21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਮਾਨਵਵਾਦੀ ਸ਼ਖ਼ਸੀਅਤ ਸਨ ਭਾਈ ਘਨੱਈਆ

ਮਾਨਵਵਾਦੀ ਸ਼ਖ਼ਸੀਅਤ ਸਨ ਭਾਈ ਘਨੱਈਆ

ਅਜੀਤ ਡੈਸਕ 21-09-2026

 

ਸਮਾਜ ਵਿਚ ਵਿਚਰਦਿਆਂ ਅਸੀਂ ਦੋ ਤਰ੍ਹਾਂ ਦੇ ਲੋਕਾਂ ਨੂੰ  ਵੇਖਦੇ ਹਾਂ | ਪਹਿਲੇ ਉਹ ਜੋ ਕੇਵਲ ਆਪਣੇ ਤੇ ਆਪਣੇ ਪਰਿਵਾਰ ਲਈ ਜਿਊਾਦੇ ਹਨ ਅਤੇ ਦੂਜੇ ਉਹ ਜੋ ਦੂਜਿਆਂ ਲਈ, ਸਮਾਜ ਲਈ, ਮਨੁੱਖਤਾ ਦੀ ਭਲਾਈ ਲਈ ਜਿਊਾਦੇ ਹਨ | ਭਾਈ ਘਨੱਈਆ ਜੀ ਦੂਜੀ ਕਿਸਮ ਦੇ ਲੋਕਾਂ 'ਚੋਂ ਸਨ, ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਦੂਜਿਆਂ ਦੀ ਨਿਸ਼ਕਾਮ ਸੇਵਾ ਕਰਦਿਆਂ ਗੁਜ਼ਾਰ ਦਿੱਤੀ | ਭਾਈ ਘਨੱਈਆ ਜੀ ਕੇਵਲ ਇਕ ਸ਼ਖ਼ਸੀਅਤ ਦਾ ਹੀ ਨਾਂਅ ਨਹੀਂ, ਸਗੋਂ ਉਨ੍ਹਾਂ ਨੇ ਆਪਣੇ ਨਿਮਰ ਸੁਭਾਅ, ਸਾਦਗੀ, ਮਨੁੱਖਵਾਦੀ ਸੋਚ ਕਾਰਨ ਸਮੁੱਚੇ ਸੰਸਾਰ ਵਿਚ ਨਿਸ਼ਕਾਮ ਸੇਵਾ ਦੀ ਇਕ ਅਜਿਹੀ ਮਿਸਾਲ ਕਾਇਮ ਕੀਤੀ, ਜੋ ਆਪਣੇ-ਆਪ ਵਿਚ ਲਾਸਾਨੀ ਹੈ | ਇਸੇ ਕਰਕੇ ਉਨ੍ਹਾਂ ਨੂੰ  ਸੰਸਾਰ ਪ੍ਰਸਿੱਧ ਮਾਨਵਵਾਦੀ ਸੰਸਥਾ ਰੈੱਡ ਕਰਾਸ ਦਾ ਮੋਢੀ ਵੀ ਮੰਨਿਆ ਜਾਂਦਾ ਹੈ | ਉਨ੍ਹਾਂ ਰੈੱਡ ਕਰਾਸ ਸੁਸਾਇਟੀ ਦੀ ਆਰੰਭਤਾ ਤੋਂ ਲਗਪਗ 160 ਵਰ੍ਹੇ ਪਹਿਲਾਂ ਯੁੱਧ ਦੇ ਮੈਦਾਨ ਵਿਚ ਆਪਣਿਆਂ ਤੇ ਬੇਗਾਨਿਆਂ ਵਿਚ ਬਿਨਾਂ ਕੋਈ ਭਿੰਨ-ਭੇਦ ਕੀਤਿਆਂ ਸਾਰੇ ਜ਼ਖ਼ਮੀਆਂ ਨੂੰ  ਜਲ ਛਕਾਇਆ ਅਤੇ ਉਹ ਮੱਲ੍ਹਮ ਪੱਟੀ ਦੀ ਸੇਵਾ ਵੀ ਕੀਤੀ |
ਭਾਈ ਘਨੱਈਆ ਜੀ ਦਾ ਜਨਮ ਮਾਤਾ ਸੁੰਦਰੀ ਤੇ ਪਿਤਾ ਭਾਈ ਨੱਥੂ ਰਾਮ ਦੇ ਘਰ ਪਿੰਡ ਸੋਦਰਾ, ਜ਼ਿਲ੍ਹਾ ਵਜ਼ੀਰਾਬਾਦ (ਅੱਜ ਪਾਕਿਸਤਾਨ 'ਚ) 1648 ਈਸਵੀ ਨੂੰ  ਇਕ ਖੱਤਰੀ ਪਰਿਵਾਰ ਵਿਚ ਹੋਇਆ | ਉਨ੍ਹਾਂ ਦੇ ਪਿਤਾ ਵੱਡੇ ਵਪਾਰੀ ਸਨ, ਜੋ ਸ਼ਾਹੀ ਫ਼ੌਜਾਂ ਨੂੰ  ਰਸਦ-ਪਾਣੀ ਸਪਲਾਈ ਕਰਨ ਦਾ ਵਪਾਰ ਕਰਦੇ ਸਨ | ਉਨ੍ਹਾਂ ਦੀ ਮਾਤਾ ਬਹੁਤ ਹੀ ਦਿਆਲੂ, ਪਰਉਪਕਾਰੀ ਸੁਭਾਅ ਵਾਲੀ ਤੇ ਅਧਿਆਤਮਕ ਰੁਚੀਆਂ ਵਾਲੀ ਸੁੱਘੜ ਸਿਆਣੀ ਔਰਤ ਸੀ, ਜੋ ਲੋੜਵੰਦਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਸੀ | ਸੋ ਭਾਈ ਘਨੱਈਆ ਜੀ ਇਹ ਸਾਰੇ ਗੁਣ ਆਪਣੀ ਮਾਤਾ ਤੋਂ ਲੈ ਕੇ ਹੀ ਜਨਮੇ ਸਨ | ਉਨ੍ਹਾਂ ਨੂੰ  ਪਿਤਾ ਦੇ ਵਪਾਰ ਵਿਚ ਕੋਈ ਦਿਲਚਸਪੀ ਨਹੀਂ ਸੀ, ਸਗੋਂ ਉਹ ਸੰਤਾਂ-ਮਹਾਪੁਰਸ਼ਾਂ ਦੀ ਸੰਗਤ ਕਰਕੇ ਵਧੇਰੇ ਮਾਣ ਤੇ ਖੁਸ਼ੀ ਮਹਿਸੂਸ ਕਰਦੇ ਸਨ |
ਭਾਈ ਘਨੱਈਆ ਜੀ ਤਾਂ ਮੁੱਢ ਤੋਂ ਹੀ ਅਧਿਆਤਮਕ ਸ਼ਾਂਤੀ ਦੀ ਭਾਲ ਵਿਚ ਸਨ | ਇਕ ਵਾਰ ਉਨ੍ਹਾਂ ਦਾ ਮਿਲਾਪ ਪ੍ਰਸਿੱਧ ਸੂਫ਼ੀ ਭਗਤ ਭਾਈ ਨਨੂਆ ਨਾਲ ਹੋਇਆ | ਤਦ ਭਾਈ ਨਨੂਆ ਜੀ ਦੀ ਪ੍ਰੇਰਨਾ ਸਦਕਾ ਹੀ ਭਾਈ ਘਨੱਈਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਲਈ ਅਨੰਦਪੁਰ ਸਾਹਿਬ ਪਹੁੰਚੇ ਸਨ | ਜਿਵੇਂ ਹੀ ਉਨ੍ਹਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ, ਉਨ੍ਹਾਂ ਨੂੰ  ਏਨੀ ਆਤਮਿਕ ਸ਼ਾਂਤੀ ਤੇ ਅਨੰਦ ਪ੍ਰਾਪਤ ਹੋਇਆ ਕਿ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਗੁਰੂ ਘਰ ਨੂੰ  ਅਰਪਿਤ ਕਰਨ ਦਾ ਫ਼ੈਸਲਾ ਕਰ ਲਿਆ | ਗੁਰਬਾਣੀ ਸੁਣ ਕੇ ਉਨ੍ਹਾਂ ਦੇ ਚਿੱਤ ਨੂੰ  ਬੜਾ ਧੀਰਜ ਤੇ ਧਰਵਾਸ ਮਿਲਿਆ | ਉਸੇ ਦਿਨ ਤੋਂ ਹੀ ਉਹ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਪੱਕੇ ਸ਼ਰਧਾਲੂ ਬਣ ਗਏ | ਉਨ੍ਹਾਂ ਦੀ ਸ਼ਰਧਾ, ਸਤਿਕਾਰ ਤੇ ਸੇਵਾ-ਭਾਵਨਾ ਨੂੰ  ਦੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਨ੍ਹਾਂ ਨੂੰ  ਸੰਗਤ ਨੂੰ  ਜਲ ਛਕਾਉਣ ਦੀ ਸੇਵਾ ਸੌਂਪ ਦਿੱਤੀ | ਲੰਮੇ ਸਮੇਂ ਤੱਕ ਸੇਵਾ ਕਰਨ ਉਪਰੰਤ ਉਹ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਅਨੰਦਪੁਰ ਸਾਹਿਬ ਆ ਗਏ | ਇੱਥੇ ਆ ਕੇ ਵੀ ਉਨ੍ਹਾਂ ਨੇ ਸੰਗਤਾਂ ਨੂੰ  ਜਲ ਛਕਾਉਣ ਦੀ ਸੇਵਾ ਲਗਾਤਾਰ ਜਾਰੀ ਰੱਖੀ |
