ਫ਼ਤਿਹਾਬਾਦ, 5 ਨਵੰਬਰ (ਹਰਬੰਸ ਸਿੰਘ ਮੰਡੇਰ)- ਸਿੱਖ ਧਰਮ ਦੇ ਪਹਿਲੇ ਗੁਰੂ, ਵਿਸ਼ਵ ਭਾਈਚਾਰੇ ਅਤੇ ਮਨੁੱਖੀ ਭਲਾਈ ਦੇ ਸੰਦੇਸ਼ ਦੇਣ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਿੰਡ ਕਾਤਾਖੇੜੀ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ | ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਦੂੜਾਰਾਮ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਇਸ ਮੌਕੇ ਲਗਾਏ ਖ਼ੂਨਦਾਨ ਕੈਂਪ ਵਿਚ ਖ਼ੂਨਦਾਨੀਆਂ ਨੂੰ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਕਿ ਗੁਰੂ ਜੀ ਨੇ 'ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ' ਦਾ ਸੰਦੇਸ਼ ਦੇ ਕੇ ਸਮਾਜ ਵਿਚ ਸਮਾਨਤਾ, ਪਿਆਰ, ਸ਼ਾਂਤੀ ਅਤੇ ਸੇਵਾ ਨੂੰ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਖ਼ੂਨਦਾਨ ਇੱਕ ਮਹਾਨ ਸੇਵਾ ਹੈ ਅਤੇ ਇਹ ਲੋੜਵੰਦਾਂ ਦੀ ਜਾਨ ਬਚਾ ਸਕਦਾ ਹੈ | ਉਨ੍ਹਾਂ ਨੇ ਨੌਜਵਾਨਾਂ ਨੂੰ ਸਮਾਜ ਭਲਾਈ ਦੇ ਕੰਮਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦੀ ਅਪੀਲ ਕੀਤੀ | ਇਸ ਦੌਰਾਨ ਕਾਤਾਖੇੜੀ ਪਿੰਡ ਵਿਚ ਨਵੇਂ ਬਣੇ ਸਰਪੰਚ ਦੇ ਦਫ਼ਤਰ ਦਾ ਉਦਘਾਟਨ ਸਮਾਰੋਹ ਵੀ ਆਯੋਜਿਤ ਕੀਤਾ ਗਿਆ ਜਿਸ ਵਿਚ ਸਾਬਕਾ ਵਿਧਾਇਕ ਦੂੜਾਰਾਮ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਉਨ੍ਹਾਂ ਨੇ ਸਰਪੰਚ ਪ੍ਰਤੀਨਿਧੀ ਗੁਰਦੀਪ ਸਿੰਘ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪਾਰਦਰਸ਼ਤਾ ਜਨਤਕ ਸੁਣਵਾਈਆਂ ਅਤੇ ਸਮੇਂ ਸਿਰ ਹੱਲ ਇੱਕ ਮਜ਼ਬੂਤ ਪੰਚਾਇਤ ਪ੍ਰਣਾਲੀ ਦੇ ਲੱਛਣ ਹਨ | ਕੀਰਤਨ ਜਥੇ ਭਾਈ ਬੂਟਾ ਸਿੰਘ ਨੇ ਗੁਰੂ ਜੀ ਦੇ ਬਚਨਾਂ ਦੇ ਪਾਠ ਨਾਲ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ | ਇਸ ਮੌਕੇ ਸਰਪੰਚ ਪ੍ਰਤੀਨਿਧੀ ਗੁਰਦੀਪ ਸਿੰਘ, ਸੁਲੱਖਣ ਸਿੰਘ, ਸੀਤਾ ਰਾਮ ਪੂਨੀਆ, ਅਰਵਿੰਦ ਸਿਹਾਗ, ਮਲਕੀਤ ਸਿੰਘ, ਹਰਪਾਲ ਸਿੰਘ, ਕੁਲਵੰਤ ਸਿੰਘ, ਕਾਲਾ ਸਿੰਘ, ਸੰਦੀਪ ਸਿੰਘ, ਰਜਤ ਸਿੰਘ ਆਦਿ ਹਾਜ਼ਰ ਸਨ |
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲਗਾਇਆ ਖ਼ੂਨਦਾਨ ਕੈਂਪ
ਅਜੀਤ ਡੈਸਕ
06-11-2025