14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪਾਕਿ ਦੀ ਸੰਸਦ 'ਚ ਯੋਗੀ ਆਦਿੱਤਿਆਨਾਥ ਦੇ ਪੜ੍ਹੇ ਕਸੀਦੇ <br/>

ਅਜੀਤ ਡੈਸਕ 20-06-2025

ਅੰਮਿ੍ਤਸਰ, 19 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਬਜਟ ਸੈਸ਼ਨ 'ਚ ਜੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੇਅਰਮੈਨ ਤੇ ਸੰਸਦ ਮੈਂਬਰ ਗੌਹਰ ਅਲੀ ਖ਼ਾਨ ਨੇ ਸੰਬੋਧਨ ਦੌਰਾਨ ਭਾਰਤ ਸਰਕਾਰ ਤੇ ਵਿਸ਼ੇਸ਼ ਤੌਰ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਭਾਵੇਂ ਕਿ ਭਾਰਤ ਸਾਡਾ ਦੁਸ਼ਮਣ ਹੈ, ਪਰ ਉਸਦੀ ਤਰੱਕੀ ਵਲ ਧਿਆਨ ਦੇਣਾ ਅਤੇ ਇਸ ਦੇ ਕਾਰਨਾਂ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ | ਐੱਮ. ਐੱਨ. ਏ. ਗੌਹਰ ਅਲੀ ਖ਼ਾਨ ਨੇ ਇਸ ਬਾਰੇ ਕੁਝ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਾਕਿਸਤਾਨ ਦਾ ਇਸ ਵਾਰ ਦਾ ਕੁੱਲ ਬਜਟ 62 ਅਰਬ ਪਾਕਿਸਤਾਨੀ ਰੁਪਏ (ਭਾਰਤੀ ਕਰੰਸੀ ਮੁਤਾਬਿਕ 18.96 ਅਰਬ ਰੁਪਏ) ਹੈ, ਜਦੋਂਕਿ ਭਾਰਤ ਦੇ 28 ਰਾਜਾਂ 'ਚੋਂ ਇਕ ਯੂ.ਪੀ. (ਉੱਤਰ ਪ੍ਰਦੇਸ਼) ਰਾਜ ਦਾ ਬਜਟ 97 ਅਰਬ ਰੁਪਏ ਹੈ | ਦੱਸਣਯੋਗ ਹੈ ਕਿ ਮੌਜੂਦਾ ਸਮੇਂ ਭਾਰਤੀ 1 ਰੁਪਏ ਦੀ ਕੀਮਤ ਪਾਕਿ 'ਚ 3.27 ਰੁਪਏ ਦੇ ਬਰਾਬਰ ਹੈ | ਖ਼ਾਨ ਨੇ ਕੁਝ ਹੋਰ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਾਕਿ ਦਾ ਕੁੱਲ ਮਾਲੀਆ 50 ਅਰਬ ਰੁਪਏ ਤੇ ਯੂ. ਪੀ. ਦਾ 80 ਅਰਬ ਰੁਪਏ ਹੈ | ਇਸੇ ਤਰ੍ਹਾਂ ਪਾਕਿ ਦਾ ਟੈਕਸ ਮਾਲੀਆ ਯੂ.ਪੀ. ਦੇ ਟੈਕਸ ਮਾਲੀਏ ਨਾਲੋਂ 16 ਅਰਬ ਰੁਪਏ ਘੱਟ ਹੈ | ਐੱਮ. ਐੱਨ. ਏ. ਗੌਹਰ ਅਲੀ ਖ਼ਾਨ ਨੇ ਭਾਰਤ ਦੇ ਕੇਂਦਰੀ ਬਜਟ 2025 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ 500 ਕਰੋੜ ਰੁਪਇਆਂ ਦੇ ਏ.ਆਈ. ਅਲਾਟਮੈਂਟ ਦਾ ਹਵਾਲਾ ਦਿੰਦੇ ਹੋਏ ਆਰਟੀਫੀਸ਼ੀਅਲ ਇੰਟੈਲੀਜੈਂਸ 'ਚ ਭਾਰਤ ਦੇ ਰਣਨੀਤਕ ਨਿਵੇਸ਼ ਦੀ ਵੀ ਪ੍ਰਸ਼ੰਸਾ ਕੀਤੀ |
ਉਨ੍ਹਾਂ ਨੇ ਸੈਸ਼ਨ ਦੌਰਾਨ ਨੈਸ਼ਨਲ ਅਸੈਂਬਲੀ 'ਚ ਪਾਕਿਸਤਾਨੀ ਸੰਸਦ ਮੈਂਬਰਾਂ ਤੇ ਮੰਤਰੀਆਂ ਦੀ ਗ਼ੈਰ-ਹਾਜ਼ਰੀ ਦੀ ਆਲੋਚਨਾ ਕੀਤੀ | ਇਸਦੇ ਨਾਲ ਹੀ ਉਨ੍ਹਾਂ ਨੇ ਖ਼ਾਸ ਕਰਕੇ ਸਿਹਤ ਸੰਭਾਲ ਤੇ ਉੱਭਰ ਰਹੀਆਂ ਤਕਨਾਲੋਜੀਆਂ ਦੇ ਸੰਬੰਧ 'ਚ ਸਰਕਾਰ ਦੀ ਗੰਭੀਰਤਾ ਦੀ ਘਾਟ ਦੀ ਨਿੰਦਾ ਕੀਤੀ | ਉਨ੍ਹਾਂ ਨੇ ਕਿਹਾ ਕਿ ਬਜਟ ਦੌਰਾਨ ਪਾਕਿ 'ਚ ਸਾਰੇ ਮਹੱਤਵਪੂਰਨ ਪ੍ਰਾਜੈਕਟ ਰੱਦ ਕਰਕੇ ਰੱਖਿਆ ਬਜਟ 'ਚ ਭਾਰੀ ਤੇ ਹੈਰਾਨੀਜਨਕ ਵਾਧਾ ਕਰਨਾ ਵੀ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ |

ਪਿਛਲੀ ਖ਼ਬਰ ਸ਼ਤਰੰਜ 'ਚ ਦਿਵਿਆ ਦੇਸ਼ਮੁਖ ਨੇ ਵਿਸ਼ਵ ਨੰ-1 ਵਿਰੋਧੀ ਨੂੰ ਹਰਾਇਆ <br/> ਅਗਲੀ ਖ਼ਬਰ ਪੈਰਿਸ ਡਾਇਮੰਡ ਲੀਗ ਨੀਰਜ ਚੋਪੜਾ ਦੀਆਂ ਨਜ਼ਰਾਂ ਖਿਤਾਬ 'ਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।