ਰਤੀਆ, 16 ਅਕਤੂਬਰ (ਬੇਅੰਤ ਕੌਰ ਮੰਡੇਰ)- ਸਰਵ ਸਮਾਜ ਸਭਾ ਦੀ ਇੱਕ ਵਿਸ਼ੇਸ਼ ਮੀਟਿੰਗ ਬਾਬਾ ਨਾਮਦੇਵ ਧਰਮਸ਼ਾਲਾ ਵਿਖੇ ਸਭਾ ਦੇ ਪ੍ਰਧਾਨ ਸਤਪਾਲ ਜਿੰਦਲ ਦੀ ਪ੍ਰਧਾਨਗੀ ਹੇਠ ਹੋਈ | ਸਭਾ ਦੇ ਜਨਰਲ ਸਕੱਤਰ ਡਾ. ਨਾਇਬ ਸਿੰਘ ਮੰਡੇਰ ਨੇ ਰਿਪੋਰਟ ਪੇਸ਼ ਕਰਕੇ ਮੀਟਿੰਗ ਦੀ ਸ਼ੁਰੂਆਤ ਕੀਤੀ | ਇਸ ਮੌਕੇ ਸਾਰੇ ਬੁਲਾਰਿਆਂ ਨੇ ਸਰਬਸੰਮਤੀ ਨਾਲ ਮੰਗ ਕੀਤੀ ਕਿ ਪ੍ਰਸ਼ਾਸਨ ਤੇ ਸਰਕਾਰ ਬਰਸਾਤੀ ਪਾਣੀ ਦੀ ਨਿਕਾਸੀ ਲਈ ਇੱਕ ਮਾਸਟਰ ਪਲਾਨ ਤਿਆਰ ਕਰੇ | ਆਪਣੇ ਸੰਬੋਧਨ 'ਚ ਪ੍ਰਧਾਨ ਸਤਪਾਲ ਜਿੰਦਲ ਨੇ ਮੰਗ ਕੀਤੀ ਕਿ ਬੁਢਲਾਡਾ ਰੋਡ 'ਤੇ ਬਣਾਏ ਜਾ ਰਹੇ ਸੀਵਰੇਜ ਨਾਲੇ ਨੂੰ ਸਹੀ ਢੰਗ ਨਾਲ ਸਲੇਬ ਨਾਲ ਢੱਕਿਆ ਜਾਵੇ | ਉਨ੍ਹਾਂ ਕਿਹਾ ਕਿ ਇਹ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਦੁਕਾਨਦਾਰ ਅਤੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਸ਼ਹਿਰ ਵਿਚ ਸਹੀ ਉਸਾਰੀ ਤੇ ਮੁਰੰਮਤ ਦਾ ਕੰਮ ਹੋਣ ਨਿਗਰਾਨੀ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਨਵੇਂ ਬਣੇ ਸੀਵਰੇਜ ਨਾਲੇ ਵਿਚ ਟਾਇਲਟ/ਸੀਵਰੇਜ ਦਾ ਕੁਨੈਕਸ਼ਨ ਕਰਨਾ ਉਚਿੱਤ ਨਹੀਂ ਹੈ ਤੇ ਇਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਬਦਬੂ ਫੈਲ ਸਕਦੀ ਹੈ | ਮੀਟਿੰਗ ਵਿਚ ਮਤਾ ਪਾਸ ਕਰਦਿਆਂ ਪ੍ਰਸ਼ਾਸਨ ਨੂੰ ਬਰਸਾਤੀ ਪਾਣੀ ਦੀ ਨਿਕਾਸੀ ਲਈ ਇੱਕ ਮਾਸਟਰ ਪਲਾਨ ਬਣਾਉਣ ਲਈ ਕਿਹਾ ਗਿਆ ਤੇ ਸਾਰਿਆਂ ਨੇ ਕਿਹਾ ਕਿ ਸ਼ਹਿਰ ਵਿਚ ਵਿਛੇ ਸੀਵਰੇਜ ਦੀ ਸਫ਼ਾਈ ਵੀ ਬਹੁਤ ਜ਼ਰੂਰੀ ਹੈ | ਸੀਵਰੇਜ ਦੀ ਸਫ਼ਾਈ ਅਤੇ ਹੋਰ ਸਮੱਸਿਆਵਾਂ ਸਬੰਧੀ ਜਲਦੀ ਹੀ ਐਸ.ਡੀ.ਐਮ. ਨੂੰ ਮਿਲਣ ਦਾ ਮਤਾ ਪਾਸ ਕੀਤਾ ਗਿਆ | ਮੀਟਿੰਗ ਵਿਚ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ, ਪ੍ਰਸ਼ਾਸਨ ਨੂੰ ਦੀਵਾਲੀ ਦਾ ਤਿਉਹਾਰ ਪ੍ਰਦੂਸ਼ਣ ਰਹਿਤ ਮਨਾਉਣ ਤੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਵਧਾਉਣ ਲਈ ਕਿਹਾ ਗਿਆ | ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ ਕਿ ਸਮਾਜ ਸਭਾ ਨੇ ਉਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ ਜਿਨ੍ਹਾਂ ਨੇ ਸਮਾਜ ਲਈ ਚੰਗੀ ਸੇਵਾ ਕੀਤੀ ਹੈ | ਮੀਟਿੰਗ ਵਿਚ ਚਰਚਾ ਕਰਦਿਆਂ ਦੱਸਿਆ ਗਿਆ ਕਿ ਕੁਝ ਦਿਨ ਪਹਿਲਾਂ ਜਦੋਂ ਭਾਖੜਾ ਨਹਿਰ ਵਿਚ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਜਾਨਾਂ ਬਚਾਉਣਾ ਬਹੁਤ ਹੀ ਪ੍ਰਸ਼ੰਸਾਯੋਗ ਸੀ | ਮੰਡੀ ਰੋਡ ਘਟਨਾ ਵਿਚ ਮਦਦ ਕਰਨ ਵਾਲਿਆਂ ਦਾ ਸਨਮਾਨ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਸਤਪਾਲ ਜਿੰਦਲ, ਜਨਰਲ ਸਕੱਤਰ ਡਾ. ਨਾਇਬ ਸਿੰਘ ਮੰਡੇਰ, ਕਾਮਰੇਡ ਅਜਮੇਰ ਸਿੰਘ, ਮੀਤ ਪ੍ਰਧਾਨ ਨਰਿੰਦਰ ਗਰੋਵਰ, ਗੁਰਪ੍ਰੀਤ ਸਿੰਘ ਨੈਨ, ਰਣਧੀਰ ਸਿੰਘ ਮੌਲੀਆ, ਹੈਪੀ ਸਿੰਘ ਸੇਠੀ, ਐਡਵੋਕੇਟ ਸੁਸ਼ੀਲ ਜੈਨ, ਜਗਜੀਤ ਸਿੰਘ ਢਿੱਲੋਂ, ਬਿੰਨਾ ਜਿੰਦਲ, ਕਰਨੈਲ ਸਿੰਘ ਸੱਗੂ, ਗੁਰਨਾਮ ਸਿੰਘ, ਸ਼ੇਰ ਸਿੰਘ ਭੁੱਲਰ, ਐਡਵੋਕੇਟ ਹਰਪਾਲ ਗ੍ਰੋਹਾ, ਐਡਵੋਕੇਟ ਧੀਰਜ ਮੋਂਗਾ, ਗੁਰਵਿੰਦਰ ਸਿੰਘ ਗੋਲਡੀ, ਮਾ. ਹਰਪ੍ਰੀਤ ਸਿੰਘ ਭੁੱਲਰ, ਮਾ. ਹਰੀ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ |