ਨਵੀਂ ਦਿੱਲੀ , 21 ਸਤੰਬਰ (ਜਗਤਾਰ ਸਿੰਘ)- ਦਿੱਲੀ ਟ੍ਰੈਫਿਕ ਪੁਲਿਸ ਵੱਲੋਂ 22 ਸਤੰਬਰ ਤੋਂ 3 ਅਕਤੂਬਰ ਤੱਕ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ¢ ਲਾਲ ਕਿਲ੍ਹਾ ਮੈਦਾਨ ਵਿਚ ਹੋਣ ਵਾਲੀ ਰਾਮਲੀਲ੍ਹਾ ਅਤੇ ਦਸ਼ਹਿਰਾ ਮੇਲੇ ਦੇ ਮੱਦੇਨਜ਼ਰ ਹੀ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ | ਇਨ੍ਹਾਂ ਪ੍ਰੋਗਰਾਮਾਂ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਹਨ | ਇਸ ਤੋਂ ਇਲਾਵਾ ਹੋਰ ਲੋਕ ਵੀ ਇੱਥੇ ਵੱਡੀ ਗਿਣਤੀ ਵਿਚ ਪੁੱਜਦੇ ਹਨ | ਦਰਅਸਲ ਇੱਥੇ ਤਿੰਨ ਪ੍ਰਮੁੱਖ ਰਾਮਲੀਲ੍ਹਾ ਹੁੰਦੀਆਂ ਹਨ ਜਿਨ੍ਹਾਂ ਵਿਚ ਲਵਕੁਸ਼ ਰਾਮਲੀਲ੍ਹਾ, ਨਵ ਸ਼੍ਰੀ ਧਾਰਮਿਕ ਰਾਮਲੀਲ੍ਹਾ ਤੇ ਸ਼੍ਰੀ ਧਾਰਮਿਕ ਰਾਮਲੀਲਾ ਸ਼ਾਮਲ ਹਨ | ਐਡਵਾਇਜ਼ਰੀ ਵਿਚ ਯਾਤਰੀਆਂ ਨੂੰ ਲਾਲ ਕਿਲ੍ਹੇ ਦੇ ਨੇੜੇ ਨੇਤਾ ਸੁਭਾਸ਼ ਮਾਰਗ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ¢ ਤਿਉਹਾਰ ਦੇ ਦੌਰਾਨ ਸ਼ਾਮ 5 ਵਜੇ ਤੋਂ ਅੱਧੀ ਰਾਤ ਦੇ ਵਿਚਕਾਰ ਸਾਰੀਆਂ ਵਪਾਰਕ ਗੱਡੀਆਂ ਅਤੇ ਡੀ.ਟੀ.ਸੀ. ਬੱਸਾਂ ਨੂੰ ਲਾਲ ਕਿਲ੍ਹੇ ਵੱਲੋਂ ਜਾਣ ਦੇਣ ਦੀ ਬਜਾਏ ਦਿੱਲੀ ਗੇਟ, ਦਰਿਆ ਗੰਜ ਅਤੇ ਛੱਤਾ ਰੇਲ ਚੌਂਕ ਤੋਂ ਡਾਇਵਰਟ ਕੀਤਾ ਜਾਵੇਗਾ ¢ ਟ੍ਰੈਫਿਕ ਪੁਲਿਸ ਦੇ ਡੀ.ਸੀ.ਪੀ. ਨਿਸ਼ਾਂਤ ਗੁਪਤਾ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਰਾਮਲੀਲ੍ਹਾ ਵਿਚ ਆਉਣ ਵਾਲੀ ਭੀੜ ਦੇ ਮੱਦੇਨਜ਼ਰ ਹੀ ਦਿੱਲੀ ਗੇਟ ਤੋਂ ਛੱਤਾ ਰੇਲ ਚੌਂਕ ਤੱਕ ਨੇਤਾਜੀ ਸੁਭਾਸ਼ ਮਾਰਗ ਅਤੇ ਨਿਸ਼ਾਦ ਰਾਜ ਮਾਰਗ 'ਤੇ ਟ੍ਰੈਫਿਕ ਬੰਦ ਰਹੇਗਾ | ਇਸ ਦੌਰਾਨ ਸੁਝਾਏ ਗਏ ਬਦਲਵੇਂ ਮਾਰਗਾਂ 'ਚ ਦਿੱਲੀ ਗੇਟ ਤੋਂ ਰਾਜਘਾਟ, ਸ਼ਾਂਤੀ ਵਨ, ਹਨੂਮਾਨ ਸੇਤੂ, ਕੇਲਾ ਘਾਟ ਤੋਂ ਛੱਤਾ ਰੇਲ ਤੇ ਛੱਤਾ ਰੇਲ ਤੋਂ ਹਨੂਮਾਨ ਸੇਤੂ, ਸਲੀਮਗੜ੍ਹ ਬਾਈਪਾਸ ਸ਼ਾਮਲ ਹੈ ¢