21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਜਦੋਂ ਦਾਸ ਨੇ ਮਰਨ ਵਰਤ ਨਾ ਤੋੜ ਕੇ ਸ਼ਹੀਦੀ ਪ੍ਰਾਪਤ ਕੀਤੀ

ਜਦੋਂ ਦਾਸ ਨੇ ਮਰਨ ਵਰਤ ਨਾ ਤੋੜ ਕੇ ਸ਼ਹੀਦੀ ਪ੍ਰਾਪਤ ਕੀਤੀ

ਅਜੀਤ ਡੈਸਕ 21-09-2026

 

ਲਾਹੌਰ ਤੋਂ 15 ਸਤੰਬਰ, 1929 ਨੂੰ  ਇਕ ਅੰਗਰੇਜ਼ੀ ਅਖ਼ਬਾਰ ਵਿਚ ਖ਼ਬਰ ਪ੍ਰਕਾਸ਼ਿਤ ਹੋਈ, 'ਜਤਿੰਦਰ ਨਾਥ ਪਾਸਿਸ ਅਵੇ' (ਜਤਿੰਦਰ ਨਾਥ ਨਹੀਂ ਰਹੇ) | ਨਾਲ ਹੀ ਜਤਿੰਦਰ ਨਾਥ ਦੀ ਬੋਰਸਟਲ ਜੇਲ੍ਹ ਤੋਂ ਆਖ਼ਰੀ ਤਸਵੀਰ ਵੀ ਛਪੀ ਹੋਈ ਸੀ | ਉਸ ਦੀ ਮੌਤ ਤੋਂ ਬਾਅਦ ਵਾਇਸਰਾਏ ਨੇ ਲੰਡਨ ਨੂੰ  ਸੂਚਿਤ ਕੀਤਾ ਕਿ ਸਾਜਿਸ਼ ਕੇਸ ਦੇ ਸ੍ਰੀ ਦਾਸ, ਜੋ ਕਿ ਭੁੱਖ ਹੜਤਾਲ 'ਤੇ ਸਨ, ਦੀ ਅੱਜ ਦੁਪਹਿਰ 1 ਵਜੇ ਮੌਤ ਹੋ ਗਈ, ਜਿਸ ਦੇ ਬਾਅਦ ਭੁੱਖ ਹੜਤਾਲ ਕਰਨ ਵਾਲਿਆਂ 'ਚੋਂ ਪੰਜ ਨੇ ਆਪਣੀ ਭੁੱਖ ਹੜਤਾਲ ਛੱਡ ਦਿੱਤੀ ਹੈ ਤੇ ਕੇਵਲ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਅਜੇ ਵੀ ਹੜਤਾਲ 'ਤੇ ਹਨ |
ਕਲਕੱਤੇ ਦੀ ਫੇਰੀ ਦੌਰਾਨ ਮੈਂ ਇਸ ਸ਼ਹਿਰ ਨੂੰ  ਆਜ਼ਾਦੀ ਦੀ ਮੁਹਿੰਮ ਪੱਖੋਂ ਜਾਣਨ ਦੀ ਕੋਸ਼ਿਸ਼ ਕੀਤੀ, ਜਦ ਕਲਕੱਤਾ ਬਿ੍ਟਿਸ਼ ਰਾਜ ਦਾ ਕਿਲ੍ਹਾ ਸੀ | ਕਲਕੱਤਾ 1773-1911 ਤੱਕ ਬਿ੍ਟਿਸ਼ ਰਾਜ ਦੇ ਅਧੀਨ ਭਾਰਤ ਦੀ ਰਾਜਧਾਨੀ ਸੀ | ਬੰਗਾਲ ਨੇ ਮਹਾਨ ਕ੍ਰਾਂਤੀਕਾਰੀ ਪੈਦਾ ਕੀਤੇ ਹਨ, ਪਰ ਅੱਜ ਜਤਿੰਦਰ ਨਾਥ ਦਾਸ ਨੂੰ  ਉਨ੍ਹਾਂ ਦੇ ਸ਼ਹੀਦੀ ਦਿਵਸ 'ਤੇ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਟ ਕਰਦੇ ਹਾਂ | ਦਾਸ ਬੰਗਾਲ ਤੋਂ ਇਕ ਮਹਾਨ ਕ੍ਰਾਂਤੀਕਾਰੀ ਹੋਏ ਹਨ, ਜਿਨ੍ਹਾਂ ਨੇ 13 ਸਤੰਬਰ ਨੂੰ  ਸ਼ਹੀਦੀ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਦੇਸ਼ ਦੇ ਲੇਖੇ ਲਾ ਦਿੱਤੀ | ਦਾਸ ਨੇ ਭਗਤ ਸਿੰਘ ਤੇ ਉਸ ਦੇ ਹੋਰ ਸਾਥੀਆਂ ਨਾਲ 1929 'ਚ ਲਾਹੌਰ ਸੈਂਟਰਲ ਜੇਲ੍ਹ ਵਿਚ ਸ਼ਾਮਿਲ ਹੋ ਕੇ ਭੁੱਖ ਹੜਤਾਲ ਸ਼ੁਰੂ ਕੀਤੀ | ਉਸ ਨੇ ਯੂਰਪ ਤੋਂ ਆਏ ਭਾਰਤੀ ਰਾਜਨੀਤਕ ਕੈਦੀਆਂ ਦੀ ਬਰਾਬਰੀ ਦੀ ਮੰਗ ਕੀਤੀ | ਜੇਲ੍ਹਾਂ 'ਚ ਭਾਰਤੀਆਂ ਦੀ ਹਾਲਤ ਬੇਹੱਦ ਤਰਸਯੋਗ ਸੀ | ਭਾਰਤੀ ਕੈਦੀਆਂ ਨੂੰ  ਜੇਲ੍ਹਾਂ 'ਚ ਜੋ ਵਰਦੀਆਂ ਪਾਉਣੀਆਂ ਪੈਂਦੀਆਂ ਸਨ, ਉਨ੍ਹਾਂ ਨੂੰ  ਕਈ-ਕਈ ਦਿਨਾਂ ਤੱਕ ਨਾ ਧੋਤਾ ਜਾਂਦਾ, ਉਨ੍ਹਾਂ ਨੂੰ  ਸਾਫ਼-ਸੁਥਰਾ ਖਾਣਾ ਨਹੀਂ ਸੀ ਦਿੱਤਾ ਜਾਂਦਾ, ਨਾ ਕੋਈ ਪੜ੍ਹਨ ਲਈ ਸਮੱਗਰੀ ਤੇ ਨਾ ਲਿਖਣ ਲਈ ਕਾਗਜ਼ ਮੁਹੱਈਆ ਕਰਾਏ ਜਾਂਦੇ | ਇਸੇ ਜੇਲ੍ਹ 'ਚ ਅੰਗਰੇਜ਼ ਕੈਦੀਆਂ ਦੀ ਹਾਲਤ ਬਿਲਕੁਲ ਵੱਖਰੀ ਸੀ, ਜਿਨ੍ਹਾਂ ਨੂੰ  ਚੰਗੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ | ਦਾਸ ਨੇ ਇਹ ਮਹਿਸੂਸ ਕੀਤਾ ਕਿ ਉਦੇਸ਼ਾਂ ਨੂੰ  ਪ੍ਰਾਪਤ ਕੀਤੇ ਬਿਨਾਂ ਹੜਤਾਲ ਵਾਪਸ ਲੈਣਾ ਇਨਕਲਾਬੀ ਪਰੰਪਰਾ ਦੇ ਵਿਰੁੱਧ ਹੋਵੇਗਾ | ਦਰਅਸਲ ਉਸ ਨੇ ਇਸ ਭੁੱਖ ਹੜਤਾਲ ਦੀ ਅਗਵਾਈ ਕੀਤੀ ਤੇ ਅੰਤ ਤੱਕ ਇਸ ਨੂੰ  ਕਾਇਮ ਰੱਖਿਆ |