1704 ਈ. ਵਿਚ ਜਦੋਂ ਬਾਈ ਪਹਾੜੀ ਰਾਜਿਆਂ ਦੀਆਂ ਫੌਜਾਂ ਤੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀਆਂ ਸ਼ਾਹੀ ਫੌਜਾਂ ਨੇ ਆਨੰਦਪੁਰ ਦੇ ਕਿਲ੍ਹੇ ਨੂੰ  ਘੇਰਾ ਪਾਇਆ, ਉਦੋਂ ਵੀ ਭਾਈ ਘਨੱਈਆ ਜੀ ਦਸਮੇਸ਼ ਪਿਤਾ ਦੇ ਨਾਲ ਸਨ | ਖ਼ਾਲਸਾ ਫੌਜ ਤੇ ਮੁਗ਼ਲਾਂ ਦੀਆਂ ਲੜਾਈਆਂ ਥਾਂ ਪਰ ਥਾਂ ਹੁੰਦੀਆਂ ਰਹਿੰਦੀਆਂ ਸਨ | ਪਰੰਤੂ ਭਾਈ ਘਨੱਈਆ ਜੀ ਆਪਣੇ ਨਿਮਰ ਸੁਭਾਅ ਕਾਰਨ ਚੱਲਦੀ ਲੜਾਈ ਵਿਚ ਵੀ ਮੈਦਾਨ 'ਤੇ ਜ਼ਖ਼ਮੀ ਹੋ ਕੇ ਡਿੱਗੇ ਸੈਨਿਕਾਂ ਨੂੰ  ਬਿਨਾਂ ਕਿਸੇ ਭੇਦ ਦੇ ਜਲ ਛਕਾਉਂਦੇ ਸਨ | ਕਿਹਾ ਜਾਂਦਾ ਹੈ ਕਿ ਇਕ ਵਾਰੀ ਖ਼ਾਲਸਾ ਫੌਜ ਦੇ ਕੁਝ ਯੋਧਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਭਾਈ ਘਨੱਈਆ ਜੀ ਦੀ ਸ਼ਿਕਾਇਤ ਕਰ ਦਿੱਤੀ ਕਿ ਭਾਈ ਘਨੱਈਆ ਤਾਂ ਦੁਸ਼ਮਣ ਦੇ ਜ਼ਖ਼ਮੀ ਸਿਪਾਹੀਆਂ ਨੂੰ  ਵੀ ਜਲ ਛਕਾ ਕੇ ਮੁੜ ਯੁੱਧ ਕਰਨ ਲਈ ਤਿਆਰ ਕਰ ਦਿੰਦੇ ਹਨ | ਤਦ ਦਸਮੇਸ਼ ਪਿਤਾ ਨੇ ਭਾਈ ਘਨੱਈਆ ਨੂੰ  ਦਰਬਾਰ ਵਿਚ ਬੁਲਾਇਆ ਤੇ ਸਿੱਖਾਂ ਵਲੋਂ ਕੀਤੀ ਸ਼ਿਕਾਇਤ ਸਬੰਧੀ ਸਪੱਸ਼ਟੀਕਰਨ ਦੇਣ ਲਈ ਕਿਹਾ | ਤਦ ਭਾਈ ਘਨੱਈਆ ਨੇ ਗੁਰੂ ਸਾਹਿਬ ਨੂੰ  ਬੜੀ ਨਿਮਰਤਾ ਸਹਿਤ ਕਿਹਾ, 'ਹੇ ਸੱਚੇ ਪਾਤਸ਼ਾਹ, ਯੁੱਧ ਦੇ ਮੈਦਾਨ ਵਿਚ ਮੈਨੂੰ ਕੋਈ ਸਿੱਖ ਜਾਂ ਮੁਗ਼ਲ ਨਜ਼ਰੀਂ ਨਹੀਂ ਪੈਂਦਾ, ਮੈਨੂੰ ਤਾਂ ਲੜਾਈ ਦੌਰਾਨ ਜ਼ਖ਼ਮੀ ਹੋ ਕੇ ਡਿੱਗੇ ਹਰ ਸੈਨਿਕ 'ਚੋਂ ਕੇਵਲ ਤੁਹਾਡਾ ਹੀ ਰੂਪ ਨਜ਼ਰੀਂ ਪੈਂਦਾ ਹੈ |' ਕਿਹਾ ਜਾਂਦਾ ਹੈ ਕਿ ਭਾਈ ਘਨੱਈਆ ਦਾ ਇਹ ਜਵਾਬ ਸੁਣ ਕੇ ਦਸਮੇਸ਼ ਪਿਤਾ ਬਹੁਤ ਖੁਸ਼ ਹੋਏ | ਉਨ੍ਹਾਂ ਨੇ ਉਸੇ ਵੇਲੇ ਭਾਈ ਘਨੱਈਆ ਨੂੰ  ਗਲ ਨਾਲ ਲਾਇਆ ਤੇ ਬੋਲੇ ਕਿ ਭਾਈ ਘਨੱਈਆ ਜੀ ਤੁਸੀਂ ਗੁਰੂ ਨਾਨਕ ਦੇ ਘਰ ਦੇ ਸਿਧਾਂਤ
