ਨਵੀਂ ਦਿੱਲੀ, 17 ਜੂਨ (ਮਿਸਰਦੀਪ ਭਾਟੀਆ)-ਕ੍ਰਾਂਤੀਕਾਰੀ ਯੁਵਾ ਸੰਗਠਨ ਨੇ ਅੱਜ ਵੱਖ-ਵੱਖ ਪ੍ਰਗਤੀਸ਼ੀਲ ਸੰਗਠਨਾਂ ਦੇ ਨਾਲ ਇਜ਼ਰਾਈਲੀ ਰਾਜ ਦੁਆਰਾ ਫਲਸਤੀਨੀਆਂ ਦੀ ਨਸਲਸ਼ੀ ਦੇ ਵਿਰੁੱਧ ਜੰਤਰ-ਮੰਤਰ 'ਤੇ ਵਿਸ਼ਾਲ ਫ਼ਲਸਤੀਨ ਏਕਤਾ ਇਕੱਠ ਵਿਚ ਹਿੱਸਾ ਲਿਆ | ਅਕਤੂਬਰ, 2023 ਤੋਂ ਗਾਜ਼ਾ ਵਿਚ ਘੱਟੋ-ਘੱਟ 55000 ਲੋਕ ਮਾਰੇ ਗਏ ਹਨ | ਇਜ਼ਰਾਈਲ ਦੇਸ਼ ਵਿਚ ਭੋਜਨ, ਪੀਣ ਵਾਲਾ ਪਾਣੀ ਅਤੇ ਦਵਾਈਆਂ ਨੂੰ ਨਾ ਪਹੁੰਚਣ ਦੇ ਕੇ ਫ਼ਲਸਤੀਨੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ | ਇਜ਼ਰਾਈਲ ਨੇ ਹਾਲ ਵਿਚ ਹੀ ਈਰਾਨ ਅਤੇ ਪੱਛਮੀ ਏਸ਼ੀਆ ਦੇ ਹੋਰ ਖੇਤਰਾਂ ਵਿਚ ਹਮਲੇ ਸ਼ੁਰੂ ਕੀਤੇ ਹਨ, ਜਿਸ ਨਾਲ ਪੂਰੇ ਖੇਤਰ ਵਿਚ ਅਸਥਿਰਤਾ ਪੈਦਾ ਹੋ ਗਈ ਹੈ | ਇਸ ਬੇਰਹਿਮ ਨਸਲਕੁਸ਼ੀ ਦੇ ਪ੍ਰਤੀ ਦੁਨੀਆ ਭਰ ਦੇ ਲੋਕਾਂ ਅਤੇ ਸਰਕਾਰਾਂ ਦੇ ਗੁੱਸੇ ਦੇ ਬਾਵਜੂਦ ਇਜ਼ਰਾਈਲ ਨੇ ਫ਼ਲਸਤੀਨੀ ਲੋਕਾਂ ਵਿਰੁੱਧ ਜੰਗ ਜਾਰੀ ਰੱਖੀ ਹੈ | ਇਸ ਨਕਲਕੁਸ਼ੀ ਵਿਰੁੱਧ ਦੁਨੀਆ ਭਰ ਵਿਚ ਵਿਦਿਆਰਥੀਆਂ ਅਤੇ ਆਮ ਲੋਕਾਂ ਵਲੋਂ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ | ਜੇਕਰ ਇਜ਼ਰਾਈਲੀ ਹਮਲੇ ਨੂੰ ਨਾ ਰੋਕਿਆ ਗਿਆ ਤਾਂ ਹਿੰਸਾ ਦਾ ਇਹ ਚੱਕਰ ਇਕ ਵੱਡਾ ਯੁੱਧ ਛੇੜ ਸਕਦਾ ਹੈ | ਲੱਖਾਂ ਲੋਕਾਂ ਨੂੰ ਬੇਘਰ ਕਰ ਸਕਦਾ ਹੈ ਅਤੇ ਵਿਸ਼ਵ ਅਰਥਵਿਵਸਥਾ ਨੂੰ ਇਕ ਡੂੰਘੇ ਸੰਕਟ ਵਿਚ ਸੁੱਟ ਸਕਦਾ ਹੈ | ਕ੍ਰਾਂਤੀਕਾਰੀ ਯੁਵਾ ਸੰਗਠਨ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕਰਦਾ ਹੈ ਕਿ ਉਹ ਇਜ਼ਰਾਈਲ 'ਤੇ ਤੁਰੰਤ ਜੰਗਬੰਦੀ ਦਾ ਐਲਾਨ ਕਰਨ ਲਈ ਦਬਾਅ ਪਾਉਣ | ਸੰਗਠਨ ਫ਼ਲਸਤੀਨੀ ਲੋਕਾਂ ਨਾਲ ਆਪਣੀ ਦਿ੍ੜ ਏਕਤਾ ਦਾ ਪ੍ਰਗਟਾਵਾ ਕਰਦਾ ਹੈ ਜੋ ਅਣਗਿਣਤ ਰੁਕਾਵਟਾਂ ਦੇ ਬਾਵਜੂਦ ਇਜ਼ਰਾਈਲ ਦਾ ਡੱਟ ਕੇ ਵਿਰੋਧ ਕਰ ਰਹੇ ਹਨ |