ਸਰਕਾਰ ਨੇ ਕ੍ਰਾਂਤੀਕਾਰੀਆਂ ਦੇ ਸੰਕਲਪ ਨੂੰ  ਪਰਖਣ ਲਈ ਜੇਲ੍ਹ ਦੀਆਂ ਕੋਠੜੀਆਂ 'ਚ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤੂਆਂ ਰੱਖ ਕੇ ਹੜਤਾਲ ਨੂੰ  ਤੋੜਨ ਦੀ ਕੋਸ਼ਿਸ਼ ਕੀਤੀ | ਪਾਣੀ ਦੇ ਘੜੇ ਦੁੱਧ ਨਾਲ ਭਰੇ ਹੋਏ ਸਨ, ਪਰ ਹੜਤਾਲ ਜਾਰੀ ਰਹੀ | ਅਧਿਕਾਰੀਆਂ ਨੇ ਕ੍ਰਾਂਤੀਕਾਰੀਆਂ ਨੂੰ  ਜ਼ਬਰਦਸਤੀ ਭੋਜਨ ਦੇਣ ਦੀ ਕੋਸ਼ਿਸ਼ ਕੀਤੀ, ਪਰ ਇਸ ਦਾ ਵਿਰੋਧ ਕੀਤਾ ਗਿਆ | ਦਾਸ ਦੀ ਵਿਗੜਦੀ ਸਿਹਤ ਨੂੰ  ਦੇਖਦੇ ਹੋਏ ਇਕ ਦਿਨ ਉਸ ਨੂੰ  ਸਟਰੈਚਰ 'ਤੇ ਅਦਾਲਤ 'ਚ ਲਿਆਂਦਾ ਗਿਆ | ਵਿਗੜਦੀ ਹਾਲਤ ਨੂੰ  ਦੇਖਦਿਆਂ ਜੇਲ੍ਹ ਕਮੇਟੀ ਨੇ ਉਸ ਨੂੰ  ਬਿਨਾਂ ਸ਼ਰਤ ਰਿਹਾਅ ਕਰਨ ਦੀ ਸਿਫ਼ਾਰਸ਼ ਕੀਤੀ | ਸਰਕਾਰ ਨੇ ਇਸ ਸਿਫ਼ਾਰਸ਼ ਨੂੰ  ਮਾਣ ਦਾ ਮਾਮਲਾ ਬਣਾ ਕੇ ਰੱਦ ਕਰ ਦਿੱਤਾ | ਸਰਕਾਰ ਨੇ ਉਨ੍ਹਾਂ ਨੂੰ  ਜ਼ਮਾਨਤ 'ਤੇ ਰਿਹਾਅ ਕਰਨ ਦੀ ਪੇਸ਼ਕਸ਼ ਕੀਤੀ, ਪਰ ਉਹ ਨਾ ਮੰਨਿਆ | ਕਿਸੇ ਨੇ ਉਨ੍ਹਾਂ ਲਈ ਜ਼ਮਾਨਤ ਦੀ ਰਕਮ ਜਮ੍ਹਾਂ ਕਰਾ ਦਿੱਤੀ, ਉਸ ਨੇ ਇਹ ਪੇਸ਼ਕਸ਼ ਵੀ ਠੁਕਰਾ ਦਿੱਤੀ | ਦਾਸ ਨੇ ਮਰਨ ਵਰਤ ਖ਼ਤਮ ਨਹੀਂ ਕੀਤਾ, ਭਾਵੇਂ ਕਿ ਉਸ ਦੇ ਬਹੁਤੇ ਸਾਥੀਆਂ ਨੇ ਭਰੋਸਾ ਦਿਵਾਇਆ ਕਿ ਜੇਲ੍ਹ ਕਮੇਟੀ ਜੇਲ੍ਹ ਵਿਚ ਰਹਿਣ ਦੀ ਸਥਿਤੀ 'ਚ ਸੁਧਾਰ ਕਰੇਗੀ | ਦਾਸ ਨੇ ਜ਼ਬਰਦਸਤੀ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ | ਉਸ ਦਾ ਵਰਤ 63 ਦਿਨ ਚੱਲਿਆ | 13 ਸਤੰਬਰ, 1929 ਨੂੰ  24 ਸਾਲ ਦੀ ਉਮਰ 'ਚ ਜਤਿੰਦਰ ਦਾਸ ਸ਼ਹੀਦ ਹੋ ਗਿਆ |
