ਸਿਰਸਾ, 16 ਜੂਨ (ਭੁਪਿੰਦਰ ਪੰਨੀਵਾਲੀਆ)-ਸਿਰਸਾ 'ਚ ਆਈ.ਆਈ.ਟੀ. ਦੀ ਸਥਾਪਨਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸਮਾਜਿਕ ਜਥੇਬੰਦੀਆਂ ਵਲੋਂ ਮਤੇ ਪਾਸ ਕਰਕੇ ਕੇਂਦਰ ਸਿੱਖਿਆ ਮੰਤਰੀ ਨੂੰ ਭੇਜੇ ਗਏ ਹਨ | ਇਨ੍ਹਾਂ ਸਮਾਜਿਕ ਜਥੇਬੰਦੀਆਂ 'ਚ ਬਾਬਾ ਸਰਸਾਈਾਨਾਥ ਨਾਥ ਬੁੱਕ ਬੈਂਕ ਵੈਲਫੇਅਰ ਟਰੱਸਟ, ਸ੍ਰੀ ਗਊਸ਼ਾਲਾ ਅਤੇ ਪੈਨਸ਼ਨਰ ਸੁਸਾਇਟੀ ਸਮੇਤ ਕਈ ਜਥੇਬੰਦੀਆਂ ਸ਼ਾਮਿਲ ਹਨ | ਬੁੱਕ ਬੈਂਕ ਟਰੱਸਟ ਦੇ ਪ੍ਰਧਾਨ ਗੁਰਦੀਪ ਸੈਣੀ, ਸ਼੍ਰੀ ਗਊਸ਼ਾਲਾ ਦੇ ਪ੍ਰਧਾਨ ਰਾਜੇਂਦਰ ਕੁਮਾਰ ਰਤੂਸਾਰੀਆ ਅਤੇ ਪੈਨਸ਼ਨਰ ਸੁਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਗੁਪਤਾ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਹਰਿਆਣਾ 'ਚ ਇੰਡੀਅਨ ਟੈਕਨਾਲੋਜੀ ਟਰੇਨਿੰਗ ਇੰਸਟੀਚਿਊਟ (ਆਈ.ਆਈ.ਟੀ.) ਸਥਾਪਤ ਕੀਤਾ ਜਾਣਾ ਹੈ | ਇਹ ਵਿੱਦਿਅਕ ਸੰਸਥਾ ਹਰਿਆਣਾ ਨੂੰ ਇੱਕ ਨਵੀਂ ਉਚਾਈ ਦੇਵੇਗੀ | ਉਨ੍ਹਾਂ ਨੇ ਇਸ ਨੂੰ ਸਿਰਸਾ ਜ਼ਿਲ੍ਹੇ ਵਿਚ ਬਣਾਏ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਸਿਰਸਾ ਹਰਿਆਣਾ ਦੀ ਤਿ੍ਵੇਣੀ ਹੈ, ਇੱਥੇ ਰਾਜਸਥਾਨ, ਪੰਜਾਬ ਅਤੇ ਹਰਿਆਣਾ ਦੇ ਤਿੰਨੋਂ ਰਾਜਾਂ ਦੀਆਂ ਹੱਦਾਂ ਮਿਲਦੀਆਂ ਹਨ | ਜੇਕਰ ਆਈ.ਆਈ.ਟੀ. ਸਿਰਸਾ ਵਿਚ ਸਥਾਪਿਤ ਹੁੰਦੀ ਹੈ, ਤਾਂ ਤਿੰਨਾਂ ਰਾਜਾਂ ਦੇ ਨੌਜਵਾਨਾਂ ਨੂੰ ਲਾਭ ਹੋਵੇਗਾ | ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਸਿਰਸਾ ਦੀ ਭੂਗੋਲਿਕ ਸਥਿਤੀ ਬਹੁਤ ਵਧੀਆ ਹੈ | ਉਨ੍ਹਾਂ ਨੇ ਆਪਣੇ ਮਤਿਆਂ 'ਚ ਕਿਹਾ ਹੈ ਕਿ ਖੇਤੀਬਾੜੀ ਦੇ ਢੁਕਵੇਂ ਸਾਧਨਾਂ ਦੀ ਘਾਟ ਕਾਰਨ ਇਥੇ ਬਹੁਤ ਜ਼ਿਆਦਾ ਉਪਜ ਨਹੀਂ ਹੁੰਦੀ | ਸਿਰਸਾ ਸਿੱਖਿਆ ਦੇ ਖੇਤਰ ਵਿਚ ਵੀ ਪਛੜਿਆ ਹੋਇਆ ਹੈ | ਚੌਧਰੀ ਦੇਵੀ ਲਾਲ ਯੂਨੀਵਰਸਿਟੀ ਤੋਂ ਇਲਾਵਾ ਕੋਈ ਵੱਡਾ ਵਿਦਿਅਕ ਅਦਾਰਾ ਨਹੀਂ ਹੈ | ਉਨ੍ਹਾਂ ਨੇ ਕਿਹਾ ਹੈ ਕਿ ਸਿਰਸਾ ਵਿੱਚ ਆਈਆਈਟੀ ਦੀ ਸਥਾਪਨਾ ਲਈ ਪਿੰਡ ਮਿੱਠੀਸੁਰੇਰਾਂ 300 ਏਕੜ ਜ਼ਮੀਨ ਵੀ ਦੇਣ ਲਈ ਤਿਆਰ ਹੈ ਜਿਸ ਲਈ ਪੰਚਾਇਤ ਵੱਲੋਂ ਵੀ ਮਤਾ ਪਾਸ ਕੀਤਾ ਗਿਆ ਹੈ | ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਿਰਸਾ ਜ਼ਿਲ੍ਹਾ ਵਿਚ ਆਈਆਈਟੀ ਸਥਾਪਿਤ ਕੀਤਾ ਜਾਏ | ਇਸ ਮੌਕੇ ਸ਼ਮਸ਼ੇਰ ਸ਼ਰਮਾ, ਪ੍ਰੇਮ ਕੰਦੋਈ, ਸਤੀਸ਼ ਮਿੱਤਲ, ਅਜੀਤ ਸਿੰਘ ਰੰਗਾ, ਅਨਿਲ ਸੈਣੀ, ਨਵੀਨ ਸਿੰਗਲਾ, ਬਲਵੰਤ ਸਿੰਘ, ਫਤਿਹ ਸਿੰਘ ਵਿਰਕ, ਅਸ਼ੀਸ਼ ਸਿੰਗਲਾ, ਵਿਮਲੇਸ਼, ਰਾਜ ਕੁਮਾਰ ਖੁੰਗਰ ਅਤੇ ਹੋਰ ਕਈ ਸਮਾਜ ਸੇਵੀ ਸੰਗਠਨਾਂ ਦੇ ਆਗੂ ਮੌਜੂਦ ਸਨ |