28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਵਿਗਿਆਨ ਕੀ ਹੈ? ਕਿਤਾਬ ਦਾ ਬਰਤਾਨਵੀ ਸੰਸਦ 'ਚ ਲੋਕ ਅਰਪਣ <br/>

ਅਜੀਤ ਡੈਸਕ 24-10-2025
ਲੰਡਨ, 23 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਨਾਲੋਂ ਵਿਦੇਸ਼ਾਂ 'ਚ ਸਰਕਾਰੇ ਦਰਬਾਰੇ ਪੰਜਾਬੀ ਦੀ ਗੱਲ, ਜ਼ਿਆਦਾ ਹੁੰਦੀ ਹੈ | ਇਸਦੀ ਤਾਜ਼ਾ ਮਿਸਾਲ ਹਾਲ ਹੀ ਵਿੱਚ ਬਰਤਾਨੀਆ ਦੀ ਸੰਸਦ ਦੇ ਹਾਊਸ ਆਫ ਲਾਰਡਜ਼ ਵਿੱਚ ਦੇਖਣ ਨੂੰ ਮਿਲੀ | ਜਿੱਥੇ ਡਾ. ਬਲਦੇਵ ਸਿੰਘ ਕੰਦੋਲਾ ਦੀ ਪੰਜਾਬੀ ਵਿੱਚ ਲਿਖੀ ਕਿਤਾਬ ਵਿਗਿਆਨ ਕੀ ਹੈ? ਦਾ ਲੋਕ ਅਰਪਣ ਲਾਰਡ ਕੁਲਦੀਪ ਸਿੰਘ ਸਹੋਤਾ ਦੇ ਯਤਨਾਂ ਸਦਕਾ ਸੰਸਦ ਮੈਂਬਰਾਂ ਅਤੇ ਪੰਜਾਬੀ ਭਾਸ਼ਾ ਤੇ ਹਿਤੈਸ਼ੀਆਂ ਵੱਲੋਂ ਕੀਤਾ ਗਿਆ | ਇਸ ਮੌਕੇ ਲਾਰਡ ਇੰਦਰਜੀਤ ਸਿੰਘ, ਲਾਰਡ ਰੰਮੀ ਰੇਂਜਰ, ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਅਤੇ ਐਮ ਪੀ ਭਗਤ ਸਿੰਘ ਸ਼ੰਕਰ ਸਮੇਤ ਦੇਸ਼ਾਂ ਵਿਦੇਸ਼ਾਂ ਤੋਂ ਆਏ ਮਹਿਮਾਨਾਂ ਨੇ ਸ਼ਿਰਕਤ ਕੀਤੀ | ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸਮੇਤ ਕਈ ਸੰਸਦ ਮੈਂਬਰਾਂ ਨੇ ਸ਼ੁਭਕਾਮਨਾਵਾਂ ਵੀ ਭੇਜੀਆਂ | ਪੰਜਾਬੀ ਵਿਕਾਸ ਮੰਚ ਯੂ ਕੇ ਦੇ ਮੁੱਖ ਸਕੱਤਰ ਕੌਂਸਲਰ ਸ਼ਿੰਦਰਪਾਲ ਸਿੰਘ ਮਾਹਲ ਨੇ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਅਤੇ ਲਾਰਡ ਕੁਲਦੀਪ ਸਿੰਘ ਸਹੋਤਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸਮਾਗਮ ਦੀ ਸਾਰੀ ਕਾਰਵਾਈ ਪੰਜਾਬੀ ਵਿੱਚ ਕਰਨ ਲਈ ਕਿਹਾ | ਪੰਜਾਬੀ ਵਿਕਾਸ ਮੰਚ ਦੇ ਚੇਅਰਮੈਨ ਕੌਂਸਲਰ ਸਰਦੂਲ ਸਿੰਘ ਮਾਰਵਾ ਐਮ ਬੀ ਈ ਨੇ ਕਿਹਾ ਕਿ ਵਿਗਿਆਨ ਸਾਨੂੰ ਸਮਝਣ, ਸਵਾਲ ਪੁੱਛਣ, ਜਵਾਬ ਲੱਭਣ ਅਤੇ ਸਮਾਜ ਦੀ ਬਿਹਤਰੀ ਲਈ ਗਿਆਨ ਨੂੰ ਲਾਗੂ ਕਰਨ ਦੇ ਖੋਜ ਕਾਰਜ ਦੀ ਸੋਝੀ ਦਿੰਦਾ ਹੈ | ਗੁੰਝਲਦਾਰ ਭਾਸ਼ਾ ਵਿੱਚ ਬੰਦ ਵਿਗਿਆਨ ਨੂੰ ਪੰਜਾਬੀ ਭਾਸ਼ਾ ਵਿੱਚ ਕਰਨਾ ਸ਼ੁਭ ਸੰਕੇਤ ਹੈ | ਡਾ. ਬਲਦੇਵ ਸਿੰਘ ਕੰਦੋਲਾ ਨੇ ਆਪਣੇ ਜੀਵਨ ਵਿੱਚ ਵਿਗਿਆਨ ਦੀ ਖੋਜ ਦੇ ਨਾਲ ਨਾਲ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਤ੍ਰਾਸਦੀ ਦਾ ਜ਼ਿਕਰ ਕੀਤਾ | ਉਹਨਾਂ ਕਿਹਾ ਕਿ ਪੰਜਾਬ ਦੀ ਵਿਧਾਨ ਸਭਾ ਵਿੱਚ ਪੰਜਾਬੀ ਭਾਸ਼ਾ ਦੀ ਗੱਲ ਨਾ ਹੋ ਸਕਣ ਕਾਰਨ ਸਾਨੂੰ ਇਹ ਗੱਲਾਂ ਬਰਤਾਨਵੀ ਸੰਸਦ ਵਿੱਚ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਪੰਜਾਬੀ ਵਿਕਾਸ ਮੰਚ ਦੀਆਂ ਪਿਛਲੇ ਦੋ ਦਹਾਕਿਆਂ ਦੀਆਂ ਸਰਗਰਮੀਆਂ ਜਿਸ ਵਿੱਚ ਪੰਜਾਬੀ ਦਾ ਪਹਿਲਾ ਸ਼ਬਦ ਪ੍ਰਕਰਨ, ਪਹਿਲਾ ਪੰਜਾਬੀ ਵੈੱਬਸਾਈਟ, ਪਹਿਲਾ ਪੰਜਾਬੀ ਯੂਨੀਕੋਡ ਕੀਬੋਰਡ ਅਤੇ ਬੀ ਬੀ ਸੀ 'ਤੇ ਪੰਜਾਬੀ ਦੀ ਮੁਹਿੰਮ ਅਤੇ ਕਾਮਯਾਬੀ ਦਾ ਜ਼ਿਕਰ ਕੀਤਾ | ਲਾਰਡ ਰੰਮੀ ਰੇਂਜਰ ਨੇ ਡਾ. ਕੰਦੋਲਾ ਦੇ ਵਿੱਦਿਅਕ ਸਫ਼ਰ ਅਤੇ ਪ੍ਰਾਪਤੀਆਂ ਦੀ ਪ੍ਰਸੰਸਾ ਕੀਤੀ | ਐਮ ਪੀ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਮਾਤ ਭਾਸ਼ਾ ਉੱਤੇ ਮਾਣ ਕਰਨਾ ਚਾਹੀਦਾ ਹੈ | ਆਖਰ ਵਿੱਚ ਪੰਜਾਬੀ ਵਿਕਾਸ ਮੰਚ ਯੂ ਕੇ ਵਲੋਂ 'ਪੰਜਾਬ ਰਾਜ ਭਾਸ਼ਾ ਕਾਨੂੰਨ' ਨੂੰ ਪੰਜਾਬ ਵਿੱਚ ਤੁਰੰਤ ਲਾਗੂ ਕਰਨ ਅਤੇ ਸਰਕਾਰੀ ਦਫਤਰਾਂ ਤੇ ਅਦਾਲਤਾਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੀ ਮੰਗ ਕਰਦਾ ਮਤਾ ਪੇਸ਼ ਕੀਤਾ ਜਿਸ ਦੀ ਹਾਜ਼ਰ ਪੰਜਾਬੀਆਂ ਨੇ ਭਰਪੂਰ ਸਹਿਮਤੀ ਨਾਲ ਸਮਰਥਨ ਦਿੱਤਾ | ਸਮਾਗਮ ਵਿੱਚ ਸਲੋਹ ਤੋਂ ਮੇਵਾ ਸਿੰਘ ਮਾਨ, ਗੁਰਦੀਪ ਸਿੰਘ ਧੂਤ, ਸਿੱਖ ਸਿੱਖਿਆ ਪ੍ਰੀਸ਼ਦ ਯੂ ਕੇ ਦੇ ਮੁਖੀ ਡਾ. ਪ੍ਰਗਟ ਸਿੰਘ, ਹਰਵਿੰਦਰ ਸਿੰਘ, ਕੰਵਰ ਬਰਾੜ, ਰੂਪ ਢਿੱਲੋਂ, ਯਸ਼ ਸਾਥੀ, ਮਨਜੀਤ ਕੌਰ ਪੱਡਾ, ਲੀਡਜ਼ ਤੋਂ ਅਰਵਿੰਦ ਸਿਰ•ਾ, ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਤੋਂ ਸ. ਜਸਪਾਲ ਸਿੰਘ, ਨਰਿੰਦਰ ਸਿੰਘ ਮਰਵਾਹਾ, ਬ੍ਰਮਿੰਘਮ ਤੋਂ ਸ. ਅਮਰਜੀਤ ਸਿੰਘ ਨਾਂਦਰਾ, ਜਸਪਾਲ ਵਿਰਦੀ, ਅਮੋਲਕਜੀਤ ਸਿੰਘ ਢਿੱਲੋਂ, ਕਰਨੈਲ ਸਿੰਘ ਚੀਮਾ, ਡਾ. ਮਹਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਕੁੰਦਰਾ, ਰਸ਼ਪਾਲ ਸਿੰਘ ਸੀਹਰਾ ਆਦਿ ਸ਼ਾਮਿਲ ਹੋਏ |



ਪਿਛਲੀ ਖ਼ਬਰ 'ਆਪ੍ਰੇਸ਼ਨ ਸੰਧੂਰ' ਦੌਰਾਨ ਜਲ ਸੈਨਾ ਨੇ ਆਪਣੇ ਦਮ 'ਤੇ ਪਾਕਿਸਤਾਨ ਨੂੰ ਬੰਦਰਗਾਹ 'ਤੇ ਹੀ ਰੋਕਿਆ-ਰਾਜਨਾਥ <br/> ਅਗਲੀ ਖ਼ਬਰ ਏਲਨ ਰੌਬਿਨਸਨ ਨੇ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ 'ਚ ਪ੍ਰਾਪਤ ਕੀਤਾ ਦੋਹਰਾ ਮਾਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।