ਨਵੀਂ ਦਿੱਲੀ, 18 ਜੂਨ (ਮਿਸਰਦੀਪ ਭਾਟੀਆ)-ਕੋਰੋਨਾ ਨਾਲ ਦਿੱਲੀ ਵਿਚ ਇਕ ਹੋਰ ਮੌਤ ਦੀ ਖ਼ਬਰ ਸਾਹਮਣੇ ਆਈ ਹੈ | 65 ਸਾਲਾ ਬਜ਼ੁਰਗ ਨੇ ਦਮ ਤੋੜ ਦਿੱਤਾ ਹੈ | ਬਜ਼ੁਰਗ ਮੂੰਹ ਦੇ ਕੈਂਸਰ ਅਤੇ ਕਿਡਨੀ ਸੰਬੰਧੀ ਬਿਮਾਰੀ ਨਾਲ ਜੂਝ ਰਿਹਾ ਸੀ | ਦਿੱਲੀ ਵਿਚ ਕੋਰੋਨਾ ਦੇ 620 ਸਰਗਰਮ ਮਰੀਜ਼ ਅਤੇ 13 ਲੋਕਾਂ ਦੀ ਮੌਤ ਹੋ ਚੁੱਕੀ ਹੈ | 15 ਜੂਨ ਨੂੰ ਕੋਰੋਨਾ ਦੀ ਵਜ੍ਹਾ ਨਾਲ ਪਹਿਲੀ ਵਾਰ ਇਕ ਦਿਨ ਵਿਚ ਤਿੰਨ ਮੌਤਾਂ ਹੋਈਆਂ | ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਕੋਵਿਡ ਡੈਸ਼ਬੋਰਡ ਅਨੁਸਾਰ 24 ਘੰਟਿਆਂ ਵਿਚ 212 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ | ਦਿੱਲੀ ਵਿਚ ਇਕ ਜਨਵਰੀ ਤੋਂ ਲੈ ਕੇ ਹੁਣ ਤੱਕ 1960 ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 13 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ | ਦੇਸ਼ ਵਿਚ ਦਿੱਲੀ ਕੋਰੋਨਾ ਦੇ ਕੁੱਲ ਮਾਮਲਿਆਂ ਵਿਚ ਦੂਜੇ ਨੰਬਰ 'ਤੇ ਹੈ | ਬਜ਼ੁਰਗ, ਗਰਭਵਤੀ ਔਰਤਾਂ, ਛੋਟੇ ਬੱਚੇ ਅਤੇ ਪਹਿਲਾਂ ਤੋਂ ਬਿਮਾਰ ਵਿਅਕਤੀ ਸਭ ਤੋਂ ਜ਼ਿਆਦਾ ਜੋਖ਼ਮ ਵਿਚ ਰਹਿੰਦੇ ਹਨ | ਹਲਕੇ ਲੱਛਣਾਂ ਤੋਂ ਸ਼ੁਰੂ ਹੋ ਕੇ ਗੰਭੀਰ ਸਾਹ ਦੀ ਦਿੱਕਤ ਤੱਕ ਮਾਮਲਾ ਜਾ ਸਕਦਾ ਹੈ | ਸਿਹਤ ਮਾਹਿਰ ਕਹਿੰਦੇ ਹਨ ਕਿ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਘਬਰਾਉਣ ਜਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ |