ਯਮੁਨਾਨਗਰ, 20 ਜੂਨ (ਗੁਰਦਿਆਲ ਸਿੰਘ ਨਿਮਰ)-ਮਹਿਲਾ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਥਾਣਾ ਬਿਲਾਸਪੁਰ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਬਿਲਾਸਪੁਰ ਥਾਣਾ ਖੇਤਰ ਦੇ ਇਕ ਪਿੰਡ 'ਚ ਰਹਿਣ ਵਾਲੀ ਇਕ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਾਲ 2013 'ਚ, ਜਦੋਂ ਉਹ 16 ਸਾਲ ਦੀ ਸੀ, ਤਾਂ ਮੁਲਜ਼ਮ ਭੁਪਿੰਦਰ ਕੁਮਾਰ, ਜੋ ਕਿ ਉਸ ਦੇ ਸਕੂਲ 'ਚ ਪੜ੍ਹਦਾ ਸੀ, ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਨਾਲ ਜਬਰ-ਜਨਾਹ ਕਰਦਾ ਰਿਹਾ | ਇਸ ਤੋਂ ਬਾਅਦ ਜਦੋਂ ਉਸ ਨੇ ਮੁਲਜ਼ਮ ਨੂੰ ਵਿਆਹ ਕਰਵਾਉਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਉਹ 2024 'ਚ ਉਸ ਨਾਲ ਵਿਆਹ ਕਰੇਗਾ ਕਿਉਂਕਿ ਉਸ ਦੀ ਕੋਈ ਘਰੇਲੂ ਮਜ਼ਬੂਰੀ ਹੈ | ਇਸ ਤੋਂ ਬਾਅਦ ਉਹ ਵਾਰ-ਵਾਰ ਉਸ ਨਾਲ ਜਬਰ-ਜਨਾਹ ਕਰਦਾ ਰਿਹਾ ਹੈ ਅਤੇ ਜਦੋਂ ਉਸ ਨੇ ਮੁੜ ਉਸ ਨੂੰ ਵਿਆਹ ਕਰਵਾਉਣ ਲਈ ਕਿਹਾ ਤਾਂ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਨੂੰ ਧਮਕੀਆਂ ਵੀ ਦਿੱਤੀ | ਇਸ ਤੋਂ ਬਾਅਦ ਉਹ ਡਿਪਰੈਸ਼ਨ 'ਚ ਚਲੀ ਗਈ ਅਤੇ ਪ੍ਰੇਸ਼ਾਨ ਹੋ ਕੇ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ | ਇਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਇਲਾਜ ਲਈ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ | ਇਸ ਸ਼ਿਕਾਇਤ 'ਤੇ ਬਿਲਾਸਪੁਰ ਥਾਣੇ 'ਚ ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਉਪਰੰਤ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਲਈ ਸਬ-ਇੰਸਪੈਕਟਰ ਸਤੀਸ਼ ਕੁਮਾਰ ਤੇ ਏ. ਐਸ. ਆਈ. ਕੋਮਲ ਦੀ ਅਗਵਾਈ 'ਚ ਇਕ ਟੀਮ ਬਣਾਈ ਗਈ, ਜਿਸ ਨੇ ਤੁਰੰਤ ਕਾਰਵਾਈ ਕਰਦਿਆਂ ਭੁਪਿੰਦਰ ਕੁਮਾਰ ਉਰਫ਼ ਸੋਨੂੰ ਪੁੱਤਰ ਪਰਮਜੀਤ ਵਾਸੀ ਪਿੰਡ ਕਪੂਰੀ ਖੁਰਦ ਨੂੰ ਗਿ੍ਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਸ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ |