ਯਮੁਨਾਨਗਰ, 16 ਜੂਨ (ਗੁਰਦਿਆਲ ਸਿੰਘ ਨਿਮਰ)-ਕ੍ਰਾਈਮ ਬ੍ਰਾਂਚ-1 ਦੀ ਟੀਮ ਨੇ ਇਕ ਮੋਟਰਸਾਈਕਲ ਸਵਾਰ ਨੂੰ ਭਾਰੀ ਮਾਤਰਾ 'ਚ ਨਾਜਾਇਜ਼ ਦੇਸੀ ਸ਼ਰਾਬ ਸਮੇਤ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕ੍ਰਾਈਮ ਬ੍ਰਾਂਚ-1 ਦੇ ਇੰਚਾਰਜ ਵਰਿੰਦਰ ਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਆਪਣੇ ਮੋਟਰਸਾਈਕਲ ਨੰਬਰ ਐਚ. ਆਰ-02 ਜ਼ੈੱਡ-9205 ਦੇ ਪਿੱਛੇ ਲੋਹੇ ਦੇ ਐਂਗਲਾਂ ਨਾਲ ਬਣਾਏ ਇਕ ਢਾਂਚੇ 'ਚ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਰੱਖ ਕੇ ਥਰਮਲ ਪਾਵਰ ਰੋਡ ਰਾਹੀਂ ਹੁੰਦਾ ਹੋਇਆ ਬਹਿਰਾਮਪੁਰ ਚੌਕ ਤੋਂ ਤੀਰਥ ਨਗਰ ਬੜੀਮਾਜਰਾ ਵੱਲ ਜਾ ਰਿਹਾ ਹੈ, ਜੋ ਕਿ ਆਪਣੇ ਘਰ 'ਚ ਹੀ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ | ਇਸ ਸੂਚਨਾ ਦੇ ਆਧਾਰ 'ਤੇ ਸਬ-ਇੰਸਪੈਕਟਰ ਕਪਿਲ, ਏ. ਐਸ. ਆਈ. ਜਗਤਾਰ ਸਿੰਘ, ਹੈੱਡ ਕਾਂਸਟੇਬਲ ਬਿ੍ਜਪਾਲ ਤੇ ਅਮਰਜੀਤ ਦੀ ਟੀਮ ਬਣਾਈ ਗਈ, ਜਿਸ ਨੇ ਤੁਰੰਤ ਕਾਰਵਾਈ ਕਰਦਿਆਂ ਥਰਮਲ ਪਾਵਰ ਰੋਡ ਨੇੜੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ | ਕੁਝ ਸਮੇਂ ਬਾਅਦ ਪੁਲਿਸ ਪਾਰਟੀ ਨੂੰ ਇਕ ਮੋਟਰਸਾਈਕਲ ਸਵਾਰ ਨੌਜਵਾਨ ਬਹਿਰਾਮਪੁਰ ਵਲੋਂ ਆਉਂਦਾ ਦਿਖਾਈ ਦਿੱਤਾ, ਜਿਸ ਨੇ ਆਪਣੇ ਮੋਟਰਸਾਈਕਲ ਦੇ ਪਿੱਛੇ ਲੋਹੇ ਦੇ ਐਂਗਲਾਂ ਨਾਲ ਇਕ ਢਾਂਚਾ ਬਣਾਇਆ ਹੋਇਆ ਸੀ | ਜਦੋਂ ਪੁਲਿਸ ਪਾਰਟੀ ਨੇ ਮੋਟਰਸਾਈਕਲ ਨੂੰ ਰੋਕ ਕੇ ਉਸ ਦੇ ਚਾਲਕ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੀ ਪਛਾਣ ਅਰਵਿੰਦ ਪਾਲ ਪੁੱਤਰ ਮੰਗੇ ਰਾਮ ਵਾਸੀ ਤੀਰਥ ਨਗਰ ਮਾੜੀ ਮਾਜਰਾ ਵਜੋਂ ਦੱਸੀ | ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਜਦੋਂ ਉਸ ਦੇ ਮੋਟਰਸਾਈਕਲ ਦੇ ਪਿੱਛੇ ਬਣਾਏ ਗਏ ਢਾਂਚੇ ਦੀ ਜਾਂਚ ਕੀਤੀ ਤਾਂ ਉਸ 'ਚੋਂ ਨਾਜਾਇਜ਼ ਦੇਸੀ ਸ਼ਰਾਬ ਦੀਆਂ 60 ਬੋਤਲਾਂ, 6 ਪੇਟੀਆਂ ਅੱਧੀਏ ਅਤੇ 4 ਪੇਟੀਆਂ ਕੁਆਰਟਰ ਬਰਾਮਦ ਹੋਏ | ਪੁਲਿਸ ਪਾਰਟੀ ਨੇ ਜਦੋਂ ਉਸ ਤੋਂ ਸ਼ਰਾਬ ਸੰਬੰਧੀ ਕੋਈ ਪਰਮਿਟ ਜਾਂ ਲਾਇਸੰਸ ਦੀ ਮੰਗ ਕੀਤੀ ਤਾਂ ਉਹ ਦੋਈ ਦਸਤਾਵੇਜ਼ ਨਹੀਂ ਦਿਖਾ ਸਕਿਆ | ਪੁਲਿਸ ਨੇ ਮੁਲਜ਼ਮ ਵਿਰੁੱਧ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਸ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ |