ਰਤੀਆ, 16 ਜੂਨ (ਬੇਅੰਤ ਕੌਰ ਮੰਡੇਰ)- ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਰਚਾਏ ਜਾਣਗੇ, ਜਿਸ ਲਈ ਗੁਰਦੁਆਰਾ ਪੁਰਾਣਾ ਬਾਜ਼ਾਰ ਰਤੀਆ ਵਿਚ ਸ੍ਰੀ ਅਖੰਡ ਪਾਠ ਆਰੰਭ ਕੀਤੇ ਗਏ, ਜਿਨ੍ਹਾਂ ਦਾ ਭੋਗ 18 ਜੂਨ ਨੂੰ ਪੈਣਗੇ | ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੇਵਾ ਟਰੱਸਟ ਗਤਕਾ ਅਖਾੜਾ ਦੇ ਪ੍ਰਧਾਨ ਫਤਹਿ ਸਿੰਘ ਭੁੱਲਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਟਰੱਸਟ ਦੇ ਮੈਂਬਰ ਅਤੇ ਇਲਾਕੇ ਦੀ ਸਮੂਹ ਸੰਗਤ 18 ਜੂਨ ਨੂੰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਦਾ ਆਯੋਜਨ ਕਰਨਗੇ | ਇਸ ਮਹਾਨ ਗੁਰਮਤਿ ਸਮਾਗਮ ਵਿਚ ਰਾਗੀ ਢਾਡੀ ਅਤੇ ਕਥਾ ਵਾਚਕ ਸਿੱਖ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜ ਕੇ ਨਿਹਾਲ ਕਰਨਗੇ | ਜਰਨੈਲ ਸਿੰਘ ਖ਼ਾਲਸਾ ਨੇ ਦੱਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਇਸ ਇਕੱਠ 'ਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਇਲਾਕੇ ਦੀ ਸੰਗਤ ਵਲੋਂ ਗੁਰਦੁਆਰਾ ਸਾਹਿਬ ਨਾਲ ਸਬੰਧਿਤ ਕਈ ਮੰਗਾਂ ਪ੍ਰਧਾਨ ਅੱਗੇ ਰੱਖੀਆਂ ਜਾਣਗੀਆਂ | ਉਨ੍ਹਾਂ ਇਲਾਕੇ ਦੀ ਸਿੱਖ ਸੰਗਤ ਨੂੰ ਇਸ ਧਾਰਮਿਕ ਪ੍ਰੋਗਰਾਮ ਵਿਚ ਜ਼ਰੂਰ ਹਿੱਸਾ ਲੈਣ ਦੀ ਅਪੀਲ ਕੀਤੀ ਹੈ | ਇਸ ਮੌਕੇ ਗੁਰਚਰਨ ਸਿੰਘ, ਡਾ. ਸ਼ੀਸ਼ਪਾਲ ਖੋਖਰ, ਭੋਲਾ ਸਿੰਘ, ਜੈਪਾਲ ਸਿੰਘ, ਮਾਸਟਰ ਮਨਜੀਤ ਸਿੰਘ, ਸੁਰੇਂਦਰਪਾਲ ਸਿੰਘ, ਰੂਪ ਸਿੰਘ, ਸ਼ੇਰ ਸਿੰਘ ਖੋਖਰ, ਜਗਜੀਤ ਸਿੰਘ, ਗ੍ਰੰਥੀ ਕਿਸ਼ਨ ਸਿੰਘ, ਅਰਸ਼ਦੀਪ ਸਿੰਘ, ਮੈਨੇਜਰ ਵਰਿੰਦਰ ਸਿੰਘ, ਕਲਰਕ ਅੰਮਿ੍ਤਪਾਲ ਸਿੰਘ ਹਾਜ਼ਰ ਸਨ |