ਲੋਹੀਆਂ ਖਾਸ, 20 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸਾਡੀ ਲੋਹੀਆਂ ਪੁਲਿਸ ਦਾ ਕਾਰਾ ਦੇਖੋ ਕਿ 6 ਅਪ੍ਰੈਲ ਨੂੰ ਪਿੰਡ ਸਾਬੂ ਵਾਲ ਵਿਖੇ ਸਾਡੇ ਘਰ 'ਚ ਹੋਈ ਚੋਰੀ ਸਬੰਧੀ ਪੁਲਿਸ ਨੂੰ ਸੂਚਿਤ ਕਰਨ ਅਤੇ ਕਥਿਤ ਚੋਰ ਨੂੰ ਉਸਦੇ ਘਰ ਤੋਂ ਫੜਾਉਣ ਤੋਂ ਬਾਅਦ ਪੁਲਿਸ ਨੇ ਕਥਿਤ ਚੋਰ ਨੂੰ ਛੱਡ ਦਿੱਤਾ, ਇਸ ਦੀ ਸੁਣਵਾਈ ਲਈ ਉੱਚ ਅਧਿਕਾਰੀਆਂ ਨਾਲ ਰਾਬਤੇ ਤੋਂ ਬਾਅਦ ਲੋਹੀਆਂ ਪੁਲਿਸ ਨੇ ਸਮੇਤ ਨਾਮ ਸੁਰਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਕਰ੍ਹਾ ਰਾਮ ਸਿੰਘ ਦੇ ਖਿਲਾਫ਼ ਮਾਮਲਾ ਤਾਂ ਦਰਜ ਕਰਕੇ ਪੱਲਾ ਝਾੜਿਆ ਜਾ ਰਿਹਾ ਹੈ, ਪਰ ਹੁਣ 5 ਮਹੀਨੇ ਬੀਤਣ 'ਤੇ ਵੀ ਕਥਿਤ ਦੋਸ਼ੀ ਪੁਲਿਸ ਨੂੰ ਲੱਭ ਨਹੀਂ ਰਿਹਾ, ਇਹ ਗੰਭੀਰ ਦੋਸ਼ ਲੋਹੀਆਂ 'ਚ ਗਿਆਨੀ ਸਵੀਟ ਸ਼ਾਪ ਵਿਖੇ ਕੀਤੀ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਤਰਸੇਮ ਸਿੰਘ ਪੁੱਤਰ ਨਰੰਜਣ ਸਿੰਘ ਵਾਸੀ ਸਾਬੂਵਾਲ ਥਾਣਾ ਲੋਹੀਆਂ ਵੱਲੋਂ ਲਾਉਂਦਿਆਂ ਕਿਹਾ ਗਿਆ ਕਿ ਹੁਣ ਤਾਂ ਉਸਦੀ ਜਾਨ ਨੂੰ ਵੀ ਖਤਰਾ ਹੈ, ਜਿਸ ਲਈ ਉਕਤ ਦੋਸ਼ੀ ਅਤੇ ਪੁਲਿਸ ਵਾਲੇ ਜਿੰਮੇਵਾਰ ਹੋਣਗੇ | ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਚੋਰੀ ਸਬੰਧੀ ਸ਼ਿਕਾਇਤਾਂ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ, ਜਿਲ੍ਹਾ ਜਲੰਧਰ ਦੇ ਐੱਸ.ਐੱਸ.ਪੀ. ਅਤੇ ਡੀ.ਐੱਸ.ਪੀ. ਸ਼ਾਹਕੋਟ ਤੱਕ ਵੀ ਕੀਤੀਆਂ ਹਨ ਪਰ ਕਿਧਰੇ ਵੀ ਸੁਣਵਾਈ ਨਹੀਂ ਹੋਈ | ਉਨ੍ਹਾਂ ਮੁੜ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੇ ਘਰ ਹੋਈ ਚੋਰੀ ਦੇ ਸਾਰੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਸਾਨੂੰ ਨਿਆਂ ਦੁਆਇਆ ਜਾਵੇ | ਇਸ ਸਬੰਧੀ ਥਾਣਾ ਲੋਹੀਆਂ ਦੇ ਮੁੱਖੀ ਗੁਰਸ਼ਰਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਹੀਆਂ ਪੁਲਿਸ ਨੇ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰਕੇ ਛਾਪੇਮਾਰੀ ਜਾਰੀ ਰੱਖੀ ਹੋਈ ਹੈ ਪਰ ਉਹ ਦੋਸ਼ੀ ਘਰ ਨਹੀਂ ਮਿਲ ਰਿਹਾ |