ਜੰਡਿਆਲਾ ਮੰਜਕੀ, 17 ਜੂਨ (ਸੁਰਜੀਤ ਸਿੰਘ ਜੰਡਿਆਲਾ)-ਜੰਡਿਆਲਾ ਵਾਸੀਆਂ ਵਲੋਂ ਬਿਜਲੀ ਦੀ ਨਾਕਸ ਸਪਲਾਈ ਖ਼ਿਲਾਫ਼ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਸਮਰਾਏ ਸਬ ਡਿਵੀਜ਼ਨ ਅੱਗੇ ਪ੍ਰਦਰਸ਼ਨ ਕੀਤਾ | ਦਿੱਤੀ ਗਈ ਸ਼ਿਕਾਇਤ 'ਚ ਕਸਬਾ ਵਾਸੀਆਂ ਨੇ ਕਿਹਾ ਕਿ ਪੱਤੀ ਧੁੰਨੀ ਕੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਨੇੜੇ ਟਰਾਂਸਫਾਰਮਰ ਦੇ ਪਿਛਲੇ 15 ਦਿਨਾਂ ਤੋਂ ਰਾਤ ਨੂੰ ਵਾਰ ਵਾਰ ਫਿਊਜ ਉੱਡ ਜਾਂਦੇ ਹਨ | ਲੋਕਾਂ ਨੇ ਕਿਹਾ ਕਿ ਬਿਜਲੀ ਕਰਮਚਾਰੀਆਂ/ਅਧਿਕਾਰੀਆਂ ਨੂੰ ਸੁਨੇਹੇ ਦੇਣ ਦੇ ਬਾਵਜੂਦ ਵੀ ਸਾਡੀਆਂ ਸਮੱਸਿਆਵਾਂ ਹੱਲ ਨਹੀਂ ਹੋ ਰਹੀਆਂ | ਲੋਕਾਂ ਨੇ ਮੰਗ ਕਰਦਿਆਂ ਕਿਹਾ ਕਿ ਸਾਡਾ ਟਰਾਂਸਫਾਰਮਰ ਲੋਡ ਦੇਖ ਕੇ ਵੱਡਾ ਕੀਤਾ ਜਾਵੇ ਤੇ ਤਾਰਾਂ ਵਗੈਰਾ ਚੈੱਕ ਕਰਕੇ ਆਉਂਦੀਆਂ ਸਮੱਸਿਆਵਾਂ ਦਾ ਪੱਕੇ ਤੌਰ 'ਤੇ ਹੱਲ ਕੀਤਾ ਜਾਵੇ | ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜੇਕਰ ਬਿਜਲੀ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਦੂਰ ਨਾ ਕੀਤਾ ਗਿਆ ਤਾਂ ਆਉਂਦੇ ਦਿਨਾਂ ਵਿਚ ਦਫਤਰ ਐਕਸੀਅਨ ਨਕੋਦਰ ਦੀ ਘੇਰਾਬੰਦੀ ਕਰਕੇ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ | ਪ੍ਰਦਰਸ਼ਨ ਮੌਕੇ ਵੱਖ-ਵੱਖ ਪਤਵੰਤੇ, ਦੁਕਾਨਦਾਰ ਤੇ ਹੋਰ ਹਾਜ਼ਰ ਸਨ |