ਗੁਰਾਇਆ, 15 ਜੂਨ (ਬਲਵਿੰਦਰ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗਠਿਤ ਕੀਤੀ 5 ਮੈਂਬਰੀ ਕਮੇਟੀ ਵਲੋਂ ਜੋ ਅਕਾਲੀ ਦਲ ਦੀ ਭਰਤੀ ਮੁਹਿੰਮ ਪੰਜਾਬ ਭਰ 'ਚ ਚਲਾਈ ਜਾ ਰਹੀ ਹੈ, ਉਸ ਦੀ ਭਰਤੀ ਪ੍ਰਕਿਰਿਆ ਸੰਪੂਰਨ ਹੋਣ ਤੋਂ ਬਾਅਦ ਪੰਥ ਪ੍ਰਵਾਨਿਤ ਅਕਾਲੀ ਲੀਡਰਸ਼ਿਪ ਦਾ ਉਭਾਰ ਹੋਵੇਗਾ, ਜੋ ਪੰਜਾਬ ਦੀ ਰਾਜਨੀਤੀ ਅਤੇ ਤਰੱਕੀ ਨੂੰ ਨਵੀਂ ਦਿਸ਼ਾ ਦੇਵੇਗੀ | ਇਹ ਪ੍ਰਗਟਾਵਾ ਸ. ਗੁਰਪ੍ਰਤਾਪ ਸਿੰਘ ਵਡਾਲਾ ਮੈਂਬਰ 5 ਮੈਂਬਰੀ ਭਰਤੀ ਕਮੇਟੀ ਵਲੋਂ ਪਿੰਡ ਬੁੰਡਾਲਾ ਮੰਜਕੀ ਵਿਖੇ ਕੀਤਾ ਗਿਆ, ਜਿਥੇ ਉਹ ਅਕਾਲੀ ਆਗੂ ਸ. ਰਵਿੰਦਰ ਸਿੰਘ ਦੇ ਗ੍ਰਹਿ ਵਿਖੇ ਉਨ੍ਹਾਂ ਦੀ ਸਪੁੱਤਰੀ ਬੀਬੀ ਤਲਵੀਰ ਕੌਰ ਹੈਰੀ ਦੇ ਅਚਾਨਕ ਸਦੀਵੀਂ ਵਿਛੋੜਾ ਦੇ ਜਾਣ ਕਾਰਨ ਅਫ਼ਸੋਸ ਕਰਨ ਪੁੱਜੇ ਸਨ | ਇਸ ਮੌਕੇ ਸ. ਸੁਰਤੇਜ ਸਿੰਘ ਬਾਸੀ ਵੀ ਸਨ | ਇਸ ਮੌਕੇ ਸ. ਵਡਾਲਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਪੰਜਾਬ ਭਰ 'ਚ ਅਕਾਲੀ ਦਲ ਦੀ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿਚ ਸੰਗਤਾਂ ਵਲੋਂ ਬੜਾ ਉਤਸ਼ਾਹ ਦਿਖਾਇਆ ਜਾ ਰਿਹਾ ਹੈ | ਇਸ ਮੌਕੇ ਜਰਨੈਲ ਸਿੰਘ ਮੱਖਣ, ਰਵਿੰਦਰ ਸਿੰਘ ਪ੍ਰਧਾਨ, ਹਰਭਜਨ ਸਿੰਘ, ਗੁਰਜੀਤ ਸਿੰਘ, ਦਰਬਾਰਾ ਸਿੰਘ, ਨਰਾਇਣ ਸਿੰਘ, ਜਸਵੀਰ ਸਿੰਘ ਬਿੱਲਾ, ਮੱਖਣ ਸਿੰਘ, ਜਗਜੀਤ ਸਿੰਘ, ਹਰਵਿੰਦਰ ਸਿੰਘ, ਭੁਪਿੰਦਰ ਸਿੰਘ ਗੋਗੀ, ਜਗਰੂਪ ਸਿੰਘ ਤੇ ਹੋਰ ਹਾਜ਼ਰ ਸਨ |