ਜਲੰਧਰ, 19 ਜੂਨ (ਡਾ. ਜਤਿੰਦਰ ਸਾਬੀ)-ਲਗਾਤਾਰ ਦੋ ਪ੍ਰਤੀਯੋਗਤਾਵਾਂ 'ਚ ਦੂਜੇ ਸਥਾਨ 'ਤੇ ਰਹਿਣ ਤੋਂ ਬਾਅਦ 90 ਮੀਟਰ ਪਾਰ ਕਰ ਚੁੱਕੇ ਦੋ ਵਾਰੀ ਉਲੰਪਿਕ ਤਗਮਾ ਜੇਤੂ ਗੋਲਡਨ ਬੁਆਏ ਨੀਰਜ ਚੋਪੜਾ ਹੁਣ 20 ਜੂਨ ਨੂੰ ਪਿਛਲੇ 8 ਸਾਲ ਤੋਂ ਪਹਿਲੀ ਵਾਰ ਪੈਰਿਸ ਡਾਇਮੰਡ ਲੀਗ 'ਚ ਹਿੱਸਾ ਲੈਣ ਲਈ ਸੋਨ ਤਗਮੇ ਦਾ ਨਿਸ਼ਾਨਾ ਲੈ ਕੇ ਮੈਦਾਨ 'ਚ ਡਟਣਗੇ | ਡਾਇਮੰਡ ਲੀਗ ਦੇ ਦੂਜੇ ਗੇੜ 'ਚ ਹਿੱਸਾ ਲੈਣ ਵਾਲੇ ਜੈਵਲਿਨ ਥਰੋਅਰ ਜਰਮਨੀ ਦੇ ਜੂਲੀਅਨ ਵੇਬਰ, ਦੋ ਵਾਰੀ ਵਿਸ਼ਵ ਚੈਪੀਅਨ ਗਰੇਨਾਡਾ ਦੇ ਐਂਡਰਸਨ ਪੀਟਰਜ ਵੀ 8 ਤਗਮੇ ਦਾ ਦਾਅਵੇਦਾਰਾਂ 'ਚ ਹੋਣਗੇ ਤੇ ਇਹ ਸਾਰੇ ਹੀ 90 ਮੀਟਰ ਦਾ ਆਂਕੜਾ ਪਾਰ ਕਰ ਚੁੱਕੇ ਹਨ | ਵੇਬਰ ਨੇ 16 ਮਈ ਨੂੰ ਦੋਹਾ ਵਿਖੇ ਚੋਪੜਾ ਨੂੰ ਹਰਾਇਆ ਸੀ ਤੇ ਇਸ ਥਾਂ ਤੇ ਚੋਪੜਾ ਨੇ 90 ਮੀਟਰ ਤੋਂ ਵੱਧ ਥਰੋਅ ਕੀਤੀ ਸੀ ਤੇ ਵੇਬਰ ਨੇ ਆਖਰੀ ਥਰੋਅ 91.06 ਮੀਟਰ ਜੈਵਲਿਨ ਥਰੋਅ ਕਰਕੇ ਪਹਿਲਾ ਸਥਾਨ 'ਤੇ ਚੋਪੜਾ ਨੇ 90.23 ਮੀਟਰ ਨਾਲ ਦੂਜਾ ਸਥਾਨ ਹਾਸਲ ਕੀਤਾ ਸੀ | ਪੀਟਰਜ ਤੀਜੇ ਸਥਾਨ 'ਤੇ ਰਹੇ ਤੇ ਇਸ ਵੇਲੇ ਚੋਪੜਾ ਦੀ ਨਜਰ ਵੇਬਰ ਤੋਂ ਪਿਛਲੀਆਂ ਹਾਰਾਂ ਦੀ ਬਦਲਾ ਲੈਣ ਲਈ ਤੇ ਹਿਸਾਬ ਪੂਰਾ ਕਰਨ ਦੀ ਕੋਸ਼ਿਸ ਹੋਵੇਗੀ | ਯਾਦ ਰਹੇ ਨੀਰਜ ਚੋਪੜਾ ਨੇ ਉਲੰਪਿਕ 'ਚ ਫੋਕਸ ਕਰਨ ਕਰਕੇ ਪੈਰਿਸ ਡਾਈਮੰਡ ਲੀਗ 'ਚ ਹਿੱਸਾ ਨਹੀ ਲਿਆ ਸੀ ਤੇ ਉਲੰਪਿਕ 'ਚ ਚੋਪੜਾ ਨੇ 89.45 ਮੀਟਰ ਥਰੋਅ ਕਰਕੇ ਚਾਂਦੀ ਦਾ ਤਗਮਾਂ ਜਿੱਤਿਆ ਸੀ ਤੇ ਉਸ ਨੇ ਆਖਰੀ ਵਾਰ ਡਾਇਮੰਡ ਲੀਗ 'ਚ 2017 'ਚ ਹਿੱਸਾ ਲਿਆ ਸੀ ਤੇ ਉਸ ਨੇ ਜੂਨੀਅਰ ਵਿਸ਼ਵ ਚੈਪੀਅਨਸ਼ਿਪ 'ਚੋ 5ਵਾਂ ਸਥਾਨ ਹਾਸਲ ਕਰਕੇ ਇਸ 'ਚ ਹਿੱਸਾ ਲਿਆ ਸੀ | ਇਨ੍ਹਾਂ ਤੋਂ ਇਲਾਵਾ ਪੈਰਿਸ ਡਾਇਮੰਡ ਲੀਗ 'ਚ ਬ੍ਰਾਜੀਲ ਦੇ ਲੁਈਸ ਮੌਰੀਸ਼ੀਅਸ, ਡਾ. ਸਿਲਵਾ, ਮੋਲਡੋਵਾ ਦੇ ਐਡੀਰੀਅਨ ਮਾਰਡਰੇ ਤੇ ਫਰਾਂਸ ਦੇ ਰੇਮੀ ਰੂਜੈਟ ਵੀ ਹਿੱਸਾ ਲੈਣਗੇ |