ਟੋਰਾਂਟੋ, 24 ਨਵੰਬਰ (ਹਰਜੀਤ ਸਿੰਘ ਬਾਜਵਾ)-ਭਾਰਤ ਸਰਕਾਰ ਵਲੋਂ ਟੋਰਾਂਟੋ ਸਥਿਤ ਆਪਣੇ ਕੌਂਸਲ ਜਨਰਲ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਬੀਤੇ ਕੱਲ ਬਰੈਂਪਟਨ ਦੇ ਸਪਰੈਂਜ਼ਾ ਬੈਕੁੰਟ ਹਾਲ ਵਿਚ ਕਰਵਾਇਆ ਗਿਆ ਜਿਸ ਵਿਚ ਟੋਰਾਂਟੋ ਅਤੇ ਆਸ ਪਾਸ ਦੇ ਖੇਤਰਾਂ ਤੋਂ ਵੱਡੀ ਗਿਣਤੀ 'ਚ ਆਈਆਂ ਸੰਗਤਾਂ ਨੇ ਹਾਜ਼ਰੀ ਭਰੀ | ਹਰ ਇੱਕ ਲਈ ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ | ਇਸ ਮੌਕੇ ਕੌਂਸਲ ਜਨਰਲ ਸ੍ਰੀ ਕਪਿਲ ਦਵਾਜਾ ਅਤੇ ਕੌਂਸਲ ਸ੍ਰੀ ਗੀਰੀਸ਼ ਜੁਨੇਜਾ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਮੇਤ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀਆਂ ਸ਼ਹਾਦਤਾਂ ਨੇ ਕੌਮ ਵਿੱਚ ਇੱਕ ਨਵੀਂ ਰੂਹ ਫੂਕਦਿਆਂ ਜ਼ੁਲਮ ਨਾਲ ਲੜਨ ਅਤੇ ਟਾਕਰਾ ਕਰਨ ਲਈ ਹਿੰਮਤ ਅਤੇ ਉਤਸ਼ਾਹ ਭਰਿਆ | ਇਸ ਮੌਕੇ ਪੀਲ ਡਿਸਟਿ੍ਕਟ ਬੋਰਡ ਦੇ ਸਕੂਲ ਟਰੱਸਟੀ ਅਤੇ ਨਾਮਵਰ ਪੱਤਰਕਾਰ ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਸੰਸਾਰ ਪੱਧਰ 'ਤੇ' ਸੰਗਤਾਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨਾਏ ਜਾ ਰਹੇ 350 ਵੇਂ ਸ਼ਹੀਦੀ ਦਿਹਾੜੇ ਲੋਕਾਂ ਵਿੱਚ ਧਰਮ ਨਿਰਪੱਖਤਾ, ਕੌਮ ਅਤੇ ਸਮੁੱਚੀ ਮਾਨਵਤਾ ਦੀ ਭਲਾਈ ਲਈ ਇੱਕ ਮੀਲ ਪੱਥਰ ਸਾਬਤ ਹੋਣਗੇ | ਸਮਾਗਮ ਦੀ ਸ਼ੁਰੂਆਤ ਸਿੱਖ ਵਿਦਵਾਨ ਪ੍ਰੋ. ਪਰਮਜੀਤ ਸਿੰਘ ਅਤੇ ਸਾਥੀਆਂ ਵਲੋਂ ਧਾਰਮਿਕ ਸ਼ਬਦ ਨਾਲ ਹੋਈ ਉਪਰੰਤ ਡਾ. ਰਜਨੀ ਬਾਵਾ, ਲਾਜਪਤ ਰਾਏ, ਵਾਟਰਲੂ ਯੂਨੀਵਰਸਿਟੀ ਤੋਂ ਕੁਲਦੀਪ ਸਿੰਘ ਬੱਛਰ, ਵਿਸ਼ਾਲ ਖੰਨਾ, ਸੁਰਜੀਤ ਬਾਬਰਾ, ਇੰਦਰਜੀਤ ਸਿੰਘ ਬੱਲ, ਵਿਧਾਇਕ ਅਮਰਜੋਤ ਸਿੰਘ ਸੰਧੂ ਤੇ ਹੋਰ ਬੁਲਾਰਿਆਂ ਵਲੋਂ ਗੁਰੂ ਸਾਹਿਬ ਦੀ ਕੁਰਬਾਨੀ ਦੀ ਗੱਲ ਕਰਦਿਆਂ ਆਖਿਆ ਕਿ ਜਿੱਥੇ ਇਹ ਕੁਰਬਾਨੀ ਸਮੁੱਚੀ ਮਨੁੱਖਤਾ ਦੇ ਹੱਕ ਹਕੂਕਾਂ ਦੀ ਗੱਲ ਕਰਦੀ ਹੈ ਉੱਥੇ ਹਰ ਇੱਕ ਧਰਮ ਨੂੰ ਬਰਾਬਰਤਾ ਵੀ ਪ੍ਰਦਾਨ ਕਰਦੀ ਹੈ | ਸਮਾਗਮ ਦੌਰਾਨ ਇੱਥੋਂ ਦੇ ਕਲਾਕਾਰਾਂ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ 'ਤੇ ਅਧਾਰਿਤ ਇੱਕ ਨਾਟਕ ਵੀ ਖੇਡਿਆ ਗਿਆ | ਸਮਾਗਮ ਦੇ ਅੰਤ ਵਿਚ ਕੌਂਸਲ ਜਨਰਲ ਦਫਤਰ ਦੇ ਅਧਿਕਾਰੀਆਂ ਵਲੋਂ ਸਭਨਾਂ ਦਾ ਇਸ ਸਮਾਗਮ ਵਿਚ ਪਹੁੰਚਣ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ |