ਯਮੁਨਾਨਗਰ, 18 ਜੂਨ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਓ. ਪੀ. ਸਿੰਘ (ਆਈ. ਪੀ. ਐਸ.) ਦੀ ਅਗਵਾਈ ਅਤੇ ਪੁਲਿਸ ਸੁਪਰਡੈਂਟ ਮੋਹਿਤ ਹਾਂਡਾ (ਆਈ. ਪੀ. ਐਸ.) ਤੇ ਪੁਲਿਸ ਸੁਪਰਡੈਂਟ ਪੰਖੁਰੀ ਕੁਮਾਰ ਦੀ ਦੇਖ-ਰੇਖ ਹੇਠ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਵਾਸਤੇ ਰੋਜ਼ਾਨਾ ਸੂਬੇ ਦੀਆਂ ਵੱਖ-ਵੱਖ ਥਾਵਾਂ 'ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ | ਇਸ ਦੇ ਚਲਦਿਆਂ ਬਿਊਰੋ ਦੇ ਜਾਗਰੂਕਤਾ ਪ੍ਰੋਗਰਾਮ ਅਤੇ ਪੁਨਰਵਾਸ ਇੰਚਾਰਜ ਸਬ-ਇੰਸਪੈਕਟਰ ਡਾ. ਅਸ਼ੋਕ ਕੁਮਾਰ ਵਰਮਾ ਨਸ਼ੇ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਸਾਈਕਲ ਰਾਹੀਂ ਹਰ ਸ਼ਹਿਰ ਤੇ ਪਿੰਡ ਜਾ ਰਹੇ ਹਨ | ਇਸੇ ਲੜੀ ਤਹਿਤ ਅੱਜ ਸਬ-ਇੰਸਪੈਕਟਰ ਡਾ. ਅਸ਼ੋਕ ਕੁਮਾਰ ਵਰਮਾ ਵਲੋਂ 14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਯਮੁਨਾਨਗਰ ਦੁਆਰਾ ਲਗਾਏ ਗਏ ਸਾਲਾਨਾ ਸਿਖਲਾਈ ਕੈਂਪ 'ਚ ਸ਼ਿਰਕਤ ਕੀਤੀ ਗਈ | ਇਸ ਮੌਕੇ ਐਨ. ਸੀ. ਸੀ. 14 ਹਰਿਆਣਾ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਜਰਨੈਲ ਸਿੰਘ ਦੀ ਪ੍ਰਧਾਨਗੀ ਅਤੇ ਕਰਨਲ ਜਤਿੰਦਰ ਦਹੀਆ ਦੀ ਮੌਜੂਦਗੀ 'ਚ ਨਸ਼ਿਆਂ ਵਿਰੁੱਧ ਇਕ ਰੋਜ਼ਾ 97ਵਾਂ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ 'ਚ ਐਨ. ਸੀ. ਸੀ. ਇੰਸਟਰੱਕਟਰਾਂ ਅਤੇ ਬਾਕੀ ਸਟਾਫ਼ ਸਮੇਤ 500 ਕੈਡਿਟਾਂ ਨੇ ਹਿੱਸਾ ਲਿਆ | ਇਸ ਮੌਕੇ ਸਬ-ਇੰਸਪੈਕਟਰ ਡਾ. ਅਸ਼ੋਕ ਕੁਮਾਰ ਵਰਮਾ ਨੇ ਕਮਾਂਡਿੰਗ ਅਫ਼ਸਰ ਕਰਨਲ ਜਰਨੈਲ ਸਿੰਘ ਦਾ ਧੰਨਵਾਦ ਕਰਨ ਉਪਰੰਤ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਾਲ ਸਰਕਾਰ ਨੇ ਯੋਗ ਅਤੇ ਨਸ਼ਾ ਮੁਕਤ ਦਾ ਨਾਅਰਾ ਦਿੱਤਾ ਹੈ, ਜੋ ਕਿ ਨਸ਼ਾ ਮੁਕਤ ਹਰਿਆਣਾ ਦੀ ਟੀਚੇ ਨੂੰ ਤਾਕਤ ਦਿੰਦਾ ਹੈ | ਉਨ੍ਹਾਂ ਕਿਹਾ ਕਿ ਇਸ ਸਾਲ ਹੀ ਸਾਈਕਲ ਰੈਲੀ ਕੱਢ ਕੇ ਨਸ਼ਾ ਮੁਕਤ ਰਾਜ ਦਾ ਨਾਅਰਾ ਦਿੱਤਾ ਗਿਆ ਹੈ | ਉਨ੍ਹਾਂ ਕੈਡਿਟਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸਰਲ ਭਾਸ਼ਾ 'ਚ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ਾ ਮੁਕਤ ਹਰਿਆਣਾ ਮੁਹਿੰਮ ਨੂੰ ਹਕੀਕਤ 'ਚ ਬਦਲਣ ਲਈ ਰੋਜ਼ਾਨਾ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾ ਰਿਹਾ ਹੈ ਅਤੇ ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਸਮਝਾਇਆ ਜਾ ਰਿਹਾ ਹੈ ਕਿ ਨਸ਼ਾ ਨਾ ਕੇਵਲ ਵਿਅਕਤੀ ਦੀ ਜ਼ਿੰਦਗੀ ਬਰਬਾਦ ਕਰਦਾ ਹੈ, ਸਗੋਂ ਉਸ ਦੇ ਸਮੁੱਚੇ ਪਰਿਵਾਰ ਨੂੰ ਆਰਥਿਤ ਤੌਰ 'ਤੇ ਕਮਜ਼ੋਰ ਬਣਾ ਦਿੰਦਾ ਹੈ | ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਨਸ਼ੇੜੀ ਨਹੀਂ ਬਣਨਾ ਚਾਹੁੰਦਾ, ਪਰ ਨਸ਼ਿਆਂ ਦਾ ਸ਼ੌਕ ਉਸ ਨੂੰ ਨਸ਼ੇੜੀ ਬਣਾ ਦਿੰਦਾ ਹੈ | ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਹੈਲਪਲਾਈਨ ਨੰਬਰ 9050891508 ਜਾਂ 1933 ਜਾਂ ਮਾਨਸ 'ਤੇ ਨਸ਼ਾ ਤਸਕਰ ਜਾਂ ਨਸ਼ਿਆਂ ਦੇ ਚੁੰਗਲ 'ਚ ਫਸੇ ਵਿਅਕਤੀ ਬਾਰੇ ਗੁਪਤ ਜਾਣਕਾਰੀ ਦੇ ਕੇ ਇਕ ਸੱਚੇ ਨਾਗਰਿਕ ਦਾ ਫਰਜ਼ ਅਦਾ ਕਰ ਸਕਦਾ ਹੈ | ਇਸ ਮੌਕੇ ਸਮੁੱਚੇ ਕੈਡਿਟਾਂ ਨੂੰ ਜ਼ਿੰਦਗੀ 'ਚ ਕਦੇ ਵੀ ਨਸ਼ੇ ਦੀ ਵਰਤੋਂ ਨਾ ਕਰਨ ਦੀ ਸਹੁੰ ਵੀ ਚੁਕਾਈ ਗਈ | ਪ੍ਰੋਗਰਾਮ ਦੇ ਅੰਤ 'ਚ ਕਮਾਂਡਿੰਗ ਅਫ਼ਸਰ ਕਰਨਲ ਜਰਨੈਲ ਸਿੰਘ ਅਤੇ ਕਰਨਲ ਜਤਿੰਦਰ ਸਿੰਘ ਦਹੀਆ ਨੇ ਸਬ-ਇੰਸਪੈਕਟਰ ਡਾ. ਅਸ਼ੋਕ ਕੁਮਾਰ ਵਰਮਾ ਦਾ ਧੰਨਵਾਦ ਕਰਦਿਆਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ |