ਸਿਰਸਾ, 17 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਓਡੀਸ਼ਾ ਦੇ ਸਾਬਕਾ ਰਾਜਪਾਲ ਪ੍ਰੋ. ਗਣੇਸ਼ੀ ਲਾਲ ਨੇ ਕਿਹਾ ਕਿ ਪੱਤਰਕਾਰੀ ਸਮਾਜ ਦਾ ਸ਼ੀਸ਼ਾ ਹੁੰਦੀ ਹੈ | ਇਹ ਲੋਕ ਸਮਾਜ ਦੀਆਂ ਹਰ ਮਹੱਤਵਪੂਰਨ ਖ਼ਬਰਾਂ ਸਾਡੇ ਤੱਕ ਪਹੁੰਚਾਉਣ ਲਈ ਆਪਣੀ ਦੀਵਾਲੀ ਦੀ ਕੁਰਬਾਨੀ ਦਿੰਦੇ ਹਨ | ਉਨ੍ਹਾਂ ਦਾ ਸਨਮਾਨ ਕਰਨਾ ਪੂਜਾ ਤੋਂ ਘੱਟ ਨਹੀਂ ਹੈ | ਉਨ੍ਹਾਂ ਕਿਹਾ ਕਿ ਵਸੁਧੈਵ ਕੁਟੁੰਬਕਮ ਦੀ ਭਾਵਨਾ ਹਰ ਵਿਅਕਤੀ ਦੇ ਸਤਿਕਾਰ ਵਿੱਚ ਨਿਹਿਤ ਹੈ, ਤੇ ਪੱਤਰਕਾਰ ਉਸ ਭਾਵਨਾ ਦੇ ਰੂਪ ਹਨ, ਜੋ ਸਮਾਜ ਦੇ ਹਰ ਵਰਗ ਨੂੰ ਆਵਾਜ਼ ਦਿੰਦੇ ਹਨ | ਪ੍ਰੋ. ਗਣੇਸ਼ੀ ਲਾਲ ਵੀਰਵਾਰ ਨੂੰ ਹਿਸਾਰ ਰੋਡ 'ਤੇ ਰਾਇਲ ਹਵੇਲੀ ਵਿਖੇ ਹਰੇ ਕਾ ਸਹਾਰਾ ਚੈਰੀਟੇਬਲ ਟਰੱਸਟ ਦੁਆਰਾ ਸਨਮਾਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ | ਟਰੱਸਟ ਦੇ ਪ੍ਰਧਾਨ ਤੇ ਸਮਾਜ ਸੇਵਕ ਮਨੀਸ਼ ਸਿੰਗਲਾ ਨੇ ਸਾਰੇ ਪੱਤਰਕਾਰਾਂ ਦਾ ਸਵਾਗਤ ਕੀਤਾ ਅਤੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ | ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਇਹ ਸਾਰੇ ਪੱਤਰਕਾਰ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਨ ਤੇ ਪੱਤਰਕਾਰ ਹੀ ਸ਼ਹਿਰ ਦੇ ਅਸਲ ਹੀਰੋ ਹਨ | ਸਿੰਗਲਾ ਨੇ ਕਿਹਾ ਕਿ ਇਹ ਸਾਰਾ ਸਮਾਗਮ ਉਨ੍ਹਾਂ ਦੀ ਸਵਰਗੀ ਮਾਂ ਸੁਸ਼ੀਲਾ ਦੇਵੀ ਦੇ ਆਸ਼ੀਰਵਾਦ ਨਾਲ ਹੋ ਰਿਹਾ ਹੈ | ਪ੍ਰੋ. ਗਣੇਸ਼ੀ ਲਾਲ ਗਣੇਸ਼ੀ ਲਾਲ ਤੇ ਮਨੀਸ਼ ਸਿੰਗਲਾ ਨੇ ਆਪਣੇ ਪੂਰੇ ਪਰਿਵਾਰ ਸਮੇਤ ਸਾਰੇ ਪੱਤਰਕਾਰਾਂ ਨਾਲ ਬੈਠ ਕੇ ਦੁਪਹਿਰ ਦਾ ਖਾਣਾ ਖਾਧਾ | ਸੀਨੀਅਰ ਪੱਤਰਕਾਰ ਆਰ.ਕੇ. ਭਾਰਦਵਾਜ ਤੇ ਭੁਪਿੰਦਰ ਪੰਨੀਵਾਲੀਆ ਨੇ ਸਾਰੇ ਪੱਤਰਕਾਰਾਂ ਵੱਲੋਂ ਸਿੰਗਲਾ ਪਰਿਵਾਰ ਦਾ ਇਸ ਸਮਾਗਮ ਲਈ ਧੰਨਵਾਦ ਕੀਤਾ | ਇਸ ਮੌਕੇ ਪੱਤਰਕਾਰਾਂ ਤੋਂ ਇਲਾਵਾ ਪ੍ਰੋ. ਗਣੇਸ਼ੀ ਲਾਲ ਦੇ ਨਿੱਜੀ ਸਕੱਤਰ ਹਰਪਿੰਦਰ ਸ਼ਰਮਾ, ਯੋਗੇਸ਼ ਬਿਜਾਰਨੀਆ, ਸਾਬਕਾ ਕੌਂਸਲਰ ਕੌਸ਼ਲਿਆ ਵਰਮਾ, ਜੇਪਿਕਾ ਤਾਗੜਾ, ਮੁਸਕਾਨ ਪ੍ਰਜਾਪਤੀ ਆਦਿ ਮੌਜੂਦ ਸਨ |