ਸ਼ਾਹਕੋਟ, 18 ਜੂਨ (ਸੁਖਦੀਪ ਸਿੰਘ)-ਸ਼ਾਹਕੋਟ ਦੇ ਵਾਰਡ ਨੰਬਰ-2 ਮੁਹੱਲਾ ਧੂੜਕੋਟ, ਦੁਸਹਿਰਾ ਗਰਾਉਂਡ ਦੇ ਸਾਹਮਣੇ ਚੰਦੀਆਂ ਵਾਲੀ ਗਲੀ ਦੇ ਨਿਵਾਸੀਆਂ ਨੇ ਦੱਸਿਆ ਕਿ ਉਹ ਪਿਛਲੇ ਕਰੀਬ 5 ਮਹੀਨਿਆਂ ਤੋਂ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ | ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਵਲੋਂ ਮੁਹੱਈਆ ਕਰਵਾਏ ਜਾਂਦੇ ਪਾਣੀ ਦੇ ਪਾਈਪ ਗੰਦੇ ਪਾਣੀ ਦੀਆਂ ਨਿਕਾਸੀ ਨਾਲੀਆਂ 'ਚ ਹੋਣ ਕਾਰਨ ਅਕਸਰ ਹੀ ਨਾਲੀਆਂ ਦਾ ਗੰਦਾ ਪਾਣੀ ਸਾਫ਼ ਪਾਣੀ 'ਚ ਮਿਲ ਜਾਂਦਾ ਹੈ, ਜਿਸ ਕਾਰਨ ਪਾਣੀ 'ਚ ਗੰਦਗੀ ਤੇ ਬਦਬੂ ਆਉਂਦੀ ਹੈ | ਇਸ ਸੰਬੰਧੀ ਜਦੋਂ ਵੀ ਨਗਰ ਪੰਚਾਇਤ ਦੇ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਜਾਂਦਾ ਹੈ ਤਾਂ ਉਹ ਸਰਵੇ ਕਰਕੇ ਚਲੇ ਜਾਂਦੇ ਹਨ, ਪਰ ਪਾਈਪਾਂ ਦੀ ਮੁਰੰਮਤ ਨਹੀਂ ਕਰਵਾਈ ਜਾ ਰਹੀ | ਇਸ ਪਾਣੀ ਨੂੰ ਪੀਣਾ ਤਾਂ ਦੂਰ ਦੀ ਗੱਲ ਹੈ, ਕੱਪੜੇ ਤੇ ਬਰਤਨ ਧੋਣੇ ਵੀ ਮੁਸ਼ਕਲ ਹੋ ਗਏ ਹਨ | ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਵਲੋਂ ਮੁਹੱਈਆ ਕਰਵਾਏ ਜਾ ਰਹੇ ਪਾਣੀ ਵਾਲੇ ਪਾਈਪ ਕਾਫ਼ੀ ਜਗ੍ਹਾ ਤੋਂ ਖ਼ਰਾਬ ਹੋ ਚੁੱਕੇ ਹਨ ਤੇ ਬਹੁਤ ਸਾਰੇ ਪਾਈਪਾਂ ਦੇ ਕੁਨੈਕਸ਼ਨ ਕੱਟੇ ਹੋਣ ਦੇ ਬਾਵਜੂਦ ਪਾਈਪਾਂ ਦੇ ਮੂੰਹ ਖੁੱਲ੍ਹੇ ਪਏ ਹਨ | ਬਰਸਾਤਾਂ ਦੇ ਦਿਨਾਂ 'ਚ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ, ਜਿਸ ਕਾਰਨ ਲੋਕ ਗੰਦਾ ਪਾਣੀ ਪੀਣ ਲਈ ਮਜ਼ਬੂਰ ਹੋ ਰਹੇ ਹਨ | ਜਿਸ ਕਾਰਨ ਹੈਜਾ, ਮਲੇਰੀਆ, ਚਿਕਨਗੁਣੀਆ, ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਜੇਕਰ ਸਮੱਸਿਆ ਦਾ ਜਲਦ ਹੱਲ ਨਾ ਕੱਢਿਆ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ |