ਸਿਰਸਾ, 19 ਜੂਨ (ਭੁਪਿੰਦਰ ਪੰਨੀਵਾਲੀਆ)-11ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਦੀ ਤਿਆਰੀ ਸੰਬੰਧੀ ਅੱਜ ਇਥੇ ਮੈਰਾਥਨ ਦੌੜ ਕਰਵਾਈ ਗਈ, ਜਿਸ ਵਿਚ ਖਿਡਾਰੀਆਂ, ਸਕੂਲੀ ਵਿਦਿਆਰਥੀਆਂ ਤੇ ਹੋਰਾਂ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ | ਮੈਰਾਥਨ ਦੌੜ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਸੀਈਓ ਡਾ. ਸੁਭਾਸ਼ ਚੰਦਰ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਦੇ ਜੀਵਨ ਵਿਚ ਯੋਗਾ ਦਾ ਬਹੁਤ ਮਹੱਤਵ ਹੈ | ਯੋਗਾ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਬਣਾਉਂਦਾ ਹੈ | ਹਰ ਵਿਅਕਤੀ ਨੂੰ ਯੋਗਾ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਵੀ ਯੋਗਾ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ | ਬਾਲ ਭਵਨ ਤੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਤੱਕ ਕਰਵਾਈ ਗਈ ਇਸ ਯੋਗਾ ਹਾਫ ਮੈਰਾਥਨ ਵਿੱਚ ਆਮ ਲੋਕਾਂ ਨੂੰ ਯੋਗਾ ਕਰਨ ਬਾਰੇ ਜਾਗਰੂਕ ਕੀਤਾ ਗਿਆ | ਇਸ ਤੋਂ ਬਾਅਦ ਸਟੇਡੀਅਮ ਵਿੱਚ ਯੋਗਾ ਪ੍ਰੋਟੋਕੋਲ ਗਤੀਵਿਧੀਆਂ ਦਾ ਅਭਿਆਸ ਕੀਤਾ ਗਿਆ, ਜਿਸ ਵਿੱਚ ਸੈਂਕੜੇ ਭਾਗੀਦਾਰਾਂ ਨੇ ਹਿੱਸਾ ਲਿਆ | ਇਸ ਦੌਰਾਨ, ਯੋਗਾ ਦਿਵਸ 'ਤੇ ਕੀਤੀਆਂ ਜਾਣ ਵਾਲੀਆਂ ਸਾਰੀਆਂ ਯੋਗਾ ਗਤੀਵਿਧੀਆਂ ਦਾ ਅਭਿਆਸ ਕੀਤਾ ਗਿਆ ਅਤੇ ਯੋਗਾ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਗਿਆ | ਅਧਿਕਾਰੀਆਂ ਨੇ ਦੱਸਿਆ ਕਿ ਯੋਗਾ ਦਿਵਸ ਦੀ ਰਿਹਰਸਲ 20 ਜੂਨ ਨੂੰ ਹੋਵੇਗੀ ਅਤੇ 21 ਜੂਨ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਜ਼ਿਲ੍ਹਾ ਪੱਧਰੀ ਯੋਗਾ ਦਿਵਸ ਦਾ ਪ੍ਰੋਗਰਾਮ ਕੀਤਾ ਜਾਵੇਗਾ |