ਨਵੀਂ ਦਿੱਲੀ, 17 ਜੂਨ (ਮਿਸਰਦੀਪ ਭਾਟੀਆ)- ਦਿੱਲੀ ਯੂਨੀਵਰਸਿਟੀ ਨੇ ਮੰਗਲਵਾਰ, 17 ਜੂਨ ਨੂੰ ਅਕਾਦਮਿਕ ਸਾਲ 2025-26 ਲਈ ਆਪਣੀ ਦਾਖ਼ਲਾ ਨੀਤੀ ਲਾਂਚ ਕਰ ਦਿੱਤੀ ਹੈ | ਡੀ.ਯੂ. ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਵਲੋਂ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦਾਖ਼ਲਾ ਪੋਰਟਲ ਲਾਂਚ ਕਰਨ ਦੇ ਨਾਲ ਹੀ ਯੂਨੀਵਰਸਿਟੀ ਵਿਚ ਅੰਡਰ-ਗ੍ਰੈਜੂਏਟ, ਪੋਸਟ ਗ੍ਰੈਜੂਏਟ, 5 ਸਾਲਾ ਕਾਨੂੰਨ, ਬੀ.ਟੈੱਕ. ਅਤੇ ਪੀ ਐਚ. ਡੀ. ਅਤੇ ਐਸ.ਓ.ਐਲ. ਲਈ ਦਾਖ਼ਲਿਆਂ ਦਾ ਬਿਗਲ ਵਜਾ ਦਿੱਤਾ ਹੈ | ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਦਾਖ਼ਲਿਆਂ ਨਾਲ ਸੰਬੰਧਿਤ 'ਜਾਣਕਾਰੀ ਦਾ ਬੁਲੇਟਿਨ' ਵੀ ਲਾਂਚ ਕੀਤਾ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਯੋਗੇਸ਼ ਸਿੰਘ ਨੇ ਕਿਹਾ ਕਿ ਇਸ ਸਾਲ ਤੋਂ ਡੀ. ਯੂ. ਵਿਚ ਦੋ ਨਵੇਂ ਪੀ.ਜੀ. ਕੋਰਸ 'ਐਮ. ਏ. ਇਨ ਹਿੰਦੀ ਜਰਨਲਿਜ਼ਮ' ਅਤੇ 'ਐਮ. ਏ. ਇਨ ਟੂਰਿਜ਼ਮ ਮੈਨੇਜਮੈਂਟ' ਵੀ ਸ਼ੁਰੂ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਡੀ.ਯੂ. ਦੇ ਅੰਗਰੇਜ਼ੀ ਵਿਭਾਗ ਵਿਚ ਜਲਦੀ ਹੀ ਐਮ.ਏ. ਜਰਨਲਿਜ਼ਮ ਵੀ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਸਾਲ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿਚ ਸਿੰਗਲ ਕੁੜੀਆਂ ਲਈ ਵਾਧੂ ਕੋਟਾ ਜੋੜਿਆ ਗਿਆ ਹੈ | ਹਰੇਕ ਪੀ.ਜੀ. ਪ੍ਰੋਗਰਾਮ ਵਿਚ ਸਿੰਗਲ ਕੁੜੀ ਲਈ ਇਕ ਸੀਟ ਰਾਖਵੀਂ ਰੱਖੀ ਗਈ ਹੈ | ਇਕ ਸਵਾਲ ਦੇ ਜਵਾਬ ਵਿਚ ਵਾਈਸ ਚਾਂਸਲਰ ਨੇ ਕਿਹਾ ਕਿ ਸੀ.ਯੂ.ਈ.ਟੀ. ਸ਼ੁਰੂ ਹੋਣ ਨਾਲ ਡੀ. ਯੂ. ਵਿਚ ਕਈ ਰਾਜਾਂ ਦੇ ਵਿਦਿਆਰਥੀਆਂ ਦੀ ਪ੍ਰਤੀਨਿਧਤਾ ਵਧੀ ਹੈ | ਉਨ੍ਹਾਂ ਕਿਹਾ ਕਿ ਹੁਣ ਛੋਟੇ ਸ਼ਹਿਰਾਂ ਅਤੇ ਰਾਜ ਬੋਰਡਾਂ ਦੇ ਬੱਚੇ ਵੀ ਡੀ.ਯੂ. ਵਿਚ ਦਾਖ਼ਲਾ ਲੈਣ ਲਈ ਅੱਗੇ ਆ ਰਹੇ ਹਨ | ਵਾਈਸ ਚਾਂਸਲਰ ਨੇ ਕਿਹਾ ਕਿ ਅਕਾਦਮਿਕ ਸੈਸ਼ਨ 1 ਅਗਸਤ, 2025 ਤੋਂ ਸ਼ੁਰੂ ਹੋਵੇਗਾ | ਇਸ ਮੌਕੇ ਕਾਲਜਾਂ ਦੇ ਡੀਨ ਪ੍ਰੋ. ਬਲਰਾਮ ਪਾਨੀ, ਸਾਊਥ ਕੈਂਪਸ ਦੇ ਡਾਇਰੈਕਟਰ ਪ੍ਰੋ. ਸ੍ਰੀ ਪ੍ਰਕਾਸ਼ ਸਿੰਘ, ਐਸ.ਓ.ਐਲ. ਦੇ ਡਾਇਰੈਕਟਰ ਪ੍ਰੋ. ਪਾਇਲ ਮਾਗੋ, ਰਜਿਸਟਰਾਰ ਡਾ. ਵਿਕਾਸ ਗੁਪਤਾ, ਡੀ. ਯੂ. ਪੀ. ਆਰ. ਓ. ਅਨੂਪ ਲਾਠਰ ਅਤੇ ਡੀਨ ਐਡਮਿਸ਼ਨ ਪ੍ਰੋ. ਹਨੀਤ ਗਾਂਧੀ ਵੀ ਮੌਜੂਦ ਸਨ |