ਮਕਸੂਦਾਂ, 17 ਜੂਨ (ਸੌਰਵ ਮਹਿਤਾ)- ਬੀਤੀ ਦੇਰ ਰਾਤ ਰਾਮ ਨਗਰ ਫਾਟਕ ਨੇੜੇ ਫੈਕਟਰੀ 'ਚ ਭਿਆਨਕ ਅੱਗ ਲੱਗਣ ਕਰਕੇ ਇਲਾਕਾ ਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਿਨ੍ਹਾਂ ਵਲੋਂ ਤੁਰੰਤ ਫਾਇਰ ਬਿ੍ਗੇਡ ਨੂੰ ਸੂਚਨਾ ਦਿੱਤੀ ਗਈ ਤਾਂ ਮੌਕੇ 'ਤੇ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬਿ੍ਗੇਡ ਦੀਆਂ ਗੱਡੀਆਂ ਪਹੁੰਚੀਆਂ | ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ 3 ਵਜੇ ਦੇ ਕਰੀਬ ਰਾਮਨਗਰ ਫਾਟਕ ਨੇੜੇ ਕਿ੍ਕਟ ਬੈਟ ਦੇ ਹੈਂਡਲ ਬਣਾਉਣ ਵਾਲੀ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਨਾਲ ਫੈਕਟਰੀ 'ਚ ਬਹੁਤ ਜਿਆਦਾ ਨੁਕਸਾਨ ਹੋਇਆ | ਮੌਕੇ 'ਤੇ ਪਹੁੰਚੀਆਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ ਤਿੰਨ ਘੰਟਿਆਂ ਵਿੱਚ ਅੱਗ 'ਤੇ ਕਾਬੂ ਪਾਇਆ | ਜਦੋਂ ਤੱਕ ਫਾਇਰ ਬਿ੍ਗੇਡ ਨੇ ਅੱਗ 'ਤੇ ਕਾਬੂ ਪਾਇਆ ਉਦੋਂ ਤੱਕ ਫੈਕਟਰੀ ਅੰਦਰ ਬਹੁਤ ਸਾਰਾ ਸਮਾਨ ਸੜ ਚੁੱਕਾ ਸੀ | ਅੱਗ ਲੱਗਣ ਦੀ ਸੂਚਨਾ ਮਿਲਦੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਪਹੁੰਚੀ ਜਿਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ | ਫਿਲਹਾਲ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ |