ਯਮੁਨਾਨਗਰ, 17 ਜੂਨ (ਗੁਰਦਿਆਲ ਸਿੰਘ ਨਿਮਰ)-ਡਾਇਰੈਕਟਰ ਜਨਰਲ ਆਯੂਸ਼ ਵਿਭਾਗ ਹਰਿਆਣਾ ਦੇ ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਫਾਰਮੇਸੀ ਵਿਖੇ ਜ਼ਿਲ੍ਹਾ ਆਯੁਰਵੈਦਿਕ ਅਧਿਕਾਰੀ ਡਾ. ਪ੍ਰਤਿਭਾ ਭਾਟੀਆ ਦੀ ਅਗਵਾਈ ਹੇਠ 'ਇਕ ਧਰਤੀ ਇਕ ਸਿਹਤ ਲਈ ਯੋਗ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਸਿਟੀ ਮੈਜਿਸਟ੍ਰੇਟ ਪਿਊਸ਼ ਗੁਪਤਾ ਨੇ ਮੁੱਖ ਮਹਿਮਾਨ ਵਜੋਂ, ਜਦਕਿ ਜ਼ਿਲ੍ਹਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਡਾ. ਮਨੋਜ ਕੁਮਾਰ, ਕਾਲਜ ਪਿ੍ੰ. ਡਾ. ਕੁਮਾਰ ਗੌਰਵ ਤੇ ਆਯੂਸ਼ ਵਿਭਾਗ ਤੋਂ ਸੇਵਾਮੁਕਤ ਪਵਨ ਧੀਮਾਨ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਜ਼ਿਲ੍ਹਾ ਆਯੁਰਵੈਦਿਕ ਅਧਿਕਾਰੀ ਡਾ. ਪ੍ਰਤਿਭਾ ਭਾਟੀਆ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਮੁੱਖ ਮਹਿਮਾਨ ਪਿਊਸ਼ ਗੁਪਤਾ ਨੇ ਕਿਹਾ ਕਿ ਯੋਗ ਸਾਡੇ ਸਾਰਿਆਂ ਲਈ ਬਹੁਤ ਮਹੱਤਵਪੂਰਨ ਹੈ, ਜੋ ਕਿ ਸਭ ਤੋਂ ਵਧੀਆ ਸਿਹਤ ਪ੍ਰਾਪਤ ਕਰਨ 'ਚ ਮਦਦ ਕਰਦਾ ਹੈ | ਉਨ੍ਹਾਂ ਕਿਹਾ ਕਿ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਸਰਕਾਰ ਵਲੋਂ 21 ਜੂਨ ਧੂਮਧਾਮ ਨਾਲ ਮਨਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 'ਯੋਗ ਯੁਕਤ-ਨਸ਼ਾ ਮੁਕਤ ਹਰਿਆਣਾ' ਦਾ ਨਾਅਰਾ ਦਿੱਤਾ ਹੈ, ਜਿਸ ਦੁਆਰਾ ਨੌਜਵਾਨਾਂ ਨੂੰ ਯੋਗ ਪ੍ਰਤੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ | ਇਸ ਮੌਕੇ ਜ਼ਿਲ੍ਹਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਡਾ. ਮਨੋਜ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਯੋਗ ਨੂੰ ਆਪਣੇ ਜੀਵਨ ਨਾਲ ਜੋੜਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਨਿਯਮਿਤ ਤੌਰ 'ਤੇ ਯੋਗਾ ਕਰੀਏ ਤਾਂ ਅਸੀਂ ਕਾਫ਼ੀ ਹੱਦ ਤੱਕ ਸਿਹਤਮੰਦ ਰਹਿ ਸਕਦੇ ਹਾਂ | ਉਨ੍ਹਾਂ ਕਿਹਾ ਕਿ ਯੋਗ ਦੀ ਪ੍ਰੰਪਰਾ ਭਾਰਤ 'ਚ ਆਦਿ ਕਾਲ ਤੋਂ ਚੱਲੀ ਆ ਰਹੀ ਹੈ ਅਤੇ ਯੋਗਾ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਂਦਾ ਹੈ | ਇਸ ਮੌਕੇ ਜ਼ਿਲ੍ਹਾ ਯੋਗਾ ਕੋਆਰਡੀਨੇਟਰ ਡਾ. ਸੁਨੀਲ ਕੁਮਾਰ ਨੇ ਸੈਮੀਨਾਰ ਦੀ ਸ਼ੁਰੂਆਤ ਸਾਰਿਆਂ ਨੂੰ ਯੋਗਾ ਕਰਨ ਦੀ ਸਹੁੰ ਚੁਕਾ ਕੇ ਕੀਤੀ | ਸੈਮੀਨਾਰ 'ਚ ਆਏ ਬੁਲਾਰਿਆਂ 'ਚੋਂ ਆਰਟ ਆਫ਼ ਲਿਵਿੰਗ ਦੇ ਰਾਜੇਸ਼ ਗਰਗ ਨੇ ਯੋਗਾ ਰਾਹੀਂ ਆਪਣੇ ਆਪ ਨੂੰ ਪਛਾਣਨ ਬਾਰੇ ਗੱਲ ਕੀਤੀ, ਜਦਕਿ ਹੈਲਪਿੰਗ ਹੈਂਡ ਗਰੁੱਪ ਦੇ ਡਾ. ਨਰਿੰਦਰ ਸਾਹੀ ਨੇ ਪ੍ਰਾਣਾਯਾਮ ਦੀ ਮਹੱਤਤਾ 'ਤੇ ਚਾਨਣਾ ਪਾਇਆ | ਇਸ ਤੋਂ ਇਲਾਵਾ ਬ੍ਰਹਮਾਕੁਮਾਰੀ ਤੋਂ ਆਈ ਰਮੇਸ਼ ਦੀਦੀ ਨੇ ਧਿਆਨ ਦੀ ਮਹੱਤਤਾ ਬਾਰੇ ਗੱਲਬਾਤ ਕੀਤੀ ਅਤੇ ਭਾਰਤੀ ਯੋਗ ਸੰਸਥਾ ਦੇ ਰਾਜੀਵ ਮਿੱਤਲ ਨੇ ਜੋੜਾਂ ਦੀਆਂ ਸਮੱਸਿਆਵਾਂ 'ਚ ਯੋਗਾ ਦੀ ਭੂਮਿਕਾ ਬਾਰੇ ਚਾਨਣਾ ਪਾਇਆ, ਜਦਕਿ ਹਾਰਟਫੁੱਲਨੈੱਸ ਤੋਂ ਸੁਧੀਰ ਚੱਢਾ ਨੇ ਧਿਆਨ ਬਾਰੇ ਗੱਲ ਕੀਤੀ | ਇਸ ਮੌਕੇ ਸੈਮੀਨਾਰ ਦੇ ਬੁਲਾਰਿਆਂ ਨੂੰ ਔਸ਼ਧੀ ਭਰਪੂਰ ਬੂਟੇ ਵੀ ਭੇਟ ਕੀਤੇ ਗਏ | ਸੈਮੀਨਾਰ 'ਚ 150 ਤੋਂ ਵੱਧ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਹਿੱਸਾ ਲਿਆ ਅਤੇ 9501131800 'ਤੇ ਮਿਸਡ ਕਾਲ ਦੇ ਕੇ ਸਾਰਿਆਂ ਨੂੰ ਯੋਗਾ ਲਈ ਮੌਕੇ 'ਤੇ ਹੀ ਰਜਿਸਟਰ ਕੀਤਾ ਗਿਆ | ਇਸ ਮੌਕੇ ਆਯੁਰਵੈਦਿਕ ਮੈਡੀਕਲ ਅਫਸਰ ਡਾ. ਭਾਵਨਾ ਚੌਧਰੀ, ਡਾ. ਮਧੂ ਸ਼ਰਮਾ, ਡਾ. ਵਿਨੇ ਸਿੰਘ, ਡਾ. ਅਰੁੰਧਤੀ ਸ਼ਰਮਾ, ਡਾ. ਸਿ੍ਸ਼ਟੀ ਕਾਲਰਾ, ਡਾ. ਵਿਨੀਤਾ ਨਾਗਰ, ਆਯੂਸ਼ ਯੋਗਾ ਸਹਾਇਕ ਦੀਪਕ ਬਰੋਲਾ, ਹੋਮਿਓਪੈਥਿਕ ਫਾਰਮਾਸਿਸਟ ਵਿਨੇ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |