ਨਵੀਂ ਦਿੱਲੀ, 5 ਨਵੰਬਰ (ਮਿਸਰਦੀਪ ਭਾਟੀਆ)-ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਵੱਖ-ਵੱਖ ਥਾਵਾਂ 'ਤੇ ਮਨਾਇਆ ਜਾ ਰਿਹਾ ਹੈ | ਇਸ ਲੜੀ ਵਿਚ ਸਦਰ ਬਾਜ਼ਾਰ ਦੇ ਵਪਾਰੀਆਂ ਨੇ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ | ਸਦਰ ਬਾਜ਼ਾਰ ਬਾਰੀ ਮਾਰਕੀਟ ਟ੍ਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੀ ਤਰਫ਼ੋਂ ਵੱਖ-ਵੱਖ ਵਪਾਰੀਆਂ ਅਤੇ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ | ਇਸ ਮੌਕੇ 'ਤੇ ਫ਼ੈਡਰੇਸ਼ਨ ਆਫ਼ ਸਦਰ ਬਾਜ਼ਾਰ ਟ੍ਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਯਾਦਵ, ਕਾਰਜਕਾਰੀ ਪ੍ਰਧਾਨ ਚੌਧਰੀ ਯੋਗੇਂਦਰ ਸਿੰਘ, ਉੱਪ ਪ੍ਰਧਾਨ ਵਿਸ਼ਨੂੰ ਯਾਦਵ, ਬਾਰੀ ਮਾਰਕਿਟ ਦੇ ਸੀਨੀਅਰ ਉੱਪ ਪ੍ਰਧਾਨ ਵਰਿੰਦਰ ਵਾਲੀਆ, ਕੁਲਦੀਪ ਸਿੰਘ, ਉੱਪ ਪ੍ਰਧਾਨ ਸੁਨੀਲ ਪੁਰੀ, ਪ੍ਰਦੀਪ ਸਚਦੇਵਾ, ਸਕੱਤਰ ਅਭੈ ਸੱਭਰਵਾਲ ਸ਼ੇਖਰ ਕਟਾਰੀਆ ਅਤੇ ਅਰਮਾਨ ਭਾਈ ਸਮੇਤ ਕਈ ਹੋਰ ਵਪਾਰੀ ਮੌਜੂਦ ਸਨ | ਇਸ ਮੌਕੇ 'ਤੇ ਸਾਰਿਆਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਅਰਦਾਸ ਕੀਤੀ ਅਤੇ ਲੰਗਰ ਵਰਤਾਇਆ | ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਹਰ ਸਾਲ ਸਾਰੇ ਧਰਮਾਂ ਦੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੇ ਹਨ | ਉਨ੍ਹਾਂ ਕਿਹਾ ਕਿ ਸਦਰ ਬਾਜ਼ਾਰ ਆਪਸੀ ਭਾਈਚਾਰੇ ਦੀ ਇਕ ਮਿਸਾਲ ਹੈ, ਜਿਸ ਦਾ ਸੰਦੇਸ਼ ਪੂਰੇ ਦੇਸ਼ ਵਿਚ ਜਾਂਦਾ ਹੈ |