ਕਰਨਾਲ, 20 ਜੂਨ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋਂ 26 ਜੂਨ ਨੂੰ ਦੇਸ਼ ਦੀ ਤਤਕਾਲੀ ਸਰਕਾਰ ਵਲੋਂ 1975 'ਚ ਲਗਾਈ ਗਈ ਐਮਰਜੈਂਸੀ ਨੂੰ ਕਾਲਾ ਦਿਵਸ ਵਜੋਂ ਮਨਾਏ ਜਾਣ ਨੂੰ ਲੈ ਕੇ ਮਤਭੇਦ ਪੈਦਾ ਹੋ ਗਏ ਹਨ, ਜਿਸ ਕਾਰਨ ਹਰਿਆਣਾ ਕਮੇਟੀ ਦੇ ਮੈਂਬਰਾਂ ਦੀ ਆਪਸੀ ਸਹਿਮਤੀ ਬਣਦੀ ਹੋਈ ਨਜ਼ਰ ਨਹੀਂ ਆ ਰਹੀ | ਬੀਤੇ ਦਿਨੀਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ 26 ਜੂਨ ਨੂੰ ਕੁਰੂਕਸ਼ੇਤਰ ਵਿਖੇ ਐਮਰਜੈਂਸੀ ਨੂੰ ਲੈ ਕੇ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ, ਜਿਸ ਦਾ ਬੀਤੇ ਦਿਨ ਕੱਲ੍ਹ ਹਰਿਆਣਾ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਦਾਦੂਵਾਲ ਨੇ ਜਗਦੀਸ਼ ਸਿੰਘ ਝੀਂਡਾ ਵਲੋਂ ਐਮਰਜੈਂਸੀ ਨੂੰ ਕਾਲਾ ਦਿਵਸ ਵਜੋਂ ਮਨਾਉਣ ਦਾ ਸਮਰਥਨ ਕੀਤਾ ਸੀ, ਪਰ ਇਸ ਦੇ ਉਲਟ ਝੀਂਡਾ ਖੇਮੇ ਦੇ ਹੀ ਕਮੇਟੀ ਮੈਂਬਰ ਜੋਗਾ ਸਿੰਘ ਯਮੁਨਾਨਗਰ ਜੋ ਲਗਾਤਾਰ ਜਗਦੀਸ਼ ਸਿੰਘ ਝੀਂਡਾ ਨਾਲ ਵੱਖਰੀ ਕਮੇਟੀ ਲਈ ਸੰਘਰਸ਼ ਕਰਦੇ ਆ ਰਹੇ ਹਨ, ਉਹ ਇਨ੍ਹਾਂ ਦੇ ਵਿਰੋਧ 'ਚ ਉਤਰ ਆਏ ਹਨ | ਉਨ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਐਮਰਜੈਂਸੀ ਨੂੰ ਅੱਜ ਦੇ ਸਮੇਂ ਕਾਲਾ ਦਿਵਸ ਮਨਾਉਣਾ ਇਕ ਮੂਰਖਤਾਈ ਕੰਮ ਹੈ ਅਤੇ ਤਕਰੀਬਨ 50 ਸਾਲ ਬੀਤ ਗਏ ਹਨ, ਜਦੋਂ ਮੌਜੂਦਾ ਸਰਕਾਰ ਵਲੋਂ ਐਮਰਜੈਂਸੀ ਲਗਾਈ ਗਈ ਸੀ | ਇਸ ਤੋਂ ਬਾਅਦ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਚਲੀਆਂ ਗਈਆਂ | ਜਗਦੀਸ਼ ਸਿੰਘ ਝੀਂਡਾ ਨੇ ਅੱਜ ਤੱਕ ਕਦੇ ਐਮਰਜੈਂਸੀ ਨੂੰ ਕਾਲਾ ਦਿਵਸ ਵਜੋਂ ਨਹੀਂ ਮਨਾਇਆ ਗਿਆ, ਪਰ ਹੁਣ ਹਰਿਆਣਾ ਕਮੇਟੀ ਦਾ ਪ੍ਰਧਾਨ ਬਣਨ ਤੋਂ ਬਾਅਦ ਜਗਦੀਸ਼ ਸਿੰਘ ਝੀਂਡਾ ਐਮਰਜੈਂਸੀ ਨੂੰ ਕਾਲੇ ਦਿਵਸ ਵਜੋਂ ਮਨਾ ਰਹੇ ਹਨ ਜੋ ਇਕ ਮੂਰਖਤਾਈ ਪੂਰਨ ਕੰਮ ਹੈ ਅਤੇ ਉਨ੍ਹਾਂ ਦਾ ਸਮਰਥਨ ਕਰ ਰਹੇ ਮੈਂਬਰ, ਉਨ੍ਹਾਂ ਤੋਂ ਵੀ ਜਿਆਦਾ ਮੂਰਖਤਾਈ ਦਿਖਾ ਰਹੇ ਹਨ | ਉਨ੍ਹਾਂ ਕਿਹਾ ਦਾਦੂਵਾਲ ਨੂੰ ਧਰਮ ਪ੍ਰਚਾਰ ਦਾ ਕੰਮ ਦਿੱਤਾ ਗਿਆ ਹੈ ਅਤੇ ਹਰਿਆਣਾ 'ਚ ਧਰਮ ਪ੍ਰਚਾਰ ਪਛੜਦਾ ਹੋਇਆ ਨਜ਼ਰ ਆ ਰਿਹਾ ਹੈ, ਪਰ ਦਾਦੂਵਾਲ ਧਰਮ ਪ੍ਰਚਾਰ ਕਰਨ ਦੀ ਬਜਾਏ ਐਮਰਜੈਂਸੀ ਨੂੰ ਕਾਲੇ ਦਿਵਸ ਵਜੋਂ ਮਨਾਉਣ 'ਚ ਆਪਣਾ ਸਮਰਥਨ ਦਿੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਇਸ ਤੋਂ ਵੱਡੀ ਮੂਰਖਤਾ ਵਾਲਾ ਕੀ ਕੰਮ ਹੋਵੇਗਾ? ਉਨ੍ਹਾਂ ਕਿਹਾ ਕਿ ਸਾਡਾ ਫਰਜ ਬਣਦਾ ਹੈ ਅਸੀਂ ਹਰਿਆਣਾ 'ਚ ਧਰਮ ਪ੍ਰਚਾਰ ਕਰੀਏ ਅਤੇ ਜੋ ਸਾਡੇ ਗਰੀਬ ਸਿੱਖ ਸਾਡੀਆਂ ਕਿਸੀ ਕਮੀਆਂ ਕਾਰਨ ਸਿੱਖੀ ਧਰਮ ਨੂੰ ਛੱਡ ਕੇ ਇਸਾਈ ਧਰਮ ਜਾਂ ਹੋਰ ਧਰਮ ਵੱਲ ਜਾ ਰਹੇ ਹਨ ਸਾਡਾ ਫਰਜ਼ ਬਣਦਾ ਹੈ | ਉਨ੍ਹਾਂ ਨੂੰ ਵਾਪਸ ਆਪਣੇ ਧਰਮ 'ਚ ਲੈ ਕੇ ਆਈਏ ਅਤੇ ਉਨ੍ਹਾਂ ਦੀਆਂ ਲੋੜੀਦੀਆਂ ਜਰੂਰਤਾਂ ਪੂਰੀਆਂ ਕੀਤੀਆਂ ਜਾਣ | ਸਾਡੀ ਕਮੇਟੀ ਦੇ ਦੋਨੋਂ ਮੁੱਖ ਆਗੂ ਆਪਣੇ ਟੀਚੇ ਤੋਂ ਭਟਕਦੇ ਹੋਏ ਨਜ਼ਰ ਆ ਰਹੇ ਹਨ, ਜਦਕਿ ਉਨ੍ਹਾਂ ਨੂੰ ਚਾਹੀਦਾ ਹੈ ਕਿ ਹਰਿਆਣੇ ਦੇ ਸਿੱਖਾਂ ਨੂੰ ਮੁੱਖ ਰੱਖਦੇ ਹੋਏ ਧਰਮ ਪ੍ਰਚਾਰ ਅਤੇ ਗੁਰੂ ਘਰਾਂ ਦੇ ਸੇਵਾ ਸੰਭਾਲ 'ਤੇ ਜੋਰ ਦਿੱਤਾ ਜਾਵੇ | ਹਰਿਆਣਾ ਦੇ ਸਿੱਖਾਂ ਦੀ ਜਰੂਰਤਾਂ ਨੂੰ ਪੂਰਾ ਕਰਨ ਲਈ ਸਕੂਲ ਕਾਲਜ ਅਤੇ ਸਿਹਤ ਸਹੂਲਤਾਂ ਦੇਣ ਲਈ ਕੰਮ ਕੀਤਾ ਜਾਵੇ | ਉਨ੍ਹਾਂ ਕਿਹਾ ਪ੍ਰਧਾਨ ਸਾਹਿਬ ਦਾ ਮੂਰਖਤਾ ਭਰਿਆ ਕੰਮ ਕਰ ਹੀ ਰਹੇ ਹਨ, ਪਰ ਦਾਦੂਵਾਲ ਨੇ ਉਨ੍ਹਾਂ ਦਾ ਸਮਰਥਨ ਕਰਕੇ ਉਸ ਤੋਂ ਵੀ ਵੱਡਾ ਮੂਰਖਤਾਈ ਵਾਲਾ ਕੰਮ ਕੀਤਾ ਹੈ, ਜਿਸ ਦਾ ਅਸੀਂ ਡੱਟ ਕੇ ਵਿਰੋਧ ਕਰਾਂਗੇ | ਹਾਲਾਂਕਿ ਉਨ੍ਹਾਂ ਨੇ ਆਪਣੇ ਵਿਰੋਧ ਕਰਨ ਦੇ ਤਰੀਕੇ ਦਾ ਖੁਲਾਸਾ ਨਹੀਂ ਕੀਤਾ | ਇਥੇ ਦੱਸਣਯੋਗ ਹੈ ਕਿ ਜਿਸ ਸਮੇ ਕਮੇਟੀ ਦੇ ਨਵੇਂ ਪ੍ਰਧਾਨ ਅਤੇ ਮੈਂਬਰਾਂ ਦੀ ਚੋਣ ਕੀਤੀ ਜਾਣੀ ਸੀ ਅਤੇ ਉਸ ਤੋਂ ਪਹਿਲਾਂ ਝੀਂਡਾ ਅਤੇ ਦਾਦੂਵਾਲ ਦਰਮਿਆਨ 36 ਦਾ ਅੰਕੜਾ ਸੀ, ਜਦਕਿ ਝੀਂਡਾ ਅਤੇ ਜੋਗਾ ਸਿੰਘ ਯਮੁਨਾਨਗਰ ਇਕੱਠੇ ਸਨ | ਇਸ ਤੋਂ ਬਾਅਦ ਦਾਦੂਵਾਲ ਜੋ ਕਿ ਕਮੇਟੀ ਦੀਆਂ ਚੋਣਾਂ ਦੌਰਾਨ ਹਾਰ ਗਏ ਸਨ, ਪਰ ਦਾਦੂਵਾਲ ਦੇ ਮੈਂਬਰ ਵਜੋਂ ਚੁਣੇ ਜਾਣ ਤੋਂ ਬਾਅਦ ਝੀਂਡਾ ਅਤੇ ਦਾਦੂਵਾਲ ਨੇ ਆਪਸ 'ਚ ਹੱਥ ਮਿਲਾ ਲਿਆ ਅਤੇ ਕਮੇਟੀ ਮੈਂਬਰਾਂ ਦੀ ਪ੍ਰੋ-ਟੀਮ ਦੇ ਚੇਅਰਮੈਨ ਬਣਾਏ ਗਏ | ਜੋਗਾ ਸਿੰਘ ਯਮੁਨਾਨਗਰ ਦੀ ਪ੍ਰਧਾਨਗੀ ਹੇਠ ਹੋਈ 23 ਮਈ ਦੀ ਮੀਟਿੰਗ 'ਚ ਝੀਂਡਾ ਨੂੰ ਸਰਬਸੰਮਤੀ ਨਾਲ ਕਮੇਟੀ ਦਾ ਪ੍ਰਧਾਨ ਐਲਾਨਿਆ ਗਿਆ, ਜਿਸ ਦਾ ਵਿਰੋਧੀ ਧਿਰ ਵਲੋਂ ਵਿਰੋਧ ਵੀ ਕੀਤਾ ਗਿਆ ਸੀ | ਇਸ ਸਮੇਂ ਦਾਦੂਵਾਲ ਹਰਿਆਣਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਹਨ, ਜੋ ਕਿ ਝੀਂਡਾ ਵਲੋਂ ਐਮਰਜੈਂਸੀ ਨੂੰ ਕਾਲਾ ਦਿਵਸ ਵਜੋਂ ਮਨਾਏ ਜਾਣ ਦਾ ਸਮਰਥਨ ਕਰ ਰਹੇ ਹਨ, ਜਦਕਿ ਝੀਂਡਾ ਸਮਰਥਕ ਜੋਗਾ ਸਿੰਘ ਇਸ ਦਾ ਵਿਰੋਧ ਕਰ ਰਹੇ ਹਨ | ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਮਾਮਲੇ ਨੂੰ ਲੈ ਕੇ ਦੋਵੇ ਧਿਰਾਂ ਕੀ ਰਣਨੀਤੀ ਬਣਾਉਂਦੀਆਂ ਹਨ |