ਸਿਰਸਾ, 19 ਜੂਨ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਪਿੰਡ ਭਾਵਦੀਨ 'ਚ ਪਿਛਲੇ ਦਿਨੀਂ ਮਾਮੂਲੀ ਝੱਗੜੇ ਮਗਰੋਂ ਇਕ ਕਿਸਾਨ ਦੇ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੇ ਮਾਮਲੇ 'ਚ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮਾਂ ਦੀ ਪਛਾਣ ਰਾਜਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਰਾਜਪਾਲ ਸਿੰਘ ਪਿੰਡ ਭਾਵਦੀਨ ਵਜੋਂ ਹੋਈ ਹੈ | ਤਿੰਨਾਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਉਨ੍ਹਾਂ ਨੂੰ ਚਾਰ ਦਿਨਾਂ ਤੇ ਪੁਲੀਸ ਰਿਮਾਂਡ 'ਤੇ ਦਿੱਤਾ ਗਿਆ ਹੈ | ਇਹ ਜਾਣਕਾਰੀ ਦਿੰਦੇ ਹੋਏ ਡਿੰਗ ਥਾਣਾ ਦੇ ਇੰਚਾਰਜ ਸਬ ਇੰਸਪੈਕਟਰ ਪ੍ਰਤੀਪ ਕੁਮਾਰ ਨੇ ਦੱਸਿਆ ਹੈ ਕਿ ਮੁਲਜ਼ਮਾਂ ਖ਼ਿਲਾਫ਼ 14 ਜੂਨ ਨੂੰ ਮਿ੍ਤਕ ਬਿਸ਼ੰਬਰ ਦੇ ਭਰਾ ਵਕੀਲ ਚੰਦ ਦੀ ਸ਼ਿਕਾਇਤ 'ਤੇ ਅਸਲਾ ਐਕਟ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ | ਉਨ੍ਹਾਂ ਨੇ ਦੱਸਿਆ ਕਿ ਰਿਮਾਂਡ ਦੌਰਾਨ ਕਤਲ 'ਚ ਵਰਤੇ ਗਏ ਹਥਿਆਰ ਤੇ ਇਸ ਮਾਮਲੇ ਵਿੱਚ ਸ਼ਾਮਲ ਹੋਰ ਲੋਕਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਜਾਵੇਗਾ | ਇਥੇ ਜਿਕਰਯੋਗ ਹੈ ਕਿ ਬੀਤੀ 14 ਜੂਨ ਨੂੰ ਦੋ ਧਿਰਾਂ ਵਿਚਾਲੇ ਵੱਟ ਦੇ ਰੌਲ ਨੂੰ ਲੈ ਕੇ ਹੋਏ ਝਗੜੇ ਮਗਰੋਂ ਕਥਿਤ ਤੌਰ 'ਤੇ ਉਕਤ ਵਿਅਕਤੀਆਂ ਨੇ ਇਕ 32 ਸਾਲਾ ਨੌਜਵਾਨ ਕਿਸਾਨ ਬਿਸ਼ੰਬਰ ਦੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ | ਇਸ ਮਾਮਲੇ 'ਚ ਮਿ੍ਤਕ ਦੇ ਭਰਾ ਵਕੀਲ ਦੀ ਸ਼ਿਕਾਇਤ 'ਤੇ 14 ਨਾਮਜਦ ਅਤੇ ਦਸ ਪੰਦਰਾਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਕਰਜ ਕਰਵਾਇਆ ਗਿਆ ਸੀ | ਪੁਲੀਸ ਨੇ ਜਾਂਚ ਮਗਰੋਂ ਉਕਤ ਤਿੰਨ ਜਣਿਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ |