15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਿੱਖਿਆ ਵਿਭਾਗ ਅਤੇ ਪ੍ਰਸ਼ਾਸਨ ਵਿਚ ਕੋਈ ਤਾਲਮੇਲ ਨਹੀਂ, ਜਾਣਬੁਝ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਰ ਰਿਹਾ ਪ੍ਰੇਸ਼ਾਨ-ਡੀ.ਟੀ.ਐੱਫ.

ਅਜੀਤ ਡੈਸਕ 21-09-2025
ਗੁਰਾਇਆ, 20 ਸਤੰਬਰ (ਚਰਨਜੀਤ ਸਿੰਘ ਦੁਸਾਂਝ)-ਸਕੂਲਾਂ ਅੰਦਰ ਇੱਕੋ ਸਮੇਂ ਸਕੂਲੀ ਖੇਡਾਂ ਅਤੇ ਸਤੰਬਰ ਟੈਸਟ ਹੋਣ ਕਾਰਨ ਬੱਚੇ, ਅਧਿਆਪਕ ਅਤੇ ਮਾਪੇ ਡਾਢੇ੍ਹ ਪ੍ਰੇਸ਼ਾਨ ਹਨ | ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਂਕੜੇ ਅਧਿਆਪਕਾਂ ਨੂੰ ਬੀ.ਐੱਲ.ਓ. ਦੀਆਂ ਡਿਊਟੀਆਂ ਦੇ ਕੇ ਤੁਰੰਤ ਐੱਸ ਆਰ ਆਈ ਵੋਟਰ ਵੈਰੀਫਿਕੇਸ਼ਨ ਕਰਨ ਦੇ ਹੁਕਮ ਚਾੜ੍ਹੇ ਹੋਏ ਹਨ | ਜਿਸ ਕਾਰਨ ਸਕੂਲਾਂ 'ਚ ਵਿੱਦਿਅਕ ਅਸੰਤੁਲਨ ਪੈਦਾ ਹੋਣ ਕਾਰਨ ਬੱਚੇ ਅਤੇ ਅਧਿਆਪਕ ਇੱਕੋ ਸਮੇਂ ਵੱਖ-ਵੱਖ ਕੰਮਾਂ ਅਤੇ ਗਤੀਵਿਧੀਆਂ ਦੇ ਬੋਝ ਕਾਰਨ ਮਾਨਸਿਕ ਤਣਾਅ ਅਤੇ ਪ੍ਰੇਸ਼ਾਨੀ 'ਚੋਂ ਗੁਜ਼ਰ ਰਹੇ ਹਨ | ਡੈਮੋਕਰੇਟਿਕ ਟੀਚਰਸ ਫਰੰਟ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੁਖਵਿੰਦਰਪ੍ਰੀਤ ਸਿੰਘ, ਸਕੱਤਰ ਅਵਤਾਰ ਲਾਲ, ਸੀਨੀਅਰ ਮੀਤ ਪ੍ਰਧਾਨ ਵਿਸ਼ਵ ਭਾਨੂੰ ਸ਼ਰਮਾ ਅਤੇ ਮੀਤ ਪ੍ਰਧਾਨ ਨਵਜੋਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਸੈਂਟਰ ਪੱਧਰੀ ਖੇਡਾਂ ਚੱਲ ਰਹੀਆਂ ਹਨ, ਸੈਕੰਡਰੀ ਸਕੂਲਾਂ ਵਿੱਚ ਜ਼ਿਲ੍ਹਾ ਪੱਧਰੀ ਮੁਕਾਬਲੇ ਚੱਲ ਰਹੇ ਹਨ | ਦੂਜੇ ਪਾਸੇ ਵਿਭਾਗ ਵੱਲੋਂ ਨਾਲ ਹੀ ਸਤੰਬਰ ਟੈਸਟ ਸ਼ੁਰੂ ਕਰ ਦਿੱਤੇ ਹਨ | ਜਿਸ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਭੰਬਲਭੂਸਾ ਪੈਦਾ ਕਰ ਦਿੱਤਾ ਹੈ | ਵਿਦਿਆਰਥੀ ਪ੍ਰੇਸ਼ਾਨ ਹਨ ਕਿ ਉਹ ਖੇਡਾਂ ਦੀ ਤਿਆਰੀ ਕਰਨ ਜਾਂ ਪੇਪਰਾਂ ਦੀ | ਹੋਰ ਤਾਂ ਹੋਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਂਕੜੇ ਦੇ ਅਧਿਆਪਕਾਂ ਨੂੰ ਨਾਲ ਹੀ ਬੀ ਐਲ ਓ ਦੀਆਂ ਡਿਊਟੀਆਂ ਦੇ ਕੇ ਤੁਰੰਤ ਕੰਮ ਕਰਨ ਦੇ ਹੁਕਮ ਦਿੱਤੇ ਗਏ ਹਨ | ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਕਿਸੇ ਵੀ ਤਾਲਮੇਲ ਵਿੱਚ ਨਹੀਂ ਚੱਲ ਰਹੇ | ਜਿਸ ਦਾ ਖਮਿਆਜ਼ਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ | ਇਸ ਸਮੇਂ ਵਿੱਤ ਸਕੱਤਰ ਅੰਮਿ੍ਤਪਾਲ ਸਿੰਘ, ਗੌਰਵ ਕੁਮਾਰ, ਅਮਨਦੀਪ ਸਿੰਘ ਅਤੇ ਨਰਿੰਦਰ ਪਾਲ ਨੇ ਕਿਹਾ ਕਿ ਪਹਿਲਾਂ ਬਾਰਿਸ਼ ਅਤੇ ਹੜ੍ਹਾਂ ਕਾਰਨ ਸਕੂਲਾਂ 'ਚ ਛੁੱਟੀਆਂ ਹੋਣ ਕਾਰਨ ਪੜ੍ਹਾਈ ਦਾ ਕੰਮ ਕਾਫੀ ਪੱਛੜ ਗਿਆ ਸੀ, ਜਿਸ ਲਈ ਵਿਦਿਅਰਥੀਆਂ ਦੀ ਪੜ੍ਹਾਈ ਲੀਹ 'ਤੇ ਲਿਆਉਣ ਲਈ ਲਗਾਤਾਰ ਪੜ੍ਹਨ ਦਾ ਮਹੌਲ ਬਣਾਉਣ ਦੀ ਲੋੜ ਸੀ | ਪਰ ਸਿੱਖਿਆ ਵਿਭਾਗ ਦੀ ਇਸ ਪ੍ਰਤੀ ਕੋਈ ਫ਼ਿਕਰਮੰਦੀ ਨਜ਼ਰ ਨਹੀਂ ਆਉਂਦੀ | ਜੇਕਰ ਵਿਭਾਗ ਬੱਚਿਆਂ ਪ੍ਰਤੀ ਸੰਜੀਦਾ ਹੁੰਦਾ ਤਾਂ ਉਹ ਖੇਡਾਂ ਦੇ ਸਮੇਂ ਦੌਰਾਨ ਪੇਪਰਾਂ ਅਤੇ ਬੀ ਐਲ ਓ ਜਿਹੀਆਂ ਡਿਊਟੀਆਂ ਦਾ ਸਮਾਂ ਅੱਗੇ ਪਿੱਛੇ ਕਰ ਸਕਦਾ ਸੀ | ਉਹਨਾਂ ਸਰਕਾਰ ਅਤੇ ਵਿਭਾਗ ਤੋਂ ਮੰਗ ਕੀਤੀ ਕਿ ਜਦੋਂ ਸਕੂਲਾਂ ਅੰਦਰ ਪੂਰਾ ਸਾਲ ਖੇਡਾਂ ਦੀ ਤਿਆਰੀ ਕਰ ਰਹੇ ਪ੍ਰਾਇਮਰੀ ਤੋਂ ਲੈ ਕੇ ਸੈਕੰਡਰੀ ਤੱਕ ਸਮੁੱਚੇ ਵਿਦਿਆਰਥੀ ਅਤੇ ਅਧਿਆਪਕ ਖੇਡਾਂ ਵਿੱਚ ਰੁਝੇ ਹੋਏ ਹਨ ਤਾਂ ਵਿਭਾਗ ਵੱਲ਼ੋਂ ਬਿਨਾਂ ਕਿਸੇ ਤਾਲਮੇਲ ਦੇ ਸਤੰਬਰ ਪੇਪਰਾਂ ਦਾ ਸਮਾਂ ਖੇਡਾਂ ਤੋਂ ਬਾਅਦ ਕੀਤਾ ਜਾਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਂਕੜੇ ਬੀ ਐਲ ਓ ਅਧਿਆਪਕਾਂ ਨੂੰ ਐੱਸ ਆਰ ਆਈ ਵੋਟਰਾਂ ਦੀ ਵੈਰੀਫਿਕੇਸ਼ਨ ਸਬੰਧੀ ਦਿੱਤੇ ਹੁਕਮ ਵੀ ਵਾਪਸ ਲਏ ਜਾਣ ਅਤੇ ਇਸ ਕੰਮ ਦਾ ਸਮਾਂ ਪੇਪਰਾਂ ਅਤੇ ਖੇਡਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇ | ਇੱਕ ਖਿਡਾਰੀ ਦੇ ਮਾਪੇ ਸੀਮਾ ਰਾਣੀ ਨੇ ਦੱਸਿਆ ਕਿ ਉਸ ਦੇ ਬੱਚੇ ਨੇ ਜ਼ਿਲਾ ਪੱਧਰ 'ਚ ਪਹਿਲਾ ਸਥਾਨ ਹਾਸਲ ਕੀਤਾ ਪਰ ਸਕੂਲ 'ਚ ਸਤੰਬਰ ਟੈੱਸਟ ਸ਼ੁਰੂ ਹੋਣ ਕਾਰਨ ਉਹ ਸਟੇਟ ਦੀ ਤਿਆਰੀ ਕਿਵੇਂ ਕਰੇ | ਇਸ ਮੌਕੇ ਆਗੂਆਂ ਅਤੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਵਲੋਂ ਸਮੇਂ ਸਿਰ ਖੇਡ ਕੈਲੰਡਰ ਜਾਰੀ ਨਾ ਕਰਨਾ, ਅਧਿਆਪਕਾਂ 'ਤੇ ਬੇਲੋੜਾ ਪਾਉਣਾ ਨਾ ਬੰਦ ਕੀਤਾ ਤਾਂ ਪੰਜਾਬ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਹੋਰ ਪਿਛੇ ਜਾਵੇਗਾ |
ਪਿਛਲੀ ਖ਼ਬਰ ਲੋਹੀਆਂ ਦੇ ਨਗਰ ਪੰਚਾਇਤ ਸਫਾਈ ਸੇਵਕਾਂ ਵਲੋਂ ਹੜਤਾਲ ਪੰਜਵੇਂ ਦਿਨ 'ਚ ਦਾਖ਼ਲ ਅਗਲੀ ਖ਼ਬਰ ਕੈਂਟਰ ਗੱਡੀ ਅੱਗ ਲੱਗਣ ਉਪਰੰਤ ਸੜ ਕੇ ਹੋਈ ਸੁਆਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।