ਐਬਟਸਫੋਰਡ, 17 ਜੂਨ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੀ ਗਵਰਨਰ ਜਨਰਲ ਮੈਰੀ ਸਾਈਮਨ ਨੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਕਾਮਿਸ ਦੇ ਹੋਣਹਾਰ ਪੰਜਾਬੀ ਵਿਦਿਆਰਥੀ ਜੋਧ ਘੁਮਾਣ ਨੂੰ ਵਿੱਦਿਅਕ ਖੇਤਰ ਵਿਚ ਉੱਚ ਸਨਮਾਨ 'ਗਵਰਨਰ ਜਨਰਲ ਸਿਲਵਰ ਮੈਡਲ' ਨਾਲ ਸਨਮਾਨਿਤ ਕੀਤਾ ਹੈ | ਕੈਨੇਡਾ ਦੇ ਗਵਰਨਰ ਜਨਰਲ ਵਲੋਂ ਅਕਾਦਮਿਕ ਖੇਤਰ ਵਿਚ ਇਹ ਸਨਮਾਨ ਹਰ ਸਾਲ ਉਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਪੜ੍ਹਾਈ ਵਿਚ ਉੱਚ ਦਰਜੇ ਦੇ ਅੰਕ ਪ੍ਰਾਪਤ ਕੀਤੇ ਹੋਣ | ਸਕਾਮਿਸ ਦੇ ਹੋਅ ਸਾਊਾਡ ਸੈਕੰਡਰੀ ਸਕੂਲ ਦੇ ਵਿਦਿਆਰਥੀ ਰਹੇ ਜੋਧ ਘੁਮਾਣ ਨੂੰ ਸਕੂਲ ਵਲੋਂ 750 ਡਾਲਰ ਦਾ ਵਜ਼ੀਫ਼ਾ ਦਿੱਤਾ ਗਿਆ ਸੀ | ਬਚਪਨ ਤੋਂ ਹੀ ਪੜ੍ਹਾਈ ਵਿਚ ਹੁਸ਼ਿਆਰ ਜੋਧ ਘੁਮਾਣ ਯੂਨੀਵਰਸਿਟੀ ਆਫ ਮੈਨੀਟੋਬਾ ਵਿਖੇ ਬੈਚਲਰ ਆਫ਼ ਸਾਇੰਸ ਦੀ ਪੜ੍ਹਾਈ ਕਰ ਰਿਹਾ ਹੈ ਤੇ ਉਸ ਨੇ ਬੈਚਲਰ ਡਿਗਰੀ ਪ੍ਰੋਗਰਾਮ ਦੇ ਪਹਿਲੇ ਸਾਲ ਉੱਚ ਦਰਜੇ ਦੇ ਅੰਕ ਪ੍ਰਾਪਤ ਕੀਤੇ ਹਨ ਤੇ ਸਕੂਲ ਵਲੋਂ ਉਸ ਨੂੰ 759 ਡਾਲਰ ਦਾ ਵਜ਼ੀਫ਼ਾ ਵੀ ਮਿਲਿਆ ਸੀ | ਜੋਧ ਘੁਮਾਣ ਨੌਜਵਾਨਾਂ ਨੂੰ ਵਾਤਾਵਰਨ ਦੀ ਸੰਭਾਲ ਤੇ ਮਾਨਸਿਕ ਸਿਹਤ ਬਾਰੇ ਵੀ ਜਾਗਰੂਕ ਕਰਦਾ ਹੈ |