ਕਾਲਾਂਵਾਲੀ/ਸਿਰਸਾ, 16 ਜੂਨ (ਭੁਪਿੰਦਰ ਪੰਨੀਵਾਲੀਆ)- ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰਜ਼ ਯੂਨੀਅਨ ਨਾਲ ਸਬੰਧਤ ਸਰਵ ਕਰਮਚਾਰੀ ਸੰਘ ਨਾਲ ਜੁੜੇ ਬਿਜਲੀ ਮੁਲਾਜ਼ਮਾਂ ਦੀ ਇਕ ਮੀਟਿੰਗ ਜਵਾਲਾ ਸਿੰਘ ਪ੍ਰਧਾਨਗੀ ਹੇਠ ਰਾਣੀਆਂ ਵਿੱਚ ਹੋਈ, ਜਿਸ ਵਿੱਚ ਮੰਗਾਂ ਦੀ ਪੂਰਤੀ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੀਨੀਅਰ ਆਗੂ ਅਵਿਨਾਸ਼ ਚੰਦ ਕੰਬੋਜ ਨੇ ਕਿਹਾ ਕਿ ਸਰਕਾਰ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਆਗਾਮੀ 19 ਜੂਨ ਨੂੰ ਬਿਜਲੀ ਮੁਲਾਜ਼ਮ ਇਕ ਵੱਡੀ ਕਨਵੈਨਸ਼ਨ ਕਰਕੇ ਅਗਲੇ ਸੰਘਰਸ਼ ਦੀ ਰਣਨੀਤੀ ਬਣਾਉਣਗੇ | ਮੰਗਾਂ ਦਾ ਜਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕੱਚੇ ਕਰਮਚਾਰੀਆਂ ਨੂੰ ਤੁਰੰਤ ਪੱਕਾ ਕੀਤਾ ਜਾਏ | ਪੁਰਾਣੀ ਪੈਨਸ਼ਨ ਨੀਤੀ ਲਾਗੂ ਕੀਤੀ ਜਾਏ | ਨਿੱਜੀਕਰਨ 'ਤੇ ਪਾਬੰਦੀ ਲਾਈ ਜਾਏ | ਬਿਜਲੀ ਨਿਗਮ ਦੀਆਂ ਖਾਲ੍ਹੀ ਆਸਾਮੀਆਂ ਭਰੀਆਂ ਜਾਣ | ਸੂਬੇ ਦਾ ਵੱਖਰਾ ਅੱਠਵਾਂ ਤਨਖਾਹ ਕਮਿਸ਼ਨ ਬਣਾਇਆ ਜਾਵੇ | ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਜੁਲਾਈ 'ਚ ਕਿਸਾਨ, ਮਜ਼ਦੂਰ ਜਥੇਬੰਦੀਆਂ ਦੀ ਹੋਣ ਵਾਲੀ ਕੌਮੀ ਪੱਧਰੀ ਹੜਤਾਲ 'ਚ ਬਿਜਲੀ ਮੁਲਾਜ਼ਮ ਵੱਡੀ ਗਿਣਤੀ 'ਚ ਹਿੱਸਾ ਲੈਣਗੇ | ਇਸ ਮੌਕੇ ਸੁਰਜੀਤ ਸਿੰਘ ਬੇਦੀ, ਗੁਲਬਾਗ ਸਿੰਘ, ਕਨੀ ਰਾਮ, ਸ਼ੀਸ਼ ਪਾਲ, ਵਿਨੋਦ ਕੁਮਾਰ, ਹਰਦੀਪ ਸਿੰਘ, ਹਰਦੇਵ ਸਿੰਘ, ਰਵਿੰਦਰ ਸਿੰਘ, ਜਵਾਲਾ ਸਿੰਘ, ਸੁਨੀਲ ਦੱਤ, ਪਵਨ ਕੰਬੋਜ, ਬਿੰਦਰ ਅਤੇ ਹੋਰ ਕਰਮਚਾਰੀ ਮੌਜੂਦ ਸਨ |