ਕਾਲਾਂਵਾਲੀ/ਸਿਰਸਾ, 19 ਜੂਨ (ਭੁਪਿੰਦਰ ਪੰਨੀਵਾਲੀਆ)-ਕਾਲਾਂਵਾਲੀ ਦੀ ਸੁਖਚੈਨ ਰੋਡ 'ਤੇ ਇੱਕ ਕਬਾੜ ਗੋਦਾਮ ਵਿੱਚ ਅਚਾਨਕ ਅੱਗ ਲੱਗਣ ਕਾਰਨ ਬਹੁਤ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ | ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ | ਗੋਦਾਮ ਦੇ ਮਾਲਕ ਸੁਖਦੇਵ ਰਾਜ ਨੇ ਦੱਸਿਆ ਕਿ ਸੁਖਚੈਨ ਰੋਡ 'ਤੇ ਉਨ੍ਹਾਂ ਦਾ ਇੱਕ ਗੋਦਾਮ ਹੈ ਜਿੱਥੇ ਕਬਾੜ ਦਾ ਸਾਮਾਨ ਰੱਖਿਆ ਜਾਂਦਾ ਹੈ, ਅੱਜ ਦੁਪਹਿਰ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਉਨ੍ਹਾਂ ਦੇ ਗੋਦਾਮ ਵਿੱਚ ਅੱਗ ਲੱਗ ਗਈ ਹੈ | ਇਸ 'ਤੇ ਉਨ੍ਹਾਂ ਨੇ ਫਾਇਰ ਬਿ੍ਗੇਡ ਨੂੰ ਫੋਨ ਕੀਤਾ, ਪਰ ਫੋਨ ਕਰਨ ਤੋਂ ਲਗਭਗ ਇੱਕ ਘੰਟੇ ਬਾਅਦ ਫਾਇਰ ਬਿ੍ਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਇਆ | ਪਰ ਉਦੋਂ ਤੱਕ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ | ਉਨ੍ਹਾਂ ਦੱਸਿਆ ਕਿ ਫਾਇਰ ਬਿ੍ਗੇਡ ਨੂੰ ਫ਼ੋਨ ਕਰਨ 'ਤੇ ਕਰਮਚਾਰੀ ਨੇ ਕਿਹਾ ਕਿ ਪਹਿਲਾਂ ਤੁਸੀਂ ਡਾਇਲ 112 'ਤੇ ਜਾਣਕਾਰੀ ਦਿਓ, ਉਸ ਤੋਂ ਬਾਅਦ ਉਹ ਫਾਇਰ ਬਿ੍ਗੇਡ ਨੂੰ ਸੂਚਿਤ ਕਰਨਗੇ | ਡਾਇਲ 112 ਤੋਂ ਜਾਣਕਾਰੀ ਮਿਲਣ ਤੋਂ ਬਾਅਦ ਫਾਇਰ ਬਿ੍ਗੇਡ ਦੀ ਗੱਡੀ ਮੌਕੇ 'ਤੇ ਪਹੁੰਚੇਗੀ | ਅਜਿਹੀ ਸਥਿਤੀ ਵਿੱਚ ਗੱਡੀ ਲਗਭਗ ਇੱਕ ਘੰਟਾ ਦੇਰੀ ਨਾਲ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਇਆ | ਗੱਡੀ ਦੇ ਪਹੁੰਚਣ ਵਿੱਚ ਦੇਰੀ ਕਾਰਨ ਉਨ੍ਹਾਂ ਦਾ ਲਗਭਗ ਇੱਕ ਲੱਖ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਸਿਸਟਮ ਨੂੰ ਬਿਹਤਰ ਬਣਾਇਆ ਜਾਵੇ ਤਾਂ ਜੋ ਅਜਿਹੀ ਸਥਿਤੀ ਵਿੱਚ ਫਾਇਰ ਬਿ੍ਗੇਡ ਦੀ ਗੱਡੀ ਮੌਕੇ 'ਤੇ ਪਹੁੰਚ ਸਕੇ |