ਸ੍ਰੀ ਗੁਰੂ ਤੇਗ ਬਹਾਦਰ ਜੀ ਅਸਲ ਜੀਵਨ ਵਿਚ ਦੁਨਿਆਵੀ ਪਦਾਰਥਾਂ ਅਤੇ ਰਿਸ਼ਤੇ-ਨਾਤਿਆਂ ਪ੍ਰਤੀ ਤਿਆਗ ਦੀ ਭਾਵਨਾ ਅਤੇ ਸਰਬ-ਸ਼ਕਤੀਮਾਨ ਪਰਮਾਤਮਾ ਪ੍ਰਤੀ ਅਨੁਰਾਗ ਭਾਵ ਪ੍ਰੇਮ ਦੀ ਭਾਵਨਾ ਰੱਖਦੇ ਸਨ। ਇਹ ਦੋ ਵੱਡੇ ਗੁਣ ਉਨ੍ਹਾਂ ਦੀ ਬਾਣੀ 'ਚੋਂ ਵੀ ਮੁੱਖ ਰੂਪ 'ਚ ਉੱਭਰ ਕੇ ਸਾਹਮਣੇ ਆਉਂਦੇ ਹਨ। ਆਪਣੇ 57 ਕੁ ਸਾਲ ਦੇ ਦੁਨਿਆਵੀ ਜੀਵਨ ਵਿਚ ਉਨ੍ਹਾਂ ਨੇ ਪਤਨੀ, ਪੁੱਤਰ, ਤਖ਼ਤ, ਤਾਕਤ ਅਤੇ ਧਨ ਨਾਲ ਕੋਈ ਮੋਹ ਨਹੀਂ ਰੱਖਿਆ ਅਤੇ ਨਾ ਹੀ ਆਪਣੇ ਪ੍ਰਾਣਾਂ ਪ੍ਰਤੀ ਰੱਤੀ ਭਰ ਮੋਹ ਵਿਖਾਇਆ। ਗੁਰੂ ਸਾਹਿਬ ਨੇ ਮਨੁੱਖਾ ਜੀਵਨ ਦਾ ਇਕਮਾਤਰ ਉਦੇਸ਼ ਉਸ ਪ੍ਰਭੂ-ਪ੍ਰੀਤਮ ਵਿਚ ਅਭੇਦ ਹੋਣਾ ਹੀ ਦੱਸਿਆ ਹੈ। 'ਹਿੰਦ ਦੀ ਚਾਦਰ-ਗੁਰੂ ਤੇਗ ਬਹਾਦਰ' ਹੋਣ ਦਾ ਮਾਣ ਰੱਖਣ ਵਾਲੇ ਨੌਵੇਂ ਪਾਤਿਸ਼ਾਹ ਦਾ ਮੰਨਣਾ ਸੀ ਕਿ ਮਨੁੱਖਾ ਜਨਮ ਦਾ ਮਨੋਰਥ ਪਰਮੇਸ਼ਰ ਦੀ ਉਸਤਤ ਕਰਕੇ ਉਸ ਨਾਲ ਇਕਮਿਕ ਹੋਣਾ ਹੈ ਤੇ ਉਹ ਮੰਨਦੇ ਸਨ ਕਿ ਮਨੁੱਖ ਨੂੰ ਹਰ ਪਲ ਪਰਮਾਤਮਾ ਨੂੰ ਇਸ ਤਰ੍ਹਾਂ ਯਾਦ ਕਰਨਾ ਚਾਹੀਦਾ ਹੈ, ਜਿਵੇਂ ਮੱਛੀ ਜਲ ਨੂੰ ਯਾਦ ਕਰਦੀ ਹੈ ਤੇ ਜਲ ਤੋਂ ਬਿਨਾਂ ਉਹ ਇਕ ਪਲ ਵੀ ਜ਼ਿੰਦਾ ਨਹੀਂ ਰਹਿੰਦੀ ਹੈ। ਆਪ ਦਾ ਫ਼ੁਰਮਾਨ ਹੈ:
ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ॥
ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ॥
(ਅੰਗ-1426)
ਗੁਰੂ ਜੀ ਅਨੁਸਾਰ ਜ਼ਿਆਦਾਤਰ ਮਨੁੱਖ ਇਹ ਸੋਚਦੇ ਰਹਿੰਦੇ ਹਨ ਕਿ ਬਚਪਨ ਅਤੇ ਜਵਾਨੀ ਭਗਤੀ ਕਰਨ ਲਈ ਨਹੀਂ ਹੁੰਦੇ ਤੇ ਭਗਤੀ ਤਾਂ ਕੇਵਲ ਬੁਢਾਪੇ ਵਿਚ ਹੀ ਕੀਤੇ ਜਾਣ ਵਾਲਾ ਕਰਮ ਹੈ ਪਰ ਅਸਲੀਅਤ ਇਹ ਹੈ ਕਿ ਬੁਢਾਪੇ ਦੀ ਅਵਸਥਾ ਵਿਚ ਸਰੀਰ ਕਮਜ਼ੋਰ ਤੇ ਰੋਗੀ ਹੋ ਚੁੱਕਾ ਹੁੰਦਾ ਹੈ। ਉਸ ਨਿਰਬਲ ਅਵਸਥਾ ਵਿਚ ਭਗਤੀ ਨਹੀਂ ਹੋ ਪਾਉਂਦੀ ਹੈ ਤੇ ਜਦੋਂ ਤੱਕ ਇਹ ਗਿਆਨ ਮਨੁੱਖ ਨੂੰ ਹਾਸਲ ਹੁੰਦਾ ਹੈ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਇਸ ਪ੍ਰਥਾਇ ਆਪ ਦੇ ਦੋ ਸਲੋਕ ਇਸ ਪ੍ਰਕਾਰ ਹਨ:
ਸਿਰੁ ਕੰਪਿਓ ਪਗ ਡਗਮਗੇ
ਨੈਨ ਜੋਤਿ ਤੇ ਹੀਨ॥
ਕਹੁ ਨਾਨਕ ਇਹ ਬਿਧਿ
ਭਈ ਤਊ ਨ ਹਰਿ ਰਸਿ ਲੀਨ॥
(ਅੰਗ-1428)
ਬਿਰਧਿ ਭਇਓ ਸੂਝੈ ਨਹੀ
ਕਾਲੁ ਪਹੂਚਿਓ ਆਨਿ॥
ਕਹੁ ਨਾਨਕ ਨਰ ਬਾਵਰੇ
ਕਿਉ ਨਾ ਭਜੈ ਭਗਵਾਨੁ॥ (ਅੰਗ-1426)
ਵੈਰਾਗ ਤੇ ਤਿਆਗ ਦੀ ਮੂਰਤ ਗੁਰੂ ਸਾਹਿਬ ਦੁਨਿਆਵੀ ਰੰਗ-ਤਮਾਸ਼ਿਆਂ ਵਿਚ ਮਗਨ ਮਨੁੱਖ ਨੂੰ ਦੱਸਦੇ ਹਨ ਕਿ ਜਿਸ ਪੈਸੇ, ਸੰਪਤੀ, ਪਤਨੀ, ਬੱਚਿਆਂ ਅਤੇ ਹੋਰ ਅੰਗ-ਸਾਕਾਂ ਨੂੰ ਉਹ ਆਪਣਾ ਜਾਣ ਕੇ ਪਰਮਾਤਮਾ ਤੋਂ ਬੇਮੁੱਖ ਹੋਇਆ ਫਿਰਦਾ ਹੈ, ਉਹ ਅੰਤ ਸਮੇਂ ਉਸ ਦਾ ਸਾਥ ਨਹੀਂ ਦੇ ਸਕਣਗੇ ਤੇ ਉਨ੍ਹਾ ਦੀ ਖ਼ਾਤਰ ਕੀਤੇ ਪਾਪ-ਕਰਮਾਂ ਦਾ ਲੇਖਾ ਮਨੁੱਖ ਨੂੰ ਇਕੱਲਿਆਂ ਹੀ ਦੇਣਾ ਪਏਗਾ। ਆਪ ਬਚਨ ਕਰਦੇ ਹਨ:
ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ॥
ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ॥
(ਅੰਗ-1426)
ਗੁਰਬਾਣੀ ਅਨੁਸਾਰ ਮਨੁੱਖ ਇਸ ਜਹਾਨ ਵਿਚ ਸਭ ਜੀਵਾਂ ਤੋਂ ਉੱਤਮ ਹੈ। ਮਨੁੱਖ ਨੂੰ ਇਹ ਮਨੁੱਖੀ ਦੇਹੀ ਲੱਖਾਂ ਜੂਨਾਂ ਹੰਢਾਉਣ ਤੋਂ ਬਾਅਦ ਮਿਲਦੀ ਹੈ। ਏਨਾ ਮੁੱਲਵਾਨ ਜੀਵਨ ਮਿਲਣ ਦੇ ਬਾਵਜੂਦ ਮਨੁੱਖ ਦਾਤਾਰ ਨਾਲ ਮੋਹ ਕਰਨ ਦੀ ਥਾਂ ਦਾਤਾਂ ਨਾਲ ਮੋਹ ਕਰ ਬੈਠਦਾ ਹੈ, ਜੋ ਠੀਕ ਨਹੀਂ ਹੈ। ਗੁਰੂ ਜੀ ਵੀ ਮਨੁੱਖ ਨੂੰ ਇਹੋ ਸਮਝਾਉਂਦੇ ਹਨ:
ਤਨੁ ਧਨੁ ਜਿਹ ਤੋ ਕਉ ਦੀਓ ਤਾ ਸਿਉ ਨੇਹੁ ਨ ਕੀਨ॥
ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ॥ (ਅੰਗ-1426)
ਗੁਰੂ ਜੀ ਨੇ ਆਪਣੇ ਸਲੋਕਾਂ 'ਚ ਅਸਲ ਸੰਤ, ਅਸਲ ਵਿਦਵਾਨ ਅਤੇ ਮਹਾਂਪੁਰਖ ਦੀ ਪਰਿਭਾਸ਼ਾ ਬੜੇ ਹੀ ਸਰਲ ਸ਼ਬਦਾਂ ਵਿਚ ਸਮਝਾਉਂਦਿਆਂ ਅਸਲ ਮਹਾਂਪੁਰਖ ਨੂੰ ਸੁੱਖ, ਦੁੱਖ, ਲੋਭ, ਮੋਹ, ਹੰਕਾਰ, ਉਸਤਤਿ, ਨਿੰਦਾ ਤੇ ਭੈਅ ਰਹਿਤ ਦੱਸਿਆ ਹੈ। ਆਪਣੇ ਸਲੋਕਾਂ 'ਚ ਗੁਰੂ ਸਾਹਿਬ ਫੁਰਮਾਨ ਕਰਦੇ ਹਨ:
ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ॥
ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ॥
(ਅੰਗ-1427)
ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ॥
ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥
(ਅੰਗ-1427)
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥
(ਅੰਗ-1427)
ਗੁਰੂ ਸਾਹਿਬ ਅਨੁਸਾਰ ਮਨੁੱਖ ਦੁਿਨਆਵੀ ਮੋਹ-ਮਾਇਆ ਦੇ ਚੱਕਰ ਵਿਚ ਫਸ ਕੇ ਆਪਣਾ ਦੀਨ-ਈਮਾਨ ਗੁਆ ਦਿੰਦਾ ਹੈ ਅਤੇ ਸੰਸਾਰਕ ਮੋਹ-ਮਾਇਆ ਤੋਂ ਨਿਰਲੇਪ ਰਹਿ ਕੇ ਪਰਮੇਸ਼ਰ ਦੇ ਚਰਨਾਂ ਨਾਲ ਲਿਵ ਜੋੜਨ ਵਾਲਾ ਸ਼ਖ਼ਸ ਕੋਈ ਕਰੋੜਾਂ 'ਚੋਂ ਇਕ ਹੀ ਹੁੰਦਾ ਹੈ। ਆਪ ਦਾ ਬਚਨ ਹੈ:
ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ॥
ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ॥
(ਅੰਗ-1427)
ਅੰਧ ਵਿਸ਼ਵਾਸ ਖ਼ਿਲਾਫ਼ ਦਲੀਲ ਦਿੰਦਿਆਂ ਗੁਰੂ ਸਾਹਿਬ ਦੱਸਦੇ ਹਨ ਕਿ ਦੁਨੀਆ ਵਿਚ ਸਭ ਕੁਝ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ ਤੇ ਅਜਿਹਾ ਕੁਝ ਵੀ ਨਹੀਂ ਹੁੰਦਾ ਹੈ, ਜੋ ਨਾ ਹੋਣ ਯੋਗ ਹੋਵੇ। ਉਨ੍ਹਾਂ ਅਨੁਸਾਰ ਇਸ ਜਗਤ ਵਿਚ ਵਾਹਿਗੁਰੂ ਨਾਮ ਤੋਂ ਬਿਨਾਂ ਕੁਝ ਵੀ ਸਥਾਈ ਨਹੀਂ ਹੈ। ਇਸੇ ਲਈ ਆਪ ਨੇ ਬਚਨ ਕੀਤਾ:
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥
(ਅੰਗ-1429)
ਸੋ ਤਿਆਗ, ਵੈਰਾਗ ਤੇ ਅਨੁਰਾਗ ਦੀ ਮੂਰਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਕਹੇ ਬਚਨਾਂ ਨੂੰ ਆਪਣੇ ਅਸਲ ਜੀਵਨ ਵਿਚ ਵੀ ਕਮਾ ਕੇ ਮਨੁੱਖ ਨੂੰ ਗ੍ਰਹਿਸਥ ਧਰਮ ਦੀ ਪਾਲਣਾ ਕਰਨ ਦੇ ਨਾਲ-ਨਾਲ ਪਰਮਾਤਮਾ ਦੀ ਉਸਤਤ ਗਾਉਂਦਿਆਂ ਅਤੇ ਹਰ ਦੁੱਖ-ਸੁੱਖ ਲਈ ਬਰਾਬਰ ਉਸ ਦਾ ਸ਼ੁਕਰਾਨਾ ਕਰਦਿਆਂ ਜੀਵਨ ਸਫ਼ਲਾ ਕਰਨ ਦਾ ਉਪਦੇਸ਼ ਦਿੱਤਾ ਹੈ, ਜੋ ਸਾਨੂੰ ਸਭ ਨੂੰ ਅਮਲ ਵਿਚ ਲਿਆਉਣਾ ਚਾਹੀਦਾ ਹੈ।
-410, ਚੰਦਰ ਨਗਰ, ਬਟਾਲਾ (ਗੁਰਦਾਸਪੁਰ)।
ਮੋਬਾ: 97816-46008