ਨਵੀਂ ਦਿੱਲੀ, 16 ਜੂਨ (ਮਿਸਰਦੀਪ ਭਾਟੀਆ)- ਉੱਤਰੀ-ਪੱਛਮੀ ਜ਼ਿਲ੍ਹੇ ਦੀ ਵਿਦੇਸ਼ੀ ਸੈੱਲ ਦੀ ਟੀਮ ਨੇ ਗ਼ੈਰ-ਕਾਨੂੰਨੀ ਤੌਰ 'ਤੇ ਰਹਿ ਰਹੇ 36 ਬੰਗਲਾਦੇਸ਼ੀ ਨਾਗਰਿਕਾਂ ਨੂੰ ਗਿ੍ਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ | ਗਿ੍ਫ਼ਤਾਰ ਕੀਤੇ ਗਏ ਲੋਕਾਂ ਵਿਚ 19 ਬਾਲਗ ਅਤੇ 17 ਬੱਚੇ ਸ਼ਾਮਿਲ ਹਨ | ਪੁਲਿਸ ਨੂੰ ਇਹ ਸਫ਼ਲਤਾ ਭਾਰਤ ਨਗਰ ਥਾਣਾ ਖੇਤਰ ਦੇ ਵਜ਼ੀਰਪੁਰ ਜੇ.ਜੇ. ਕਾਲੋਨੀ ਵਿਚ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਕੀਤੀ ਗਈ ਇਕ ਕਾਰਵਾਈ ਵਿਚ ਮਿਲੀ | ਗਿ੍ਫ਼ਤਾਰ ਕੀਤੇ ਗਏ ਬੰਗਲਾਦੇਸ਼ੀ ਨਾਗਰਿਕਾਂ ਤੋਂ 13 ਬੰਗਲਾਦੇਸ਼ੀ ਪਛਾਣ ਪੱਤਰ ਅਤੇ ਪਾਬੰਦੀਸ਼ੁਦਾ ਆਈ.ਐਮ.ਓ. ਵਾਲੇ 7 ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਗਏ | ਡੀ.ਸੀ.ਪੀ. ਭੀਸ਼ਮ ਸਿੰਘ ਨੇ ਕਿਹਾ ਹੈ ਕਿ ਇਹ ਮੁਹਿੰਮ ਰਾਜਧਾਨੀ ਦਿੱਲੀ ਵਿਚ ਗ਼ੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਵਿਰੁੱਧ ਕੀਤੀ ਜਾ ਰਹੀ ਵਿਆਪਕ ਕਾਰਵਾਈ ਦਾ ਹਿੱਸਾ ਹੈ | ਵਿਸ਼ੇਸ਼ ਟੀਮ ਨੇ 13 ਜੂਨ ਨੂੰ ਵਜ਼ੀਰਪੁਰ ਜੇ.ਜੇ. ਕਲੱਸਟਰ ਵਿਚ ਇਕ ਵਿਆਪਕ ਤਲਾਸ਼ੀ ਮੁਹਿੰਮ ਚਲਾਈ, ਜਿਸ 'ਚ ਲਗਭਗ 25 ਫੁੱਟਪਾਥਾਂ 'ਤੇ 32 ਗਲੀਆਂ ਦੀ ਤਲਾਸ਼ੀ ਲਈ ਗਈ | ਜਾਂਚ ਦੌਰਾਨ ਇਕ ਸ਼ੱਕੀ ਬੰਗਲਾਦੇਸ਼ੀ ਨਾਗਰਿਕ ਨੂੰ ਫੜਿਆ ਗਿਆ | ਸ਼ੁਰੂ ਵਿਚ ਉਸ ਨੇ ਪੁਲਿਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕਿਆ | ਸਖ਼ਤ ਪੁੱਛਗਿੱਛ ਤੋਂ ਬਾਅਦ ਉਸ ਨੇ ਮੰਨਿਆ ਕਿ ਉਹ ਇਕ ਬੰਗਲਾਦੇਸ਼ੀ ਨਾਗਰਿਕ ਹੈ ਅਤੇ ਭਾਰਤ ਨਗਰ ਵਿਚ ਗ਼ੈਰ-ਕਾਨੂੰਨੀ ਤੌਰ 'ਤੇ ਰਹਿ ਰਿਹਾ ਹੈ | ਉਸ ਦੀ ਨਿਸ਼ਾਨਦੇਹੀ 'ਤੇ ਇਕ-ਇਕ ਕਰ ਕੇ ਹੋਰ ਸ਼ੱਕੀਆਂ ਦੀ ਪਛਾਣ ਕੀਤੀ ਗਈ ਅਤੇ ਉਨ੍ਹਾਂ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ | ਸਾਰੇ ਬੰਗਲਾਦੇਸ਼ੀ ਨਾਗਰਿਕ ਵਿਦੇਸ਼ੀ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਬਿਨਾਂ ਕਿਸੇ ਵੈਧ ਵੀਜ਼ਾ ਜਾਂ ਯਾਤਰਾ ਦਸਤਾਵੇਜ਼ ਦੇ ਭਾਰਤ ਵਿਚ ਰਹਿ ਰਹੇ ਸਨ | ਪੁਲਿਸ ਪੁੱਛਗਿੱਛ ਦੌਰਾਨ ਇਹ ਖ਼ੁਲਾਸਾ ਹੋਇਆ ਕਿ ਇਹ ਲੋਕ ਹਰਿਆਣਾ ਦੇ ਮੇਵਾਤ ਜ਼ਿਲ੍ਹੇ ਵਿਚ ਇਕ ਇੱਟਾਂ ਦੇ ਭੱਠੇ ਵਿਚ ਕੰਮ ਕਰਦੇ ਸਨ, ਪਰ ਹਰਿਆਣਾ ਪੁਲਿਸ ਦੀ ਕਾਰਵਾਈ ਕਾਰਨ ਉਥੋਂ ਫ਼ਰਾਰ ਹੋ ਗਏ |