ਸੁਭਾਸ਼ ਚੰਦਰ ਬੋਸ ਨੇ ਦਾਸ ਦੀ ਦੇਹ ਨੂੰ  ਲਾਹੌਰ ਤੋਂ ਕਲਕੱਤਾ ਲਿਜਾਣ ਲਈ 600 ਰੁਪਏ ਭੇਜੇ | ਬੰਬਈ ਤੇ ਪੰਜਾਬ ਨੇ ਵੀ ਪੈਸੇ ਦੀ ਪੇਸ਼ਕਸ਼ ਕੀਤੀ | ਸਮੁੱਚੀ ਕੌਮ ਨੇ ਦਾਸ 'ਤੇ ਮਾਣ ਮਹਿਸੂਸ ਕੀਤਾ ਤੇ ਉਸ ਨੂੰ  ਸ਼ਕਤੀਸ਼ਾਲੀ ਬਿ੍ਟਿਸ਼ ਸਾਮਰਾਜ ਦੁਆਰਾ ਵੀ ਅਜਿੱਤ ਵਜੋਂ ਦੇਖਿਆ ਗਿਆ | ਦਾਸ ਦਾ ਅੰਤਿਮ ਸੰਸਕਾਰ ਬੋਰਸਟਲ ਜੇਲ੍ਹ ਤੋਂ ਸ਼ੁਰੂ ਹੋਇਆ | ਰੇਲਵੇ ਸਟੇਸ਼ਨ ਦੇ ਰਸਤੇ ਵਿਚ ਸੈਂਕੜੇ ਲੋਕ ਇਸ ਵਿਚ ਸ਼ਾਮਿਲ ਹੋਏ | ਲੋਕਾਂ ਨੇ ਹਰ ਰੇਲਵੇ ਸਟੇਸ਼ਨ 'ਤੇ ਚੁੱਪ-ਚੁਪੀਤੇ ਖੜ੍ਹੇ ਹੋ ਕੇ ਆਪਣਾ ਦੁੱਖ ਪ੍ਰਗਟ ਕੀਤਾ, ਜਿੱਥੋਂ ਦੀ ਦਾਸ ਦੀ ਮਿ੍ਤਕ ਦੇਹ ਨੂੰ  ਲੈ ਕੇ ਜਾਣ ਵਾਲੀ ਰੇਲ ਗੱਡੀ ਲੰਘੀ | ਕਲਕੱਤਾ ਵਿਚ ਲਗਭਗ ਛੇ ਲੱਖ ਲੋਕ ਹਾਵੜਾ ਰੇਲਵੇ ਸਟੇਸ਼ਨ 'ਤੇ ਇੰਤਜ਼ਾਰ ਕਰ ਰਹੇ ਸਨ | ਕੰਧਾਂ 'ਤੇ ਬੰਗਾਲੀ ਭਾਸ਼ਾ 'ਚ ਸੰਦੇਸ਼ ਲਿਖੇ ਹੋਏ ਸਨ, 'ਮੇਰਾ ਪੁੱਤਰ ਵੀ ਜਤਿੰਦਰ ਦਾਸ ਵਰਗਾ ਹੋਵੇ' | ਸੁਭਾਸ਼ ਚੰਦਰ ਬੋਸ ਨੇ ਹਾਵੜਾ ਸਟੇਸ਼ਨ 'ਤੇ ਦਾਸ ਦਾ ਤਾਬੂਤ ਪ੍ਰਾਪਤ ਕੀਤਾ ਤੇ ਸ਼ਮਸ਼ਾਨਘਾਟ ਤੱਕ ਅੰਤਿਮ ਸੰਸਕਾਰ ਦੀ ਅਗਵਾਈ ਕੀਤੀ | ਵੱਡੇ ਪੱਧਰ 'ਤੇ ਦਾਸ ਨੂੰ  ਸ਼ਰਧਾਂਜਲੀਆ ਭੇਟ ਕੀਤੀਆਂ ਗਈਆਂ | ਪੰਜਾਬੀ ਨੇਤਾ ਮੁਹੰਮਦ ਆਲਮ ਤੇ ਗੋਪੀ ਚੰਦ ਨੇ ਰੋਸ ਵਜੋਂ ਵਿਧਾਨ ਪ੍ਰੀਸ਼ਦ ਤੋਂ ਅਸਤੀਫ਼ੇ ਦੇ ਦਿੱਤੇ | ਸੁਭਾਸ਼ ਚੰਦਰ ਬੋਸ ਨੇ ਦਾਸ ਨੂੰ  ਰਾਸ਼ਟਰ ਦਾ 'ਨੌਜਵਾਨ ਦਧੀਚੀ' ਕਿਹਾ (ਪ੍ਰਾਚੀਨ ਭਾਰਤੀ ਰਿਸ਼ੀ, ਜਿਸ ਨੇ ਨੇਕ ਉਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ) |
