ਲੋਹੀਆਂ ਖਾਸ, 20 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੰਜਾਬ ਮਿਊਾਸਪਲ ਐਕਸ਼ਨ ਕਮੇਟੀ ਦੀ ਲੁਧਿਆਣਾ ਵਿੱਚ ਹੋਈ ਸੂਬਾ ਪੱਧਰੀ ਮੀਟਿੰਗ ਤੋਂ ਬਾਅਦ ਅਣਮਿਥੇ ਸਮੇਂ ਲਈ ਪੰਜਾਬ ਦੀਆਂ ਸਮੂਹ ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੇ ਸਮੂਹ ਸਫਾਈ ਸੇਵਕਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਅੱਜ ਚੌਥਾ ਦਿਨ ਸੀ | ਇਸ ਸਬੰਧੀ ਨਗਰ ਪੰਚਾਇਤ ਲੋਹੀਆਂ ਖਾਸ ਦੇ ਸਮੂਹ ਮੁਲਾਜ਼ਮਾਂ ਨੇ ਹੜਤਾਲ ਕਰਕੇ ਅੱਜ ਵੀ ਸਾਰਾ ਕੰਮ ਕਾਜ ਠੱਪ ਰੱਖਿਆ | ਸਫਾਈ ਸੇਵਕਾਂ ਦੀ ਇਸ ਹੜਤਾਲ ਨੂੰ ਕਲੈਰੀਕਲ ਸਟਾਫ਼ ਵੱਲੋਂ ਵੀ ਹਮਾਇਤ ਦਿੱਤੀ ਹੋਈ ਹੋਣ ਕਾਰਨ ਜਿਥੇ ਦਫ਼ਤਰ ਆ ਰਹੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਸ਼ਹਿਰ ਅੰਦਰ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ | ਇਸ ਸਬੰਧੀ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸਫਾਈ ਯੂਨੀਅਨ ਦੇ ਪ੍ਰਧਾਨ ਸੰਦੀਪ ਸਿੰਘ ਨਾਗਪਾਲ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ 'ਦਿੱਲੀ ਦੀ ਨਿੱਜੀ ਕੰਪਨੀ ਦੇ ਠੇਕੇਦਾਰਾਂ' ਨੂੰ ਸਫਾਈ ਸਬੰਧੀ ਦਿੱਤਾ ਠੇਕਾ ਵਾਪਸ ਨਾ ਲਿਆ ਤਾਂ ਉਨ੍ਹਾਂ ਦੀਆਂ ਜਥੇਬੰਦੀਆਂ ਸੜਕਾਂ 'ਤੇ ਉਤਰ ਆਉਣਗੀਆਂ ਅਤੇ ਮੰਤਰੀਆਂ ਦੇ ਘਰਾਂ ਤੱਕ ਧਰਨੇ ਲਗਾ ਕੇ ਸੰਘਰਸ਼ ਤੇਜ ਕਰਨਗੀਆਂ | ਇਸ ਹੜਤਾਲ ਵਿੱਚ ਨਗਰ ਪੰਚਾਇਤ ਲੋਹੀਆਂ ਖਾਸ ਦੇ ਕਲੈਰੀਕਲ ਸਟਾਫ ਦੇ ਪ੍ਰਧਾਨ ਹਰਦਿਆਲ ਸਿੰਘ, ਪਰਮਿੰਦਰ ਪਾਲ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਸੁਖਜੀਤ ਸਿੰਘ, ਸੁਖਵਿੰਦਰ ਸਿੰਘ, ਕੁਲਵੰਤ ਸਿੰਘ ਖਾਲਸਾ, ਗੁਰਚਰਨ ਸਿੰਘ (ਰਿਟਾਇਡ) ਤੋ ਇਲਾਵਾ ਸਫਾਈ ਯੂਨੀਅਨ ਦੇ ਪ੍ਰਧਾਨ ਸੰਦੀਪ ਸਿੰਘ ਨਾਗਪਾਲ, ਸ਼ੁਭਮ ਕੁਮਾਰ ਵਾਈਸ ਪ੍ਰਧਾਨ, ਨਰਿੰਦਰਜੀਤ ਸਿੰਘ, ਰਾਜ ਕੁਮਾਰ, ਵਿਨੋਦ ਕੁਮਾਰ, ਰਕੇਸ਼ ਕੁਮਾਰ, ਜਤਿੰਦਰ ਕੁਮਾਰ ਸਮੇਤ ਹੋਰ ਮੁਲਜ਼ਮ ਹਾਜ਼ਰ ਸਨ |