ਯਮੁਨਾਨਗਰ, 20 ਜੂਨ (ਗੁਰਦਿਆਲ ਸਿੰਘ ਨਿਮਰ)-'ਸਮਰ ਸਕੂਲ ਪ੍ਰੇਰਨਾ-2025' ਦੇ ਤਹਿਤ ਵਿਦਿਆਰਥੀਆਂ ਦੀਆਂ ਟੀਮ ਨੂੰ ਕੁਰੂਕਸ਼ੇਤਰ ਦੇ ਵਿੱਦਿਅਕ ਦੌਰੇ 'ਤੇ ਭੇਜਿਆ ਗਿਆ | ਇਸ ਮੌਕੇ ਇੰਡੀਅਨ ਪਬਲਿਕ ਸਕੂਲ ਜਗਾਧਰੀ ਦੇ ਡਾਇਰੈਕਟਰ ਡਾ. ਓ. ਪੀ. ਤਨੇਜਾ ਅਤੇ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਮਲਾ ਦੇ ਪਿ੍ੰ. ਅਨਿਲ ਕੁਮਾਰ ਬੁੱਧੀਰਾਜਾ ਵਲੋਂ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ | ਇਸ ਦੌਰੇ 'ਤੇ ਜਾਣ ਵਾਲੇ ਟੀਮ 'ਚ 220 ਵਿਦਿਆਰਥੀ ਅਤੇ 21 ਸਲਾਹਕਾਰ ਅਤੇ ਅਧਿਆਪਕ ਸ਼ਾਮਿਲ ਸਨ | ਕੁਰੂਕਸ਼ੇਤਰ ਪੁੱਜਣ 'ਤੇ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੇ ਪੈਨੋਰਮਾ ਸਾਇੰਸ ਸੈਂਟਰ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਨੂੰ ਵਿਗਿਆਨ ਦੇ ਸਿਧਾਂਤਾਂ ਨੂੰ ਵਿਵਹਾਰਕ ਤੌਰ 'ਤੇ ਸਮਝਣ ਅਤੇ ਵੱਖ-ਵੱਖ ਵਿਗਿਆਨਕ ਸੰਕਲਪਾਂ ਦੇ ਲਾਈਵ ਪ੍ਰਦਰਸ਼ਨ ਦੇਖਣ ਦਾ ਮੌਕਾ ਮਿਲਿਆ | ਇਸ ਮੌਕੇ ਵਿਦਿਆਰਥੀਆਂ ਨੇ ਭੌਤਿਕ ਵਿਗਿਆਨ, ਖਗੋਲ ਵਿਗਿਆਨ, ਸੂਰਜੀ ਊਰਜਾ, ਧੁਨੀ, ਪ੍ਰਕਾਸ਼ ਅਤੇ ਮਨੁੱਖੀ ਸਰੀਰ ਬਾਰੇ ਮਾਡਲਾਂ ਅਤੇ ਪ੍ਰਯੋਗਾਂ ਰਾਹੀਂ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ | ਇਸ ਤੋਂ ਬਾਅਦ ਵਿਦਿਆਰਥੀਆਂ ਨੇ ਹੈਰੀਟੇਜ ਮਿਊਜ਼ੀਅਮ ਦਾ ਦੌਰਾ ਕਰਕੇ ਹਰਿਆਣਾ ਦੇ ਪ੍ਰਾਚੀਨ ਸੱਭਿਆਚਾਰ, ਪ੍ਰੰਪਰਾਵਾਂ, ਪੇਂਡੂ ਜੀਵਨ, ਖੇਤੀਬਾੜੀ ਸੰਦਾਂ, ਲੋਕ ਕਲਾ ਅਤੇ ਆਰਕੀਟੈਕਚਰਲ ਵਿਰਾਸਤ ਬਾਰੇ ਗਿਆਨ ਪ੍ਰਾਪਤ ਕੀਤਾ | ਇਸੇ ਦੌਰਾਨ ਵਿਦਿਆਰਥੀਆਂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਕੈਂਪਸ ਦਾ ਦੌਰਾ ਕੀਤਾ ਅਤੇ ਵੱਖ-ਵੱਖ ਵਿਭਾਗਾਂ, ਪ੍ਰਯੋਗਸ਼ਾਲਾਵਾਂ ਅਤੇ ਅਧਿਆਪਨ ਸਹੂਲਤਾਂ ਦਾ ਨਿਰੀਖਣ ਕੀਤਾ ਅਤੇ ਸਲਾਹਕਾਰਾਂ ਤੇ ਅਧਿਆਪਕਾਂ ਤੋਂ ਯੂਨੀਵਰਸਿਟੀ ਦੇ ਕੰਮਕਾਜ ਅਤੇ ਉੱਚ ਸਿੱਖਿਆ ਬਾਰੇ ਜਾਣਕਾਰੀ ਹਾਸਲ ਕੀਤੀ | ਇਸ ਵਿਦਿਅਕ ਦੌਰੇ ਦੀ ਅਗਵਾਈ ਸਮਰ ਸਕੂਲ ਕੋਆਰਡੀਨੇਟਰ ਅਤੇ ਵਿਗਿਆਨ ਅਧਿਆਪਕ ਦਰਸ਼ਨ ਲਾਲ ਬਾਵੇਜਾ ਦੁਆਰਾ ਕੀਤੀ ਗਈ | ਇਸ ਮੌਕੇ ਉੱਚ ਵਿੱਦਿਅਕ ਸੰਸਥਾਵਾਂ ਦੇ ਸਲਾਹਕਾਰ ਰਾਜਨ, ਡਾ. ਆਦੇਸ਼, ਪਿ੍ਆਂਸ਼ੂ, ਸ਼ੁਭਮ, ਸੋਨਾਲੀ, ਕੋਮਲ ਨੈਨ, ਸੇਜ਼ਲ ਸ਼ਰਮਾ, ਦੀਪਾਂਸ਼ੀ, ਯੋਗਰਾਜ, ਸੁਧਰਮਾ ਭਾਰਤੀ, ਹਿਮਾਂਸ਼ੀ ਤੋਮਰ ਅਤੇ ਐਸਕਾਰਟ ਅਧਿਆਪਕ ਰਾਜੀਵ ਨੰਦਾ, ਹੁਸਨ ਭਾਰਦਵਾਜ, ਭਾਵਨਾ ਅਤੇ ਸਪਨਾ ਨੇ ਵਿਦਿਆਰਥੀਆਂ ਦਾ ਕੁਸ਼ਲਤਾ ਨਾਲ ਮਾਰਗਦਰਸ਼ਨ ਕੀਤਾ |