ਸਾਨ ਫਰਾਂਸਿਸਕੋ, 15 ਜੂਨ (ਐਸ ਅਸ਼ੋਕ ਭੌਰਾ)-ਡੱਚ ਕਿੰਗ ਵਿਲੀਅਮ ਅਲੈਗਜ਼ੈਂਡਾ ਦੀ ਯਾਦ 'ਚ ਮਨਾਏ ਜਾਣ ਵਾਲੇ 'ਕਿੰਗਜ਼ ਡੇ' ਮੌਕੇ ਅਮਰੀਕਾ ਭਰ 'ਚ ਅੱਜ ਟਰੰਪ ਪ੍ਰਸ਼ਾਸਨ ਦੇ ਖਿਲਾਫ 'ਨੋ ਕਿੰਗਜ਼' ਦਿਵਸ ਦੇ ਵਿਰੋਧ ਵਜੋਂ ਮਨਾਇਆ ਗਿਆ | ਇਸ ਦੌਰਾਨ ਦੇਸ਼ ਭਰ ਵਿਚ ਲਗਭਗ 2,000 ਵਿਰੋਧ ਪ੍ਰਦਰਸ਼ਨ ਤੇ ਰੈਲੀਆਂ ਕੀਤੀਆਂ | ਕੁਝ ਖੇਤਰਾਂ ਵਿਚ ਪ੍ਰਦਰਸ਼ਨਕਾਰੀਆਂ ਨੇ ਬਰਫ਼ੀਲੇ ਮੌਸਮ ਦਾ ਸਾਹਮਣਾ ਕਰਦੇ ਹੋਏ ਵੀ ਪ੍ਰਵਾਸੀਆਂ ਦੇ ਅਧਿਕਾਰਾਂ ਦਾ ਸਮਰਥਨ ਕਰਨ ਵਾਲੇ ਚਿੰਨ੍ਹ ਖੜ੍ਹੇ ਕੀਤੇ ਤੇ ਨਾਅਰੇ ਲਗਾਏ | ਫਲੋਰੀਡਾ ਵਿਚ, ਮਾਰਚ ਕਰਨ ਵਾਲੇ ਟਰੰਪ ਦੇ ਪਾਮ ਬੀਚ ਅਸਟੇਟ, ਮਾਰ-ਏ-ਲਾਗੋ ਦੇ ਨੇੜੇ ਵੀ ਇਕੱਤਰ ਹੋਏ | ਉੱਧਰ ਵਾਈਟ ਹਾਊਸ ਦੇ ਬਾਹਰ ਪ੍ਰਦਰਸ਼ਨਕਾਰੀ ਇੱਕ ਘੰਟੇ ਤੋਂ ਵੱਧ ਜੋਰਦਾਰ ਵਿਰੋਧ ਪ੍ਰਦਰਸ਼ਨ ਕਰਦੇ ਰਹੇ | ਰਾਸ਼ਟਰਪਤੀ ਡੋਨਾਲਡ ਟਰੰਪ ਦੇ ਡਾਇਪਰ ਪਹਿਨੇ ਹੋਏ 20 ਫੁੱਟ ਦੇ ਗੁਬਾਰੇ ਨੂੰ ਫੁਲਾਇਆ ਗਿਆ ਤੇ ਲਾਸ ਏਾਜਲਸ ਦੇ ਗਲੋਰੀਆ ਮੋਲੀਨਾ ਗ੍ਰੈਂਡ ਪਾਰਕ ਵਿਚ ਇੱਕ ਸਾਰਡਾਈਨ ਭੀੜ ਵਿਚੋਂ ਲੰਘਿਆ | 'ਨੋ ਕਿੰਗਜ਼ ਡੇ' ਮਾਰਚ ਮੌਕੇ ਕਿਤੇ ਵੀ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਟਕਰਾਅ ਹੋਣ ਦੀ ਖਬਰ ਨਹੀਂ ਹੈ | ਪ੍ਰਦਰਸ਼ਨਕਾਰੀਆਂ ਦੇ ਉਰੋਂ ਹੈਲੀਕਾਪਟਰ ਲੰਘਦੇ ਰਹੇ ਪਰ ਨਾਅਰੇ ਤੇ ਤਾਲ਼ੀਆਂ ਦੀ ਆਵਾਜ ਮੱਧਮ ਨਾ ਹੋਈ | ਨਿਊਯਾਰਕ, ਫਿਲਾਡੇਲਫੀਆ ਅਤੇ ਹਿਊਸਟਨ ਵਰਗੇ ਸ਼ਹਿਰਾਂ ਵਿਚ ਕਾਨੂੰਨਸਾਜ਼ਾਂ, ਯੂਨੀਅਨ ਆਗੂਆਂ ਤੇ ਕਾਰਕੁੰਨਾਂ ਨੇ ਟਰੰਪ ਦੇ ਵਿਰੋਧ ਵਿਚ ਅਮਰੀਕੀ ਝੰਡੇ ਤੇ ਚਿੰਨ੍ਹ ਲਹਿਰਾਉਂਦੇ ਹੋਏ ਵੱਡੇ ਇਕੱਠ ਵਿਚ ਭਾਸ਼ਣ ਦਿੱਤੇ | ਫਿਲਾਡੇਲਫੀਆ ਵਿਚ ਇਕ 61 ਸਾਲਾ ਨਰਸ ਵੈਨ ਟ੍ਰਾਈਸਟ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਲੋਕਤੰਤਰ ਦੀ ਰੱਖਿਆ ਕਰਨ ਦੀ ਲੋੜ ਹੈ | 29 ਸਾਲਾ ਐਲੀਡੀਆ ਬੁਏਨਰੋਸਟ੍ਰੋ ਨੇ ਦੱਸਿਆ ਕਿ ਉਸਨੇ ਦੇਸ਼ ਵਿਚ ਰਹਿ ਰਹੇ ਗੈਰ-ਦਸਤਾਵੇਜ਼ੀ ਪਰਿਵਾਰਕ ਮੈਂਬਰਾਂ ਵਲੋਂ ਮਾਰਚ ਕੀਤਾ ਹੈ | ਉਸਨੇ ਤੇ ਉਸਦੀ ਧੀ ਨੇ ਇੱਕ ਤਖ਼ਤੀ ਫੜੀ ਹੋਈ ਸੀ ਜਿਸ 'ਤੇ ਲਿਖਿਆ ਸੀ 'ਪਰਿਵਾਰ ਇਕੱਠੇ ਰਹਿੰਦੇ ਹਨ | ਇਕ ਲੋਕ 'ਨੋ ਕਿੰਗਜ਼' ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲੈ ਰਹੇ ਸਨ ਤੇ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਾਸ਼ਿੰਗਟਨ, ਡੀ.ਸੀ. ਵਿਚ ਇੱਕ ਫੌਜੀ ਪਰੇਡ ਦੀ ਪ੍ਰਧਾਨਗੀ ਕਰ ਰਹੇ ਸਨ |
ਟਰੰਪ ਪ੍ਰਸ਼ਾਸਨ ਦੀਆਂ ਧੱਕੇਸ਼ਾਹੀਆਂ ਵਿਰੁੱਧ ਅਮਰੀਕਾ 'ਚ ਦੋ ਹਜ਼ਾਰ ਤੋਂ ਵੱਧ ਥਾਵਾਂ 'ਤੇ ਪ੍ਰਦਰਸ਼ਨ
ਅਜੀਤ ਡੈਸਕ
16-06-2025