ਲੀਡਸ, 20 ਜੂਨ (ਏਜੰਸੀ)- ਕਪਤਾਨ ਸ਼ੁਭਮਨ ਗਿੱਲ ਤੇ ਯਸ਼ਸਵੀ ਜਾਇਸਵਾਲ ਦੇ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਇੰਗਲੈਂਡ ਖਿਲਾਫ਼ ਪਹਿਲੇ ਟੈਸਟ ਮੈਚ ਦੇ ਸ਼ੁਰੂਆਤੀ ਦਿਨ ਸ਼ੁੱਕਰਵਾਰ ਨੂੰ 3 ਵਿਕਟਾਂ 'ਤੇ 359 ਦੌੜਾਂ ਬਣਾ ਲਈਆਂ | ਲੀਡਸ ਦੇ ਹੈਡਿੰਗਲੇ ਕ੍ਰਿਕਟ ਸਟੇਡੀਅਮ 'ਚ ਖੇਡੇ ਜਾ ਰਹੇ ਤੇਂਦੁਲਕਰ-ਐਂਡਰਸਨ ਟਰਾਫ਼ੀ ਦੇ ਟੈਸਟ ਮੈਚ ਦੌਰਾਨ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਨੂੰ ਚੁਣਿਆ | ਬੱਲੇਬਾਜ਼ੀ ਕਰਨ ਮੈਦਾਨ 'ਤੇ ਉਤਰੀ ਭਾਰਤੀ ਟੀਮ ਨੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਪਹਿਲੀ ਪਾਰੀ 'ਚ 85 ਓਵਰਾਂ 'ਚ 3 ਵਿਕਟਾਂ 'ਤੇ 359 ਦੌੜਾਂ ਬਣਾਈਆਂ | ਟੀਮ ਵਲੋਂ ਕਪਤਾਨ ਸ਼ੁਭਮਨ ਗਿੱਲ 175 ਗੇਂਦਾਂ 'ਤੇ 16 ਚੌਕੇ ਤੇ 1 ਛੱਕੇ ਨਾਲ 127 ਦੌੜਾਂ ਬਣਾ ਕੇ ਕਰੀਜ਼ 'ਤੇ ਡਟੇ ਹੋਏ ਹਨ | ਉਥੇ ਹੀ ਰਿਸ਼ਭ ਪੰਤ ਵੀ 6 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 65 ਦੌੜਾਂ ਬਣਾ ਕੇ ਕਰੀਜ਼ 'ਤੇ ਹਨ | ਜਦੋਂ ਕਿ ਯਸ਼ਸਵੀ ਜਾਇਸਵਾਲ ਨੇ 16 ਚੌਕੇ ਤੇ 1 ਛੱਕੇ ਦੀ ਮਦਦ ਨਾਲ 101 ਦੌੜਾਂ ਦੀ ਪਾਰੀ ਖੇਡੀ | ਕੇ.ਐਲ. ਰਾਹੁਲ 78 ਗੇਂਦਾਂ 'ਤੇ 8 ਚੌਕਿਆਂ ਦੀ ਮਦਦ ਨਾਲ 42 ਦੌੜਾਂ ਬਣਾ ਕੇ ਆਊਟ ਹੋ ਗਏ | ਇੰਗਲੈਂਡ ਵਲੋਂ ਬੇਨ ਸਟੋਕਸ ਨੇ 2 ਵਿਕਟਾਂ ਅਤੇ ਬ੍ਰਾਇਡਨ ਕਾਰਸ ਨੇ 1 ਵਿਕਟ ਹਾਸਿਲ ਕੀਤੀ |
ਗਿੱਲ ਤੇ ਜਾਇਸਵਾਲ ਦੇ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਪਹਿਲੇ ਦਿਨ ਇੰਗਲੈਂਡ ਖ਼ਿਲਾਫ਼ 359 ਦੌੜਾਂ ਬਣਾਈਆਂ
ਅਜੀਤ ਡੈਸਕ
21-06-2025