਵੇਂ ਪੰਜਾਬੀ ਅਤੇ ਸਿੱਖ ਵਿਰੋਧੀ ਬਣਾ ਦਿੱਤਾ ਗਿਆ ਹੈ, ਇਹ ਸਾਡੇ ਸਾਹਮਣੇ ਹੈ। ਇਸ ਵੇਲੇ ਪੰਜਾਬ ਵਿਚ ਸਿਰਫ਼ ਹਿੰਦੂ, ਪ੍ਰਵਾਸੀ ਹੀ ਨਹੀਂ ਆ ਰਹੇ। ਯੂ.ਪੀ., ਬਿਹਾਰ ਤੇ ਮੱਧ ਪ੍ਰਦੇਸ਼ ਵਿਚ ਮੁਸਲਮਾਨਾਂ ਖਿਲਾਫ਼ ਮਾਹੌਲ ਬਣਨ ਕਰਕੇ ਮੁਸਲਿਮ ਪ੍ਰਵਾਸੀ ਵੀ ਵੱਡੀ ਗਿਣਤੀ ਵਿਚ ਇਥੇ ਆ ਕੇ ਵਸ ਰਹੇ ਹਨ। ਪੰਜਾਬ ਸਰਕਾਰ ਲਈ ਜ਼ਰੂਰੀ ਹੈ ਕਿ ਪੰਜਾਬ ਵਿਚ ਪੱਕੇ ਤੌਰ 'ਤੇ ਵਸਣ ਵਾਲੇ ਪ੍ਰਵਾਸੀਆਂ ਲਈ ਕੋਈ ਸ਼ਰਤਾਂ, ਨਿਯਮ ਬਣਾਏ ਜਾਣ। ਪੰਜਾਬ ਸਰਕਾਰ ਨੂੰ ਆਪਣੇ ਤੌਰ 'ਤ ਪੰਜਾਬ ਦੀ ਜਨਗਣਨਾ ਵੀ ਕਰਵਾਉਣੀ ਚਾਹੀਦੀ ਹੈ। ਦੂਸਰਾ ਪੰਜਾਬ ਵਿਚ ਜ਼ਮੀਨ ਖ਼ਰੀਦਣ ਲਈ ਕੁਝ ਪਾਬੰਦੀਆਂ, ਜਿਵੇਂ ਕਿ ਦੇਸ਼ ਦੇ ਕਈ ਰਾਜਾਂ ਹਿਮਾਚਲ, ਸਿੱਕਮ, ਨਾਗਾਲੈਂਡ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼ ਵਿਚ ਜੰਮੂ-ਕਸ਼ਮੀਰ ਵਿਚ ਧਾਰਾ 370 ਹਟਣ ਤੋਂ ਬਾਅਦ ਵੀ ਹਨ, ਹੋਣੀਆਂ ਚਾਹੀਦੀਆਂ ੰਹਨ। ਗੁਜਰਾਤ ਵਿਚ ਵੀ ਖੇਤੀ ਵਾਲੀ ਜ਼ਮੀਨ ਖ਼ਰੀਦਣ 'ਤੇ ਕਈ ਪਾਬੰਦੀਆਂ ਹਨ।
ਪੰਜਾਬ ਨੂੰ ਆਪਣੀ ਡੈਮੋਗ੍ਰਾਫ਼ੀ ਬਚਾਉਣ ਲਈ ਕਾਨੂੰਨ ਬਣਾਉਣੇ ਚਾਹੀਦੇ ਹਨ ਅਤੇ ਪੰਜਾਬ ਵਿਚ ਵਸਣ ਵਾਲੇ ਪ੍ਰਵਾਸੀਆਂ ਦਾ ਪਿਛੋਕੜ ਵੀ ਜਾਂਚਣਾ ਚਾਹੀਦਾ ਹੈ, ਜਿਹੜੇ ਜ਼ਰਾਇਮ-ਪੇਸ਼ਾ ਲੋਕ ਹਨ, ਉਨ੍ਹਾਂ ਨੂੰ ਵਸਣ ਦੀ ਇਜਾਜ਼ਤ ਨਹੀਂ ਮਿਲਣੀ ਚਾਹੀਦੀ। ਪਰ ਸਾਰੇ ਪ੍ਰਵਾਸੀਆਂ ਨੂੰ ਭਜਾ ਦੇਣ ਦੀ ਸੋਚ ਗੁਰੂ ਸਾਹਿਬ ਦੀ ਸਿੱਖਿਆ ਤੇ ਪੰਜਾਬੀਅਤ ਦੀ ਸੋਚ ਨਾਲ ਮੇਲ ਨਹੀਂ ਖਾਂਦੀ, ਇਹ ਪੰਜਾਬ ਦੀ ਆਰਥਿਕਤਾ ਲਈ ਵੀ ਘਾਤਕ ਸਿੱਧ ਹੋਵੇਗੀ।
-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E-mail : hslall@ymail.com