ਯਮੁਨਾਨਗਰ, 18 ਜੂਨ (ਗੁਰਦਿਆਲ ਸਿੰਘ ਨਿਮਰ)-ਨਗਰ ਨਿਗਮ ਦੀ ਮੇਅਰ ਸੁਮਨ ਬਾਹਮਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਲਿਆ ਗਿਆ 'ਇਕ ਰਾਸ਼ਟਰ-ਇਕ ਚੋਣ' ਦਾ ਸੰਕਲਪ ਦੇਸ਼ ਦੀ ਆਰਥਿਕ ਮਜ਼ਬੂਤੀ ਲਈ ਚੁਕਿਆ ਗਿਆ ਇਕ ਦੂਰਦਰਸ਼ੀ ਕਦਮ ਹੈ | ਇਸ ਨਾਲ ਜਿਥੇ ਦੇਸ਼ 'ਚ ਲੋਕਤੰਤਰੀ ਪ੍ਰਕਿਰਿਆ ਹੋਰ ਮਜ਼ਬੂਤ ਹੋਵੇਗੀ, ਉਥੇ ਹੀ ਸ੍ਰੋਤਾਂ ਦੀ ਬਚਤ ਵੀ ਹੋਵੇਗੀ | ਉਨ੍ਹਾਂ ਕਿਹਾ ਕਿ ਵਾਰ-ਵਾਰ ਚੋਣਾਂ ਹੋਣ ਕਾਰਨ ਸੂਬੇ 'ਚ ਵਿਕਾਸ ਕਾਰਜਾਂ ਦੀ ਰਫ਼ਤਾਰ ਪ੍ਰਭਾਵਿਤ ਹੁੰਦੀ ਹੈ | ਪਿਛਲੇ ਇਕ ਸਾਲ 'ਚ ਹਰਿਆਣਾ 'ਚ ਤਿੰਨ ਵੱਡੀਆਂ ਚੋਣਾਂ ਹੋਈਆਂ, ਜਿਨ੍ਹਾਂ 'ਚ ਲੋਕ ਸਭਾ, ਵਿਧਾਨ ਸਭਾ ਅਤੇ ਨਗਰ ਨਿਗਮ ਦੀਆਂ ਚੋਣਾਂ ਸ਼ਾਮਿਲ ਸਨ | ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਵਾਰ-ਵਾਰ ਲਾਗੂ ਹੋਣ ਕਾਰਨ ਵਿਕਾਸ ਕਾਰਜ ਠੱਪ ਹੋ ਜਾਂਦੇ ਹਨ ਅਤੇ ਪ੍ਰਸ਼ਾਸਨਿਕ ਮਸ਼ੀਨਰੀ ਵੀ ਚੋਣ ਦੇ ਕੰਮਾਂ 'ਚ ਰੁਝ ਜਾਂਦੀ ਹੈ, ਜਿਸ ਦਾ ਸਿੱਧਾ ਅਸਰ ਆਮ ਲੋਕਾਂ 'ਤੇ ਪੈਂਦਾ ਹੈ | ਉਨ੍ਹਾਂ ਕਿਹਾ ਕਿ 'ਇਕ ਰਾਸ਼ਟਰ-ਇਕ ਚੋਣ' ਪ੍ਰਸਤਾਵ ਦੇ ਲਾਗੂ ਹੋਣ ਨਾਲ ਸ੍ਰੋਤਾਂ ਦੀ ਬਚਤ ਹੋਵੇਗੀ ਅਤੇ ਲੋਕਤੰਤਰੀ ਪ੍ਰਕਿਰਿਆ 'ਚ ਲੋਕਾਂ ਦੀ ਭਾਗੀਦਾਰੀ ਵੀ ਵਧੇਗੀ | ਉਨ੍ਹਾਂ ਕਿਹਾ ਕਿ ਵੱਖ-ਵੱਖ ਸਮੇਂ 'ਤੇ ਚੋਣਾਂ ਕਰਵਾਉਣ ਨਾਲ ਖਰਚੇ ਵਧਦੇ ਹਨ ਅਤੇ ਵੋਟਰਾਂ ਦਾ ਉਤਸ਼ਾਹ ਵੀ ਘਟਦਾ ਹੈ | ਜੇਕਰ ਚੋਣਾਂ ਇਕੋ ਸਮੇਂ ਕਰਵਾਈਆਂ ਜਾਂਦੀਆਂ ਹਨ ਤਾਂ ਲੋਕਤੰਤਰ ਨੂੰ ਇਕ ਨਵਾਂ ਆਯਾਮ ਮਿਲੇਗਾ ਅਤੇ ਜਨਤਕ ਭਾਗੀਦਾਰੀ ਵੀ ਵਧੇਗੀ | ਉਨ੍ਹਾਂ ਕਿਹਾ ਕਿ ਵੋਟਿੰਗ ਪ੍ਰਤੀਸ਼ਤਤਾ ਵਧਾਉਣ ਲਈ ਸਮਾਜਿਕ-ਸੱਭਿਆਚਾਰਕ ਕਾਰਕਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ |