31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਹਰਿਆਣਾ ਕਮੇਟੀ 26 ਨੂੰ ਕੁਰੂਕਸ਼ੇਤਰ ਵਿਖੇ ਕਾਲਾ ਦਿਵਸ ਮਨਾਏਗੀ: ਜਥੇ. ਝੀਂਡਾ <br/>

ਅਜੀਤ ਡੈਸਕ 18-06-2025
ਕਰਨਾਲ, 17 ਜੂਨ (ਗੁਰਮੀਤ ਸਿੰਘ ਸੱਗੂ)- ਦੇਸ਼ 'ਚ ਤਤਕਾਲੀਨ ਸਰਕਾਰ ਵਲੋਂ ਸਾਲ 1975 'ਚ ਲਗਾਈ ਗਈ ਐਮਰਜੈਂਸੀ ਦੇ ਵਿਰੋਧ 'ਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋਂ 26 ਜੂਨ ਨੂੰ ਕਾਲਾ ਦਿਵਸ ਵਜੋਂ ਮਨਾਇਆ ਜਾਵੇਗਾ | ਇਸ ਸੰਬੰਧੀ ਕੁਰੂਕਸ਼ੇਤਰ ਵਿਖੇ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿਸ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ. ਪੀ. ਨੱਢਾ, ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਮੌਜੂਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ | ਇਹ ਜਾਣਕਾਰੀ ਹਰਿਆਣਾ ਕਮੇਟੀ ਦੇ ਪ੍ਰਧਾਨ ਜਥੇ. ਜਗਦੀਸ਼ ਸਿੰਘ ਝੀਂਡਾ ਨੇ ਕੁਰੂਕਸ਼ੇਤਰ ਵਿਖੇ ਹੈੱਡ ਆਫਿਸ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੀ ਕੀਤੀ | ਉਨ੍ਹਾਂ ਨਾਲ ਕਮੇਟੀ ਦੇ ਸੰਯੁਕਤ ਸਕੱਤਰ ਬਲਵਿੰਦਰ ਸਿੰਘ ਭਿੰਡਰ, ਬੁਲਾਰੇ ਕੁਲਦੀਪ ਸਿੰਘ ਫੱਗੂ, ਇੰਦਰਜੀਤ ਸਿੰਘ, ਸੁਖਦੇਵ ਸਿੰਘ, ਮੁੱਖ ਸਕੱਤਰ ਜਸਵਿੰਦਰ ਸਿੰਘ ਦੀਨਪੁਰ, ਵਧੀਕ ਸਕੱਤਰ ਸਤਪਾਲ ਸਿੰਘ ਡਾਚਰ, ਰਾਜਪਾਲ ਸਿੰਘ ਦੁਨਿਆਮਾਜਰਾ, ਸਹਾਇਕ ਸਕੱਤਰ ਅਮਰਿੰਦਰ ਸਿੰਘ ਤੇ ਅਮੀਰ ਸਿੰਘ ਕੁਰੂਕਸ਼ੇਤਰ ਆਦਿ ਵੀ ਮੌਜੂਦ ਸਨ | ਇਸ ਮੌਕੇ ਜਥੇਦਾਰ ਝੀਂਡਾ ਨੇ ਕਿਹਾ ਕਿ 1975 ਦੀ ਐਮਰਜੈਂਸੀ ਦੌਰਾਨ ਜੋ ਲੋਕ ਇਸ ਦਾ ਸ਼ਿਕਾਰ ਬਣੇ ਸਨ, ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਸਮਾਗਮ 'ਚ ਵਿਸ਼ੇਸ਼ ਮਹਿਮਾਨਾਂ ਵਜੋਂ ਸਨਮਾਨਿਤ ਕੀਤਾ ਜਾਵੇਗਾ | ਇਸੇ ਦੌਰਾਨ ਇਕ ਸਵਾਲ ਦੇ ਜਵਾਬ 'ਚ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਜਰਨਲ ਹਾਊਸ ਮੀਟਿੰਗ ਦੌਰਾਨ ਉਨ੍ਹਾਂ ਸਾਰੇ ਮੈਂਬਰਾਂ ਨੂੰ ਏਕਤਾ ਬਣਾਏ ਰੱਖਣ ਦੀ ਅਪੀਲ ਕੀਤੀ ਸੀ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਸਾਰਿਆਂ ਨੂੰ ਸਹਿਮਤੀ ਨਾਲ ਪ੍ਰਧਾਨ ਤੇ ਕਾਰਜਕਾਰਨੀ ਚੁਣਨ ਦੀ ਅਪੀਲ ਕੀਤੀ ਗਈ ਸੀ, ਪਰ ਕੁਝ ਮੈਂਬਰਾਂ ਨੇ ਵਿਰੋਧ ਕਰਕੇ ਗੁਰੂ ਘਰ 'ਚ ਨਾਅਰੇਬਾਜ਼ੀ ਕੀਤੀ, ਜੋ ਠੀਕ ਨਹੀਂ ਸੀ |
