ਸਿਰਸਾ, 18 ਜੂਨ (ਭੁਪਿੰਦਰ ਪੰਨੀਵਾਲੀਆ)- ਫਤਿਹਾਬਾਦ ਡਿਪੂ ਦੇ ਕੰਡਕਟਰ 'ਤੇ ਕੁਝ ਮੁੰਡਿਆਂ ਵੱਲੋਂ ਕੀਤੇ ਗਏ ਹਮਲੇ ਦੇ ਵਿਰੋਧ 'ਚ ਰੋਡਵੇਜ ਦੇ ਮੁਲਾਜ਼ਮਾਂ ਨੇ ਬੱਸ ਅੱਡੇ ਦੇ ਗੇਟ 'ਤੇ ਧਰਨਾ ਦੇ ਕੇ ਦੋਸ਼ੀਆਂ ਦੀ ਤੁਰੰਤ ਗਿ੍ਰਫ਼ਤਾਰੀ ਦੀ ਮੰਗ ਕੀਤੀ | ਮੁਲਜ਼ਮਾਂ ਦੀ ਗਿ੍ਫ਼ਤਾਰੀ ਨਾ ਹੋਣ 'ਤੇ ਤਿੱਖੇ ਅੰਦੋਲਨ ਦੀ ਚਿਤਾਵਨੀ ਦਿੱਤੀ | ਸਿਰਸਾ ਦੇ ਬੱਸ ਅੱਡੇ ਦੇ ਬਾਹਰ ਧਰਨੇ 'ਤੇ ਬੈਠੇ ਰੋਡਵੇਜ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਡਿਪੂ ਪ੍ਰਧਾਨ ਪਿ੍ਥਵੀ ਸਿੰਘ ਚਾਹਰ, ਚਮਨ ਲਾਲ ਸਵਾਮੀ ਅਤੇ ਲਡੂ ਰਾਮ ਕਿਹਾ ਕਿ 16 ਜੂਨ ਨੂੰ ਹਰਿਆਣਾ ਡਿਪੂ ਦੀ ਇੱਕ ਬੱਸ ਹਰਿਦੁਆਰ ਤੋਂ ਫਤਿਹਾਬਾਦ ਜਾ ਰਹੀ ਸੀ | ਜਦੋਂ ਇਹ ਹਿਸਾਰ ਬੱਸ ਸਟੈਂਡ ਪਹੁੰਚੀ ਤਾਂ ਕੁਝ ਮੁੰਡੇ ਵੀ ਯਾਤਰੀਆਂ ਦੇ ਨਾਲ ਬੱਸ ਵਿੱਚ ਚੜ੍ਹ ਗਏ | ਜਦੋਂ ਕੰਡਕਟਰ ਕਿ੍ਸ਼ਨਾ ਕੁੰਡੂ ਨੇ ਇੱਕ ਨੌਜਵਾਨ ਨੂੰ ਟਿਕਟ ਖਰੀਦਣ ਲਈ ਕਿਹਾ ਤਾਂ ਉਸਨੇ ਨਾ ਸਿਰਫ ਟਿਕਟ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ 10-15 ਦੋਸਤਾਂ ਅਗਲੇ ਅੱਡੇ 'ਤੇ ਬੁਲਾ ਕੇ ਕੰਡਕਟਰ 'ਤੇ ਹਮਲਾ ਕਰ ਦਿੱਤਾ | ਕੰਡਕਟਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ | ਕੰਡਕਟਰ ਦਾ ਅਗਰੋਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ | ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਵਿਰੋਧ ਵਿੱਚ ਫਤਿਹਾਬਾਦ ਅਤੇ ਟੋਹਾਣਾ ਦੇ ਰੋਡਵੇਜ ਮੁਲਾਜ਼ਮ ਹੜਤਾਲ 'ਤੇ ਹਨ | ਉਨ੍ਹਾਂ ਨੇ ਕਿਹਾ ਕਿ ਰੋਡਵੇਜ ਦੀਆਂ ਬੱਸਾਂ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਪਰ ਪੁਲੀਸ ਪ੍ਰਸ਼ਾਸਨ ਦੋਸ਼ੀਆਂ ਖ਼ਿਲਾਫ਼ ਕਰਵਾਈ ਨਹੀਂ ਕਰ ਰਹੀ | ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਨਾ ਕੀਤਾ ਗਿਆ ਤੇ ਕੰਡਕਟਰਾਂ ਤੇ ਡਰਾਈਵਰਾਂ ਦੀ ਸੁਰੱਖਿਆ ਦੇ ਪੁਖਤਾ ਇੰਤਜਾਮ ਨਾ ਕੀਤਾ ਗਿਆ ਤਾਂ ਰੋਡਵੇਜ ਮੁਲਾਜ਼ਮ ਪੂਰੇ ਸੂਬੇ 'ਚ ਤਿੱਖਾ ਅੰਦੋਲਨ ਕਰਨ ਲਈ ਮਜ਼ਬੂਰ ਹੋਣਗੇ |