ਨਵੀਂ ਦਿੱਲੀ, 25 ਨਵੰਬਰ (ਮਿਸਰਦੀਪ ਭਾਟੀਆ)-ਭਾਰਤ ਮੰਡਪਮ, ਪ੍ਰਗਤੀ ਮੈਦਾਨ ਵਿਖੇ ਆਯੋਜਿਤ ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ 2025 ਵਿਚ ਵੇਰਕਾ 'ਚ ਸਟਾਲ ਖਪਤਕਾਰਾਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ | ਵੇਰਕਾ ਦਿੱਲੀ ਦਫ਼ਤਰ ਦੇ ਪ੍ਰਬੰਧਨ ਵਿਚ ਲਗਾਏ ਗਏ ਇਸ ਸਟਾਲ 'ਤੇ ਕੰਪਨੀ ਦੇ ਪ੍ਰਮੁੱਖ ਡੇਅਰੀ ਉਤਪਾਦ ਵੇਰਕਾ ਘਿਉ, ਵੇਰਕਾ ਖੀਰ, ਵੇਰਕਾ ਰਬੜੀ, ਵੇਰਕਾ ਦਹੀ ਅਤੇ ਵੇਰਕਾ ਲੱਸੀ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਸਟਾਲ 'ਤੇ ਪਹੁੰਚੇ ਦਰਸ਼ਕਾਂ ਨੇ ਵੇਰਕਾ ਘਿਉ ਦੀ ਸ਼ੁੱਧਤਾ ਅਤੇ ਰਵਾਇਤੀ ਸੁਆਦ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਹ ਰਵਾਇਤੀ ਭਾਰਤੀ ਪਕਵਾਨਾਂ ਦੀ ਅਸਲ ਪਛਾਣ ਨੂੰ ਬਰਕਰਾਰ ਰੱਖਦਾ ਹੈ | ਵੇਰਕਾ ਦੇ ਦਹੀ ਅਤੇ ਲੱਸੀ ਸੈਕਸ਼ਨ 'ਤੇ ਭਾਰੀ ਭੀੜ ਦੇਖੀ ਗਈ | ਦਰਸ਼ਕਾਂ ਨੇ ਵੇਰਕਾ ਦਹੀ ਦੀ ਮਲਾਈਦਾਰ ਬਣਤਰ ਅਤੇ ਲੱਸੀ ਦੇ ਤਾਜ਼ਗੀ ਭਰੇ ਸੁਆਦ ਦੀ ਪ੍ਰਸੰਸਾ ਕੀਤੀ | ਵੇਰਕਾ ਦਿੱਲੀ ਦਫ਼ਤਰ ਦੇ ਇੰਚਾਰਜ ਨੇ ਦੱਸਿਆ ਕਿ ਆਈ.ਆਈ.ਟੀ.ਐਫ. ਦੇ ਵੱਡੇ ਪਲੇਟਫਾਰਮ 'ਤੇ ਵੇਰਕਾ ਆਪਣੇ ਪ੍ਰਮੁੱਖ ਉਤਪਾਦਾਂ ਦੀ ਸ਼ੁੱਧਤਾ, ਸੁਆਦ ਅਤੇ ਗੁਣਵੱਤਾ ਨੂੰ ਸਿੱਧੇ ਖਪਤਕਾਰਾਂ ਤੱਕ ਪਹੁੰਚਾ ਰਿਹਾ ਹੈ | ਵੇਰਕਾ ਘਿਉ, ਖੀਰ, ਦਹੀ ਅਤੇ ਲੱਸੀ ਸਾਡੇ ਪ੍ਰਮੁੱਖ ਉਤਪਾਦ ਹਨ, ਜਿਨ੍ਹਾਂ ਨੂੰ ਪੂਰੇ ਉੱਤਰੀ ਭਾਰਤ ਵਿਚ ਬਹੁਤ ਜ਼ਿਆਦਾ ਵਿਸ਼ਵਾਸ ਪ੍ਰਾਪਤ ਹੈ | ਮੇਲੇ ਵਿਚ ਮਿਲ ਰਹੀ ਪ੍ਰਤੀਕਿਰਿਆ ਸਾਡੇ ਉਤਪਾਦਨ ਅਤੇ ਸੇਵਾ ਗੁਣਵੱਤਾ ਪ੍ਰਤੀ ਖਪਤਕਾਰਾਂ ਦੇ ਭਰੋਸੇ ਨੂੰ ਹੋਰ ਮਜ਼ਬੂਤ ਕਰਦੀ ਹੈ |