ਨਵੀਂ ਦਿੱਲੀ, 6 ਨਵੰਬਰ (ਉਪਮਾ ਡਾਗਾ ਪਾਰਥ)-ਰਾਸ਼ਟਰਪਤੀ ਦਰੋਮਦੀ ਮੁਰਮੂ ਨੇ ਵੀਰਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਵਿਸ਼ਵ ਕੱਪ ਜੇਤੂ ਮਹਿਲਾ ਭਾਰਤੀ ਕ੍ਰਿਕਟ ਟੀਮ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਇਤਿਹਾਸਕ ਉਪਲਬਧੀ ਲਈ ਵਧਾਈ ਦਿੱਤੀ | ਟੀਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਇਕ ਦਿਨ ਬਾਅਦ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ | ਉਕਤ ਮੁਲਾਕਾਤ ਦੀ ਜਾਣਕਾਰੀ ਰਾਸ਼ਟਰਪਤੀ ਭਵਨ ਦੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਅਧਿਕਾਰਤ ਹੈਾਡਲ ਰਾਹੀਂ ਦਿੱਤੀ ਗਈ | ਮੁਲਾਕਾਤ ਦੀਆਂ ਤਸਵੀਰਾਂ ਨਾਲ ਪਾਏ ਸੰਦੇਸ਼ 'ਚ ਲਿਖਿਆ ਕਿ ਆਈ.ਸੀ.ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਦੀ ਜੇਤੂ ਟੀਮ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਰਾਸ਼ਟਰਪਤੀ ਭਵਨ 'ਚ ਮੁਲਾਕਾਤ ਕੀਤੀ | ਰਾਸ਼ਟਰਪਤੀ ਨੇ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਇਤਿਹਾਸ ਰਚਿਆ ਹੈ | ਉਹ ਨਵੀਂ ਪੀੜ੍ਹੀ ਲਈ ਰੋਲ ਮਾਡਲ ਬਣ ਗਈ ਹੈ | ਰਾਸ਼ਟਰਪਤੀ ਨੇ ਕਿਹਾ ਕਿ ਇਹ ਟੀਮ ਭਾਰਤ ਦੀ ਝਲਕ ਹੈ | ਇਹ ਵੱਖ-ਵੱਖ ਖੇਤਰਾਂ, ਸਮਾਜਿਕ ਪਿਛੋਕੜ ਅਤੇ ਹਾਲਾਤਾਂ 'ਚੋਂ ਆਈ ਹੈ ਪਰ ਇਹ ਇਕ ਟੀਮ ਹੈ-ਟੀਮ ਇੰਡੀਆ | ਮੁਰਮੂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਖ਼ਾਸ ਕਰਕੇ ਲੜਕੀਆਂ ਨੂੰ ਜੀਵਨ 'ਚ ਅੱਗੇ ਵੱਧਣ ਦੀ ਪ੍ਰੇਰਨਾ ਮਿਲੇਗੀ | ਉਨ੍ਹਾਂ ਵਿਸ਼ਵਾਸ ਜਤਾਇਆ ਕਿ ਜਿਨ੍ਹਾਂ ਗੁਣਾਂ ਨਾਲ ਉਨ੍ਹਾਂ ਇਤਿਹਾਸ ਰਚਿਆ ਹੈ, ਉਨ੍ਹਾਂ ਗੁਣਾਂ ਦੇ ਨਾਲ ਹੀ ਉਹ ਭਵਿੱਖ ਵਿਚ ਵੀ ਭਾਰਤੀ ਕ੍ਰਿਕਟ ਟੀਮ ਨੂੰ ਸਿਖਰ 'ਤੇ ਬਣਾਈ ਰੱਖਣਗੀਆਂ | ਮੁਲਾਕਾਤ ਦੌਰਾਨ ਕਪਤਾਨ ਹਰਮਨਪ੍ਰੀਤ ਕੌਰ ਨੇ ਰਾਸ਼ਟਰਪਤੀ ਨੂੰ ਭਾਰਤੀ ਟੀਮ ਦੀ ਜਰਸੀ ਭੇਟ ਕੀਤੀ ਜਿਸ 'ਤੇ ਸਾਰੇ ਖਿਡਾਰੀਆਂ ਦੇ ਦਸਤਖ਼ਤ ਸਨ | ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਐਤਵਾਰ ਰਾਤ ਨਵੀਂ ਮੁੰਬਈ ਦੇ ਡੀ.ਵਾਈ. ਪਾਟਿਲ ਸਟੇਡੀਅਮ 'ਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਆਪਣਾ ਪਹਿਲਾ ਆਈ.ਸੀ.ਸੀ. ਖ਼ਿਤਾਬ ਜਿੱਤਿਆ ਸੀ |
ਰਾਸ਼ਟਰਪਤੀ ਮੁਰਮੂ ਵਲੋਂ ਮਹਿਲਾ ਚੈਂਪੀਅਨ ਕ੍ਰਿਕਟ ਟੀਮ ਨਾਲ ਮੁਲਾਕਾਤ <br/>
ਅਜੀਤ ਡੈਸਕ
07-11-2025