ਨਵੀਂ ਦਿੱਲੀ, 16 ਜੂਨ (ਜਗਤਾਰ ਸਿੰਘ)-ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ-1984 ਦੇ ਅਹੁਦੇਦਾਰਾਂ ਵਲੋਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਂਅ ਇੱਕ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਗਈ ਹੈ ਕਿ ਦਿੱਲੀ 'ਚ 1984 ਸਿੱਖ ਕਤਲੇਆਮ ਦੀ ਯਾਦਗਾਰ ਸਥਾਪਿਤ ਕੀਤੀ ਜਾਵੇ ¢ ਸੰਸਥਾ ਦੇ ਪ੍ਰਧਾਨ ਕੁਲਦੀਪ ਸਿੰਘ ਭੋਗਲ ਅਤੇ ਸਕੱਤਰ ਜਨਰਲ ਰਵਿੰਦਰ ਸਿੰਘ ਖੁਰਾਨਾ ਵਲੋਂ ਮੁੱਖ ਮੰਤਰੀ ਦੇ ਦਫ਼ਤਰ ਵਿਚ ਸੌਂਪੇ ਗਏ ਮੰਗ ਪੱਤਰ 'ਚ 1984 ਸਿੱਖ ਕਤਲੇਆਮ ਨਾਲ ਸੰਬੰਧਿਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ ਅਤੇ ਨਾਲ ਹੀ ਅਪੀਲ ਕੀਤੀ ਗਈ ਹੈ ਕਿ ਕਿਉਂਕਿ ਸਭ ਤੋਂ ਜ਼ਿਆਦਾ ਸਿੱਖਾਂ ਨੂੰ ਦਿੱਲੀ 'ਚ ਹੀ ਨਿਸ਼ਾਨਾ ਬਣਾਇਆ ਗਿਆ ਸੀ | ਇਸ ਲਈ ਕਤਲੇਆਮ ਦੀ ਯਾਦਗਾਰ ਦਿੱਲੀ 'ਚ ਸਥਾਪਿਤ ਕੀਤੀ ਜਾਣੀ ਚਾਹੀਦੀ ਹੈ ¢ ਭੋਗਲ ਤੇ ਖੁਰਾਨਾ ਵਲੋਂ ਇਸ ਮੰਗ ਪੱਤਰ ਵਿਚ 1984 ਦੌਰਾਨ ਕਾਨਪੁਰ ਵਿਚ ਮਾਰੇ ਗਏ 127 ਸਿੱਖਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ ਅਤੇ ਨਾਲ ਹੀ ਦੱਸਿਆ ਗਿਆ ਹੈ ਕਿ ਯੂ.ਪੀ. ਸਰਕਾਰ ਨੇ ਉਨ੍ਹਾਂ ਦੀ ਯਾਦ ਵਿਚ ਯੂ.ਪੀ. ਵਿਖੇ ਯਾਦਗਾਰ ਬਣਾਉਣ ਦੀ ਯੋਜਨਾ ਬਣਾਈ ਹੈ ਅਤੇ ਇਸੇ ਤਰਜ਼ 'ਤੇ ਦਿੱਲੀ ਵਿਚ ਵੀ ਅਜਿਹੀ ਯਾਦਗਾਰ ਬਣਾਉਣੀ ਚਾਹੀਦੀ ਹੈ ¢ ਮੰਗ ਪੱਤਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੁਆਰਾ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਗਠਿਤ ਕੀਤੀ ਐਸ.ਆਈ.ਟੀ. ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਨਾਲ ਹੀ ਕਿਹਾ ਗਿਆ ਹੈ ਕਿ ਦਿੱਲੀ ਵਿਚ ਕਈ ਸਾਲਾਂ ਬਾਅਦ ਭਾਜਪਾ ਸਰਕਾਰ ਸੱਤਾ ਵਿਚ ਆਈ ਹੈ | ਇਸ ਲਈ ਦਿੱਲੀ ਵਿਚ ਢੁਕਵੀਂ ਥਾਂ 'ਤੇ ਅਜਿਹੀ ਯਾਦਗਾਰ ਬਣਾਈ ਜਾਣੀ ਚਾਹੀਦੀ ਹੈ, ਜਿੱਥੇ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਲੋਕ ਇਸ ਗੱਲ ਤੋਂ ਜਾਣੂ ਹੋ ਸਕਣ ਕਿ ਤਤਕਾਲੀ ਕਾਂਗਰਸ ਦੇ ਰਾਜ 'ਚ ਸਿੱਖਾਂ ਨਾਲ ਕਿੰਨਾ ਵੱਡਾ ਜ਼ੁਲਮ ਕੀਤਾ ਗਿਆ ਸੀ ¢