ਐਸ. ਜੀ. ਪੀ. ਸੀ. ਉੱਡਾ ਰਹੀ ਹੈ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ : ਜਥੇ. ਝੀਂਡਾ
ਜਥੇ. ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ 2022 'ਚ ਸੁਪਰੀਮ ਕੋਰਟ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਮਾਨਤਾ ਦਿੱਤੀ ਸੀ | ਉਨ੍ਹਾਂ ਦੱਸਿਆ ਕਿ ਅਦਾਲਤ ਨੇ 2014 ਦੇ ਐਕਟ ਅਨੁਸਾਰ ਸੈਕਸ਼ਨ 54 ਦੀ ਉਪ ਧਾਰਾ ਏ.ਬੀ., ਸੀ., ਡੀ., ਈ., ਐਫ. ਅਤੇ ਜੀ ਦੇ ਤਹਿਤ ਇਹ ਸਾਫ਼ ਕਿਹਾ ਸੀ ਕਿ ਹਰਿਆਣਾ ਪ੍ਰਦੇਸ਼ ਵਿਚ ਗੁਰਦੁਆਰਾ ਸਾਹਿਬਾਨ ਨਾਲ ਸੰਬੰਧਿਤ ਜੋ ਵੀ ਚੱਲ-ਅਚੱਲ ਸੰਪਤੀ, ਜਾਇਦਾਦ ਜਾਂ ਟਰੱਸਟ ਆਦਿ ਹਨ, ਉਨ੍ਹਾਂ 'ਤੇ ਹਰਿਆਣਾ ਕਮੇਟੀ ਦਾ ਅਧਿਕਾਰ ਹੋਵੇਗਾ | ਜੇਕਰ ਐਸ. ਜੀ. ਪੀ. ਸੀ. ਇਹ ਸੰਪਤੀ ਹਰਿਆਣਾ ਕਮੇਟੀ ਦੇ ਨਾਂਅ ਨਹੀਂ ਕਰਦੀ ਤਾਂ ਇਹ ਸਿੱਧੇ ਤੌਰ 'ਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੋਵੇਗੀ |
ਸੂਬੇ ਦੇ ਸਕੂਲਾਂ 'ਚ ਪੰਜਾਬੀ ਪੜ੍ਹਾਉਣ ਲਈ ਸਰਕਾਰ ਠੋਸ ਕਦਮ ਚੁੱਕੇ- ਜਥੇ. ਝੀਂਡਾ
ਜਥੇ. ਝੀਂਡਾ ਨੇ ਕਿਹਾ ਕਿ ਹਰਿਆਣਾ ਸਰਕਾਰ ਕੋਲ ਮੰਗ ਰੱਖੀ ਗਈ ਹੈ ਕਿ ਸੂਬੇ ਵਿਚ ਪੰਜਾਬੀ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ | ਉਨ੍ਹਾਂ ਦੱਸਿਆ ਕਿ ਪੰਜਾਬੀ ਅਧਿਆਪਕਾਂ ਦੇ ਇਕ ਜਥੇ ਨੇ ਦਫ਼ਤਰ ਆ ਕੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ ਸਨ ਤੇ ਇਹ ਮੰਗ ਕੀਤੀ ਸੀ ਕਿ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਾਹਿਬ ਕੋਲ ਲੈ ਕੇ ਜਾਣਗੇ | ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹੇ ਵਿਚ ਸਿੱਖ ਵਸਦੇ ਹਨ, ਇਸ ਲਈ ਹਰ ਜ਼ਿਲ੍ਹੇ ਵਿਚ ਪੰਜਾਬੀ ਅਧਿਆਪਕ ਦੀ ਪੋਸਟ ਹੋਣੀ ਚਾਹੀਦੀ ਹੈ ਅਤੇ ਜਿਥੇ ਪਹਿਲਾਂ ਤੋਂ ਪੋਸਟਾਂ ਹਨ, ਉਥੇ ਖਾਲੀ ਆਸਾਮੀਆਂ ਭਰੀਆਂ ਜਾਣੀਆਂ ਚਾਹੀਦੀਆਂ ਹਨ, ਇਸ ਲਈ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ |

ਪਿਛਲੀ ਖ਼ਬਰ ਸੀ.ਪੀ.ਆਈ. ਵਲੋਂ ਅਨਾਜ ਮੰਡੀ ਗੇਟ ਜਗਾਧਰੀ ਵਿਖੇ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਮਹਿਲਾ ਨਾਲ ਸਾਈਬਰ ਠੱਗੀ ਮਾਰਨ ਸੰਬੰਧੀ ਇਕ ਹੋਰ ਮੁਲਜ਼ਮ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।