ਨ ਕੋਈ ਵੈਰੀ ਨਹੀਂ ਬੇਗਾਨਾ
ਸਗਲ ਸੰਗਿ ਹਮ ਕਉ ਬਨਿ ਆਈ
ਨੂੰ ਸਹੀ ਅਰਥਾਂ ਵਿਚ ਸਮਝਿਆ ਹੈ ਤੇ ਲਾਗੂ ਕੀਤਾ ਹੈ | ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਵੇਲੇ ਮੱਲ੍ਹਮ ਪੱਟੀ ਮੰਗਵਾ ਕੇ ਭਾਈ ਘਨੱਈਆ ਨੂੰ  ਸੌਂਪਦਿਆਂ ਕਿਹਾ ਕਿ ਤੁਸੀਂ ਅੱਜ ਤੋਂ ਜ਼ਖ਼ਮੀਆਂ ਨੂੰ  ਜਲ ਛਕਾਉਣ ਦੇ ਨਾਲ-ਨਾਲ ਉਨ੍ਹਾਂ ਦੇ ਮੱਲ੍ਹਮ ਪੱਟੀ ਦੀ ਸੇਵਾ ਵੀ ਕਰਿਆ ਕਰੋ | ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਜੀ ਦੇ ਦਿਆਲੂ ਸੁਭਾਅ ਤੇ ਉਨ੍ਹਾਂ ਦੇ ਹੁਕਮ ਨੂੰ  ਮੰਨ ਕੇ ਭਾਈ ਘਨੱਈਆ ਜ਼ਖ਼ਮੀ ਯੋਧਿਆਂ ਨੂੰ  ਜਲ ਛਕਾਉਣ ਦੇ ਨਾਲ ਮੱਲ੍ਹਮ ਪੱਟੀ ਦੀ ਸੇਵਾ ਵੀ ਕਰਦੇ ਰਹੇ | ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਮਿਲਣ ਉਪਰੰਤ ਭਾਈ ਘਨੱਈਆ ਨੇ 'ਸੇਵਾ ਪੰਥੀ' ਸੰਪਰਦਾਇ ਦੀ ਨੀਂਹ ਰੱਖੀ, ਜਿਸ ਦਾ ਮੁੱਖ ਮਕਸਦ ਕਿਸੇ ਵੀ ਜਾਤੀ, ਧਰਮ ਜਾਂ ਨਸਲ ਦੇ ਭੇਦਭਾਵ ਤੋਂ ਬਿਨਾਂ ਮਾਨਵਤਾ ਦੀ ਨਿਸ਼ਕਾਮ ਸੇਵਾ ਕਰਨਾ ਹੈ | ਇਸ ਪ੍ਰਕਾਰ ਭਾਈ ਘਨੱਈਆ ਨੇ ਆਪਣੀ ਪੂਰੀ ਜ਼ਿੰਦਗੀ ਪ੍ਰਭੂ ਪਰਮੇਸ਼ਰ ਦੀ ਭਗਤੀ ਤੇ ਮਨੁੱਖਤਾ ਦੀ ਸੇਵਾ ਵਿਚ ਲਾ ਦਿੱਤੀ | ਇਤਿਹਾਸਕਾਰਾਂ ਅਨੁਸਾਰ 20 ਸਤੰਬਰ 1718 ਈ. ਨੂੰ  ਭਾਈ ਘਨੱਈਆ ਜੀ ਅਕਾਲ ਚਲਾਣਾ ਕਰ ਗਏ |
-ਮੋਬਾਈਲ : 84276-85020

ਪਿਛਲੀ ਖ਼ਬਰ ਆਗਮਨ ਪੁਰਬ 'ਤੇ ਵਿਸ਼ੇਸ਼ ਉਦਾਸੀਨ ਸੰਪਰਦਾਇ ਦੇ ਬਾਨੀ ਬਾਬਾ ਸ੍ਰੀਚੰਦ ਅਗਲੀ ਖ਼ਬਰ ਜਦੋਂ ਦਾਸ ਨੇ ਮਰਨ ਵਰਤ ਨਾ ਤੋੜ ਕੇ ਸ਼ਹੀਦੀ ਪ੍ਰਾਪਤ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।