ਨਵੀਂ ਦਿੱਲੀ, 17 ਜੂਨ (ਪੀ.ਟੀ.ਆਈ.)-ਖੇਡ ਰਾਜ ਮੰਤਰੀ ਰਕਸ਼ਾ ਖੜਸੇ ਦਾ ਕਹਿਣਾ ਹੈ ਕਿ 2036 ਉਲੰਪਿਕ ਦੀ ਮੇਜ਼ਬਾਨੀ ਕਰਨ ਦੀ ਭਾਰਤ ਦੀ ਕੋਸ਼ਿਸ਼ ਸਿਰਫ਼ ਅੰਤਰਰਾਸ਼ਟਰੀ ਪੱਧਰ 'ਤੇ ਬਿਆਨ ਦੇਣ ਦੀ ਕੋਸ਼ਿਸ਼ ਨਹੀਂ ਹੈ, ਸਗੋਂ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਬਣਾਉਣ, ਆਰਥਿਕਤਾ ਨੂੰ ਮਜ਼ਬੂਤ ਕਰਨ ਤੇ ਦੇਸ਼ ਦੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਸਮਾਜਿਕ ਮੁੱਦਿਆਂ ਨਾਲ ਨਜਿੱਠਣ ਲਈ ਇੱਕ ਸੋਚੀ-ਸਮਝੀ ਯੋਜਨਾ ਵੀ ਹੈ | ਪੀ.ਟੀ.ਆਈ. ਨੂੰ ਦਿੱਤੇ ਇੱਕ ਵਿਸ਼ੇਸ਼ ਇੰਟਰਵਿਊ ਵਿਚ, ਮਹਾਰਾਸ਼ਟਰ ਦੇ ਰਾਵਰ ਹਲਕੇ ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੀ 38 ਸਾਲਾ ਰਕਸ਼ਾ ਨੇ ਕੁਝ ਹਿੱਸਿਆਂ ਵੱਲੋਂ ਕੀਤੀ ਗਈ ਆਲੋਚਨਾ ਨੂੰ ਖਾਰਜ ਕਰ ਦਿੱਤਾ ਕਿ ਦੇਸ਼ ਨੂੰ ਉਲੰਪਿਕ ਦੀ ਮੇਜ਼ਬਾਨੀ ਵਰਗੀ ਮਹਿੰਗੀ ਚੀਜ਼ ਦਾ ਟੀਚਾ ਬਣਾਉਣ ਤੋਂ ਪਹਿਲਾਂ ਇੱਕ ਖੇਡ ਪਾਵਰਹਾਊਸ ਬਣਨ 'ਤੇ ਵਧੇਰੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ | 2036 ਉਲੰਪਿਕ ਜਾਂ 2030 ਰਾਸ਼ਟਰਮੰਡਲ ਖੇਡਾਂ ਵਰਗੇ ਸਮਾਗਮਾਂ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਆਰਥਿਕ ਨਿਵੇਸ਼ ਤੇ ਵਿਰਾਸਤੀ ਪ੍ਰਣਾਲੀਆਂ ਬਣਾਉਣ ਬਾਰੇ ਹੈ ਜੋ ਸਿੱਧੇ ਤੌਰ 'ਤੇ ਅਥਲੀਟਾਂ ਦੇ ਵਿਕਾਸ ਨੂੰ ਲਾਭ ਪਹੁੰਚਾਉਂਦੇ ਹਨ | ਖੇਡਾਂ ਦੀ ਮੇਜ਼ਬਾਨੀ ਲਈ ਭਾਰਤ ਦੀ ਬੋਲੀ ਅਗਲੇ ਮਹੀਨੇ ਉਦੋਂ ਤੇਜ਼ ਹੋਵੇਗੀ ਜਦੋਂ ਖੇਡ ਮੰਤਰਾਲਾ ਤੇ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਅਧਿਕਾਰੀਆਂ ਦਾ ਇੱਕ ਵਫ਼ਦ ਪਿਛਲੇ ਸਾਲ ਆਪਣਾ ਇਰਾਦਾ ਪੱਤਰ ਸੌਂਪਣ ਤੋਂ ਬਾਅਦ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਨਾਲ ਵਿਚਾਰ-ਵਟਾਂਦਰੇ ਲਈ ਲੁਸਾਨੇ ਜਾਵੇਗਾ |
2036 ਉਲੰਪਿਕ ਦੀ ਮੇਜ਼ਬਾਨੀ ਹਰ ਪੱਖੋਂ ਭਾਰਤ ਲਈ ਜਿੱਤ ਹੋਵੇਗੀ-ਖੇਡ ਰਾਜ ਮੰਤਰੀ
ਅਜੀਤ ਡੈਸਕ
18-06-2025