ਭਾਰਤ ਵਿਚ ਵੱਖ-ਵੱਖ ਮਸਲਿਆਂ ਨੂੰ  ਲੈ ਕੇ ਬਹੁਤ ਵਾਰ ਭੁੱਖ ਹੜਤਾਲਾਂ ਹੋਈਆਂ, ਪਰ ਭਗਤ ਸਿੰਘ, ਬਟੁਕੇਸ਼ਵਰ ਦੱਤ, ਜਤਿੰਦਰ ਦਾਸ ਤੇ ਉਨ੍ਹਾਂ ਦੇ ਸਾਥੀਆਂ ਦੀ ਭੁੱਖ ਹੜਤਾਲ ਨੇ ਬਰਤਾਨਵੀ ਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ | ਆਖਰਕਾਰ ਭਗਤ ਸਿੰਘ ਨੇ ਆਪਣੇ ਪਿਤਾ ਤੇ ਕਾਂਗਰਸ ਲੀਡਰਸ਼ਿਪ ਦੀ ਬੇਨਤੀ 'ਤੇ 5 ਅਕਤੂਬਰ, 1929 ਨੂੰ  ਆਪਣੀ 116 ਦਿਨਾਂ ਦੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ | ਦਾਸ ਤੇ ਭਗਤ ਸਿੰਘ ਦੋਵਾਂ ਨੇ ਲਾਹੌਰ ਵਿਚ ਸ਼ਹੀਦੀ ਪ੍ਰਾਪਤ ਕੀਤੀ | ਭਗਤ ਸਿੰਘ ਨੇ 23 ਸਾਲ ਦੀ ਉਮਰ ਵਿਚ ਤੇ ਦਾਸ ਨੇ 24 ਸਾਲ ਦੀ ਉਮਰ ਵਿਚ | ਮੇਰੇ ਦਿਲ ਨੇ ਸ਼ਹੀਦਾਂ ਦੇ ਦਰਦ ਨੂੰ  ਮਹਿਸੂਸ ਕੀਤਾ | ਸ਼ਹੀਦ ਭਗਤ ਸਿੰਘ ਕਿਹਾ ਕਰਦੇ ਸਨ ਕਿ ਉਹ ਮੈਨੂੰ ਮਾਰ ਸਕਦੇ ਹਨ ਪਰ ਮੇਰੇ ਵਿਚਾਰਾਂ ਨੂੰ  ਨਹੀਂ ਮਾਰ ਸਕਦੇ | ਉਹ ਮੇਰੇ ਸਰੀਰ ਨੂੰ  ਕੁਚਲ ਸਕਦੇ ਹਨ ਪਰ ਮੇਰੀ ਆਤਮਾ ਨੂੰ  ਕੁਚਲਣ ਵਿਚ ਸਮਰੱਥ ਨਹੀਂ ਹੋਣਗੇ |
-ਡਾਇਰੈਕਟਰ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ |
ਮੋਬਾਈਲ : 98548-00075

ਪਿਛਲੀ ਖ਼ਬਰ ਮਾਨਵਵਾਦੀ ਸ਼ਖ਼ਸੀਅਤ ਸਨ ਭਾਈ ਘਨੱਈਆ ਅਗਲੀ ਖ਼ਬਰ ਸਾਲਾਨਾ ਸਮਾਗਮ 'ਤੇ ਵਿਸ਼ੇਸ਼ ਨਾਨਕਸਰ ਸੰਪਰਦਾਇ ਦੇ ਭਜਨੀਕ ਸੰਤ ਬਾਬਾ ਨੰਦ ਸਿੰਘ ਕਲੇਰਾਂ ਵਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।